ਬੀਜੇਪੀ ਵਿੱਚ ਸ਼ਾਮਲ ਹੋਏ ਵਿਅਕਤੀ ਵਿਰੁੱਧ ਹੁਣ ਧਨੌਲਾ ਖ਼ੁਰਦ ਦੇ ਕਿਸਾਨ ਹੋਏ ਇਕਜੁੱਟ, ਕੀਤਾ ਰੋਸ ਮਾਰਚ
ਕਮਲਜੀਤ ਸਿੰਘ ਸੰਧੂ
ਬਰਨਾਲਾ 15 ਸਤੰਬਰ 2021 - ਬਰਨਾਲਾ ਜਿਲ੍ਹੇ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵਿਰੁੱਧ ਕਿਸਾਨਾਂ ਅਤੇ ਪਿੰਡਾਂ ਦੇ ਲੋਕਾਂ ਦਾ ਵਿਰੋਧ ਜਾਰੀ ਹੈ। ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸਮਾਗਮ ਦੌਰਾਨ ਬਰਨਾਲਾ ਦੇ ਧਨੌਲਾ ਖ਼ੁਰਦ ਦੇ ਹਰਿੰਦਰ ਦਾਸ ਨਾਮ ਦੇ ਵਿਅਕਤੀ ਨੇ ਬੀਜੇਪੀ ਵਿੱਚ ਸ਼ਮੂਲੀਅਤ ਕੀਤੀ ਸੀ। ਅੱਜ ਇਸਦੇ ਰੋਸ ਵਿੱਚ ਧਨੌਲਾ ਖ਼ੁਰਦ ਦੇ ਕਿਸਾਨਾਂ ਨੇ ਬੀਕੇਯੂ ਉਗਰਾਹਾਂ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਪਿੰਡ ਦੇ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਔਰਤਾਂ ਵੀ ਸ਼ਾਮਲ ਹੋਈਆਂ। ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਚੱਲਦੇ ਸੰਘਰਸ਼ ਦੌਰਾਨ ਬੀਜੇਪੀ ਦਾ ਸਾਥ ਦੇਣ ਵਾਲੇ ਲੋਕ ਕਿਸਾਨੀ ਦੇ ਗੱਦਾਰ ਹਨ, ਜਿਹਨਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ।
ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਉਗਰਾਹਾਂ ਦੇ ਆਗੂ ਬਲੌਰ ਸਿੰਘ ਭਗਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਧਨੌਲਾ ਖ਼ੁਰਦ ਦੇ ਹਰਿੰਦਰ ਦਾਸ ਵਲੋਂ ਬੀਜੇਪੀ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਇਹ ਵਿਅਕਤੀ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਵਿੱਚ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੌਰਾਨ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਇਹ ਲੋਕ ਪੰਜਾਬ ਦੇ ਗੱਦਾਰ ਹਨ। ਜਿਹੜੇ ਲੋਕ ਆਪਣੇ ਘਰਾਂ ਵਿੱਚ ਬੁਲਾ ਕੇ ਬੀਜੇਪੀ ਦੇ ਸਿਰੋਪੇ ਪਾਏ ਜਾ ਰਹੇ ਹਨ, ਉਹ ਲੋਕ ਵੀ ਪੰਜਾਬ ਦੀ ਕਿਸਾਨੀ ਦੇ ਗੱਦਾਰ ਹਨ। ਜਿਸ ਕਰਕੇ ਅੱਜ ਇਹਨਾਂ ਲੋਕਾਂ ਨੂੰ ਨੰਗਾ ਕਰਕੇ ਬਾਈਕਾਟ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਬੀਜੇਪੀ ਵਿੱਚ ਸ਼ਾਮਲ ਹੋ ਕੇ ਇਹ ਲੋਕ ਵਿਧਾਨ ਸਭਾ ਚੋਣ ਦੀ ਟਿਕਟ ਭਾਲ ਰਹੇ ਹਨ। ਪਰ ਇਹਨਾਂ ਨੇ ਵੋਟ ਪਿੰਡਾਂ ਵਿੱਚ ਹੀ ਆਉਣਾ ਹੈ। ਜਿਸ ਕਰਕੇ ਇਹਨਾਂ ਨੂੰ ਖ਼ੁਦ ਦੇ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੇਵਾਂਗੇ।