ਇਲਾਕੇ ਦੇ ਘਰ ਆਏ ਕਿਸਾਨਾਂ ਮਜਦੂਰਾਂ ਨੂੰ ਪੁਲਿਸ ਡੰਡੇ ਨਾਲ ਡਰਾ ਕੇ ਜਨਤਾ ਦੀ ਆਵਾਜ਼ ਨਹੀਂ ਦਬਾਈ ਨਹੀਂ ਜਾ ਸਕਦੀ - ਸੱਜਣ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 16 ਸਤੰਬਰ 2021 -ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਅਰਜੁਨਾ ਐਵਾਰਡੀ ਰਿਟਾ. ਐਸ.ਐਸ.ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਕਿਸਾਨ ਮਜਦੂਰ ਆਪਣੇ ਹੱਕ ਲੈਣ ਲਈ ਜਾਗ ਪਏ ਹਨ ਤੇ ਹਲਕਾ ਵਿਧਾਇਕ ਦੇ ਵੱਲੋਂ ਕੀਤੀਆਂ ਧਾਂਦਲੀਆਂ ਦਾ ਪਰਦਾਫਾਸ਼ ਕਰਕੇ ਕਿਸਾਨਾਂ ਮਜਦੂਰਾਂ ਨੇ ਬਹੁਤ ਵੱਡਾ ਦਲੇਰੀ ਵਾਲਾ ਕਦਮ ਚੁੱਕਿਆ ਹੈ । ਉਨ੍ਹਾਂ ਕਿਹਾ ਕਿ 13 ਸਤੰਬਰ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਕੋਠੀ ਮੁਹਰੇ ਇਲਾਕੇ ਦੇ ਹਜਾਰਾਂ ਕਿਸਾਨਾਂ ਮਜਦੂਰਾਂ ਇੱਕਜੁਟ ਹੋ ਕੇ ਜਿੱਥੇ ਆਪਣੀਆਂ ਹੱਕੀ ਮੰਗਾਂ ਸਬੰਧੀ ਆਵਾਜ ਉਠਾਈ ਹੈ , ਉੱਥੇ ਹਲਕਾ ਸੁਲਤਾਨਪੁਰ ਲੋਧੀ 'ਚ ਹੜ੍ਹਾਂ ਨਾਲ ਫਸਲਾਂ ਦੇ ਹੋਏ ਖੁਰਾਬੇ ਦੇ ਮੁਆਵਜੇ ਨੂੰ ਵੰਡਣ ਸਮੇਂ ਸਫੇਦਪੋਸ਼ਾਂ ਦੀ ਮਿਲੀਭੁਗਤ ਨਾਲ ਹੋਏ ਘਪਲੇ ਨੂੰ ਉਜਾਗਰ ਕੀਤਾ ਹੈ , ਉੱਥੇ ਇਲਾਕੇ ਦੇ ਹਜਾਰਾਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਸਸਤੀ ਕਣਕ ਦੇ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਨਿੰਦਾ ਕਰਦੇ ਹੋਏ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ ।
ਸੱਜਣ ਸਿੰਘ ਨੇ ਦੋਸ਼ ਲਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮੌਕੇ ਵੱਖ ਵੱਖ ਕਾਰਜਾਂ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਆਏ ਅਰਬਾਂ ਰੁਪਏ ਦਾ ਘਪਲਾ ਹੋਇਆ ਹੈ , ਜੋ ਪੈਸਾ ਕਿੱਥੇ ਤੇ ਕਿਸਨੇ ਵਰਤਿਆ ਹੈ , ਸਾਰੇ ਇਲਾਕੇ ਨੂੰ ਜਾਣਕਾਰੀ ਹੈ । ਉਨ੍ਹਾਂ ਕਿਹਾ ਕਿ ਕਿਸਾਨ ਮਜਦੂਰ ਸਾਡੇ ਅੰਨਦਾਤਾ ਹਨ ਤੇ ਸਾਡੇ ਹੀ ਆਪਣੇ ਭੈਣ ਭਰਾ ਹਨ , ਤੇ ਹਲਕਾ ਵਿਧਾਇਕ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਗੱਲਬਾਤ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਆਵਾਜ ਬੁਲੰਦ ਕਰਨੀ ਚਾਹੀਦੀ ਹੈ ।
ਉਨ੍ਹਾਂ ਕੁਝ ਕਾਂਗਰਸੀ ਆਗੂਆਂ ਵੱਲੋਂ ਆਪਣੇ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਮਜਦੂਰਾਂ ਨੂੰ ਰਾਜਨੀਤਕ ਪਾਰਟੀ ਦੇ ਵਰਕਰ ਹੋਣ ਦੇ ਦੋਸ਼ ਲਾਉਣ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਆਪਣੇ ਪਿੰਡਾਂ 'ਚ ਬਹੁਤ ਸਾਰੇ ਕਿਸਾਨ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਰਹੇ ਹਨ ਪਰ ਕੀ ਅਸੀਂ ਉਨ੍ਹਾਂ ਦੀ ਗੱਲ ਨਹੀਂ ਸੁਣ ਸਕਦੇ ।
ਆਪ ਆਗੂ ਸੱਜਣ ਨੇ ਕਿਹਾ ਕਿ ਸ਼ਾਂਤਮਈ ਆਪਣਾ ਧਰਨਾ ਦੇਣ ਆਏ ਆਪਣੇ ਇਲਾਕੇ ਦੇ ਕਿਸਾਨਾਂ ਮਜਦੂਰਾਂ ਨੂੰ ਰੋਕਣ ਲਈ ਜਿਲ੍ਹੇ ਦੀ ਸਾਰੀ ਪੁਲਸ ਲਗਾ ਕੇ ਡਰਾ ਨਹੀਂ ਸਕਦੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਮਜਦੂਰਾਂ ਨੇ ਸਾਢੇ 4 ਸਾਲ ਪਹਿਲਾਂ ਆਪਣੀਆਂ ਵੋਟਾਂ ਨਾਲ ਜਿਤਾ ਕੇ ਹਲਕੇ ਦਾ ਵਿਧਾਇਕ ਚੁਣਿਆ , ਉਨ੍ਹਾਂ ਨੂੰ ਘਰ ਆਉਣ ਤੇ ਪੁਲਸ ਦੇ ਡੰਡੇ ਨਾਲ ਡਰਾ ਕੇ ਤੁਸੀਂ ਪਬਲਿਕ ਦੀ ਆਵਾਜ ਨਹੀਂ ਬੰਦ ਕਰ ਸਕਦੇ ।
ਸੱਜਣ ਸਿੰਘ ਨੇ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਲੋਕ ਸੂਬੇ 'ਚੋਂ ਕਾਂਗਰਸ ਦੀ ਸਰਕਾਰ ਦਾ ਬਿਸਤਰਾ ਗੋਲ ਕਰ ਦੇਣਗੇ ਤੇ ਆਮ ਆਦਮੀ ਪਾਰਟੀ ਦੀ ਸਾਫ ਸੁਥਰੀ ਛਵੀ ਵਾਲੀ ਸਰਕਾਰ ਬਣੇਗੀ । ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਪ ਦੀ ਸਰਕਾਰ ਬਣਾਓ ਤੇ ਸਾਰੇ ਘਪਲਿਆਂ ਦੀ ਨਿਰਪੱਖ ਜਾਂਚ ਕਰਵਾ ਕੇ ਭ੍ਰਿਸ਼ਟਾਚਾਰੀ ਨੂੰ ਨੱਥ ਪਾਈ ਜਾਵੇਗੀ ।