ਪਹਿਲਕਦਮੀ: ਪੰਜਾਬ ਨੂੰ ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਲਈ ਵਿਚਾਰਾਂ
- ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਆਯੂਸ਼ ਵਿਭਾਗ ਦੀ ਟੀਮ ਵੱਲੋਂ ਪੰਜਾਬ ਵਿੱਚ ਹਰਬਲ ਖੇਤੀ ਦੀਆਂ ਸੰਭਾਵਨਾਵਾਂ ਤਲਾਸ਼ਣ ਸਬੰਧੀ ਮੀਟਿੰਗ
- ਸੰਤ ਸੀਚੇਵਾਲ ਨੇ ਹਰਬਲ ਖੇਤੀ ਦੀ ਮਾਰਕਟਿੰਗ ਤੇ ਪ੍ਰੋਸੈਸਿੰਗ ਦੇ ਪੱਕੇ ਪ੍ਰਬੰਧ ਕਰਨ ‘ਤੇ ਦਿੱਤਾ ਜ਼ੋਰ
ਸੁਲਤਾਨਪੁਰ ਲੋਧੀ 24 ਜੁਲਾਈ 2021 - ਪੰਜਾਬ ਨੂੰ ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਲਈ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਾ ਦੇ ਉਤਰੀ ਖੇਤਰੀ ਸਹੂਲਤ ਕੇਂਦਰ ਦੇ ਰੀਜਨਲ ਡਾਇਰੈਕਟਰ ਡਾ. ਅਰੁਣ ਚੰਦਨ ਤੇ ਡਾ. ਸੌਰਵ ਸ਼ਰਮਾਂ ਨਾਲ ਨਿਰਮਲ ਕੁਟੀਆ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ ਮੀਟਿੰਗ ਹੋਈ। ਪੰਜਾਬ ਵਿੱਚ ਹਰਬਲ ਖੇਤੀ ਨੂੰ ਪ੍ਰਫੂਲਤ ਕਰਨ ਲਈ 35 ਤੋਂ ਵੱਧ ਕਿਸਮਾਂ ਜਿੰਨ੍ਹਾਂ ਦੀ ਪੰਜਾਬ ਦੇ ਕਿਸਾਨਾਂ ਲਈ ਚੋਣ ਕੀਤੀ ਗਈ ਹੈ ਉਸ ਸਬੰਧੀ ਡਾ. ਅਰੁਣ ਨੇ ਸੰਤ ਸੀਚੇਵਾਲ ਜੀ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਦਲਵੀ ਖੇਤੀ ਲਈ ਤਾਂ ਹੀ ਜਾਗਰੂਕ ਕੀਤਾ ਜਾ ਸਕਦਾ ਹੈ,ਜੇ ਪਹਿਲਾ ਹਰਬਲ ਖੇਤੀ ਦੀਆਂ ਫਸਲਾਂ ਦੀ ਮਾਰਕਟਿੰਗ ਤੇ ਪ੍ਰੋਸੈਸਿੰਗ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ ਨੂੰ ਭਰੋਸਾ ਹੋਵੇ ਕਿ ਸਾਡੀ ਹਰਬਲ ਖੇਤੀ ਝੋਨੇ ਦੇ ਫਸਲੀ ਚੱਕਰ ਨਾਲੋਂ ਵੱਧ ਮੁਨਾਫਾ ਦੇਣ ਦੇ ਕਾਬਲ ਹੈ। ਪਹਿਲਾ ਇੱਕ ਦੋ ਏਕੜ ਵਿੱਚ ਹਰਬਲ ਖੇਤੀ ਕਰਕੇ ਸਫਲ ਮਾਡਲ ਕਿਸਾਨਾਂ ਅੱਗੇ ਰੱਖਿਆ ਜਾਵੇ।
ਇਸ ਮੌਕੇ ਹਰਬਲ ਖੇਤੀ ਦੀ ਯੋਜਨਾ ‘ਤੇ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਹੀ ਸੰਤ ਸੀਚੇਵਾਲ ਦੀ ਟੀਮ ਦੇ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਜਾਣਕਾਰੀ ਦਿੱਤੀ ਕਿ ਸੰਤ ਸੀਚੇਵਾਲ ਜੀ ਹਰ ਸਮੱਸਿਆ ਦਾ ਸਥਾਈ ਹੱਲ ਦੇਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਉਹ ਚਾਹੇ ਸੈਂਕੜੇ ਕਿਲੋਮੀਟਰ ਰਸਤੇ ਬਣਾ ਖੇਤਾਂ ਵਿੱਚੋਂ ਕਿਸਾਨਾਂ ਦੀਆਂ ਫਸਲਾਂ ਨਿਕਲਦੀਆਂ ਕਰਨ ਦੀ ਸੇਵਾ ਹੋਵੇ, ਕਿਸਾਨਾਂ ਦੀ ਪਰਾਲੀ ਸੰਭਾਲਣ ਲਈ ਮਦਦ ਹੋਵੇ, ਨਦੀਆਂ ਦਰਿਆਵਾਂ ਨੂੰ ਸਾਫ ਕਰ ਕਿਸਾਨਾਂ ਨੂੰ ਹੜਾਂ ਤੋਂ ਮੁਕਤੀ ਦਵਾਉਣ ਦੀ ਮਹਾਨ ਸੇਵਾ ਹੋਵੇ ਜਾਂ ਪਿੰਡਾਂ ਦੇ ਗੰਦੇ ਪਾਣੀ ਸੀਚੇਵਾਲ ਮਾਡਲ ਅਨੁਸਾਰ ਸੋਧ ਕੇ ਖੇਤੀ ਨੂੰ ਦੇ ਕੇ ਜ਼ਹਿਰ ਮੁਕਤ ਖੇਤੀ ਵੱਲ ਮੋੜਾ ਦਿੱਤਾ ਹੋਵੇ, ਸੰਤ ਜੀ ਹਮੇਸ਼ਾਂ ਕਿਸਾਨਾਂ ਲਈ ਤਨ ਮਨ ਧਨ ਨਾਲ ਖੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਦੋ ਹਫਤੇ ਪਹਿਲਾ ਕੁਦਰਤੀ ਖੇਤੀ ਕਰਦੇ ਕਿਸਾਨ ਪਰਮਜੀਤ ਸਿੰਘ, ਪੰਜਾਬ ਚਿੰਤਕ ਪਾਲ ਸਿੰਘ ਨੌਲੀ ਸਮੇਤ ਸੰਤ ਸੀਚੇਵਾਲ ਜੀ ਦੀ ਟੀਮ ਦੀ ਸ਼੍ਰੀ ਧੰਨਵੰਤਰੀ ਹਰਬਲ ਦੇ ਡਾ. ਜੇ.ਪੀ ਸਿੰਘ ਨਾਲ ਹਰਬਲ ਖੇਤੀ ਸਬੰਧੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਸੀ। ਜਿਸ ਵਿੱਚ ਡਾ ਜੇ.ਪੀ ਸਿੰਘ ਨੇ ਅਯੁਰਵੈਦਿਕ ਦਵਾਈਆਂ ਬਣਾਉਣ ਲਈ ਸ਼ੁੱਧ ਹਰਬਲ ਜੜੀ ਬੂਟੀਆਂ ਦੀ ਕਮੀ ‘ਤੇ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਵੱਲੋਂ ਪਹਿਲ ਕਦਮੀ ਕਰਦਿਆਂ ਪੰਜਾਬ ਦੇ ਛੋਟੇ ਕਿਸਾਨਾਂ ਨੂੰ ਸੰਤ ਸੀਚੇਵਾਲ ਜੀ ਦੀ ਸਹਾਇਤਾ ਨਾਲ ਹਰਬਲ ਖੇਤੀ ਵੱਲ ਪ੍ਰੇਰਨ ਲਈ ਐਕਸ਼ਨ ਪਲਾਨ ਬਣਾਉਣ ਲਈ ਆਯੂਸ਼ ਵਿਭਾਗ ਦੀ ਟੀਮ ਨੂੰ ਸੁਲਤਾਨਪੁਰ ਲੋਧੀ ਭੇਜਿਆ ਗਿਆ ਹੈ। ਜਿਸ ਨਾਲ ਛੋਟੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਯੋਜਨਾ ‘ਤੇ ਅਮਲ ਹੋਵੇਗਾ ਤੇ ਨਾਲ ਆਯੁਰਵੈਦਿਕ ਦਵਾਈਆਂ ਲਈ ਸ਼ੁੱਧ ਹਰਬਲ ਪਦਾਰਥ ਇੱਕਤਰ ਕਰਨ ਨੂੰ ਯਕੀਨੀ ਬਣਾਉਣ ‘ਤੇ ਕੰਮ ਹੋਵੇਗਾ।
ਇਸ ਮੌਕੇ ਸੰਤ ਸੀਚੇਵਾਲ ਜੀ ਵਲੋਂ ਆਈ ਟੀਮ ਨੂੰ ਕਿਸ਼ਤੀ ਰਾਹੀ ਪਵਿੱਤਰ ਵੇਈਂ ਦੀ ਯਾਤਰਾ ਕਰਵਾਈ ਗਈ ਨਾਲੇ ਦੋ ਦਹਾਕਿਆਂ ਦੌਰਾਨ 40 ਤੋਂ ਵੱਧ ਕਿਸਮਾਂ ਦੇ ਵੇਈਂ ਕੰਢੇ ਲਗਾਏ ਹਰਬਲ ਬੂਟੇ ਵੀ ਦਿਖਾਏ ਗਏ। ਪਵਿੱਤਰ ਵੇਈਂ ਦੀ ਕਾਰ ਸੇਵਾ ਨਾਲ ਬਦਲੀ ਨੁਹਾਰ ਬਾਰੇ ਲੱਗੀ ਪ੍ਰਦਰਸ਼ਨੀ ਵੀ ਦਿਖਾਈ। ਆਯੂਸ਼ ਵਿਭਾਗ ਦੀ ਆਈ ਟੀਮ ਦਾ ਬਾਬਾ ਜੀ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ ਭੁਪਿੰਦਰ ਸਿੰਘ ਪ੍ਰਜੈਕਟ ਡਾਇਰੈਕਟਰ ਆਤਮਾ ਸਕੀਮ ਪੰਜਾਬ, ਡਾ. ਰਾਜੇਸ਼ ਕੁਮਾਰ ਸਹਾਇਕ ਪ੍ਰੋਫੈਸਰ ਫਿਜ਼ਕਸ ਵਿਭਾਗ ਡੀ.ਏ. ਵੀ ਕਾਲਜ ਅੰਮ੍ਰਿਤਸਰ, ਡਾ ਰੁਪਿੰਦਰਜੀਤ ਕੌਰ ਸਹਾਇਕ ਪ੍ਰੋਫੈਸਰ ਬਾਇਉਟੈਕਨੌਲਜੀ ਡੀ.ਏ.ਵੀ ਕਾਲਜ ਅੰਮ੍ਰਿਤਸਰ , ਯਾਦਵਿੰਦਰ ਸਿੰਘ, ਸੁਰਜੀਤ ਸਿੰਘ ਸ਼ੰਟੀ ਆਦਿ ਹਾਜ਼ਰ ਸਨ।