ਬਜ਼ੁਰਗ ਮਾਤਾ ਦੀ ਡਿੱਗੀ ਛੱਤ, ਐਨ ਆਰ ਆਈ ਨੇ ਭੇਜੀ ਮਦਦ
ਕੋਟਕਪੂਰਾ, 25 ਜੁਲਾਈ, 2021: ਗੁੱਡ ਮਾਰਨਿੰਗ ਵੈੱਲਫੇਅਰ ਕਲੱਬ ਦੇ ਆਡਿਟ ਅਫ਼ਸਰ ਗੁਰਦੀਪ ਸਿੰਘ ਮੈਨੇਜਰ ਨੂੰ ਬਾਰਸ਼ ਕਾਰਨ ਇਕ ਜ਼ਰੂਰਤਮੰਦ ਪਰਿਵਾਰ ਦੇ ਘਰ ਦੀ ਡਿੱਗੀ ਛੱਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਵਿਦੇਸ਼ ਵਿੱਚ ਰਹਿੰਦੇ ਰਿਸ਼ਤੇਦਾਰ ਕਰਤਾਰ ਸਿੰਘ ਬਰਹਾਇਆ ਨਾਲ ਸੰਪਰਕ ਕੀਤਾ। ਉਨ੍ਹਾਂ ਵੱਲੋਂ ਪੰਜ ਹਜ਼ਾਰ ਰੁਪਏ ਦੀ ਨਗਦ ਸਹਾਇਤਾ ਉਕਤ ਪਰਿਵਾਰ ਦੀ ਬਜ਼ੁਰਗ ਮਾਤਾ ਤੱਕ ਪਹੁੰਚਾਉਣ ਦੀ ਹਦਾਇਤ ਹੋਈ। ਗੁਰਦੀਪ ਸਿੰਘ ਨੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਸਰਾਂ, ਉਪ ਚੇਅਰਮੈਨ ਸੁਰਿੰਦਰ ਸਿੰਘ ਸਦਿਉੜਾ, ਜਨਰਲ ਸਕੱਤਰ ਸ਼ਾਮ ਲਾਲ ਚਾਵਲਾ, ਮੀਤ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਵਾਰਡ ਨੰਬਰ 13 ਦੇ ਕੌਂਸਲਰ ਬੀਬੀ ਪਰਮਜੀਤ ਕੌਰ ਭੁੱਲਰ ਦੇ ਪਤੀ ਗੁਰਮੁਖ ਸਿੰਘ ਭੁੱਲਰ ਦੀ ਹਾਜ਼ਰੀ ਵਿੱਚ ਉਕਤ ਰਕਮ ਬਜ਼ੁਰਗ ਮਾਤਾ ਨੂੰ ਸੌਂਪੀ। ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖ਼ਾਨਾ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਖ਼ਾਲਸਾ ਅਤੇ ਸੰਤ ਸਿੰਘ ਵੱਲੋਂ ਉਕਤ ਬਜ਼ੁਰਗ ਮਾਤਾ ਦੇ ਉਹ ਕਮਰੇ ਨਵੇਂ ਸਿਰੇ ਤੋਂ ਬਣਵਾ ਕੇ ਦਿੱਤੇ ਜਾ ਰਹੇ ਹਨ। ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਨੇ ਕਰਤਾਰ ਸਿੰਘ ਐਨ ਆਰ ਆਈ ਅਤੇ ਗੁਰਦੀਪ ਸਿੰਘ ਮੈਨੇਜਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ ਵਾਲੇ ਅਜਿਹੇ ਸੇਵਾ ਕਾਰਜ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ।