ਫਰੀਦਕੋਟ ਵਿਖੇ ਬਸੇਰਾ ਸਕੀਮ ਤਹਿਤ ਲੋਕਾਂ ਨੂੰ ਮਿਲਿਆ ਘਰਾਂ ਦੀ ਮਾਲਕਾਨਾ ਹੱਕ - ਕਿੱਕੀ ਢਿੱਲੋਂ
ਪਰਵਿੰਦਰ ਸਿੰਘ ਕੰਧਾਰੀ
- ਜੋਗੀਆਂ ਵਾਲੀ ਬਸਤੀ , ਬਲਵੀਰ ਐਵੀਨਿਊ ਦੇ 119 ਗਰੀਬ ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ
ਫਰੀਦਕੋਟ, 24 ਜੁਲਾਈ 2021 - ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ਵੱਲ ਤੋਰਨ ਅਤੇ ਵੱਖ ਵੱਖ ਵਰਗਾਂ ਦੀ ਭਲਾਈ ਲਈ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਵੱਡੇ ਉਪਰਾਲੇ ਕੀਤੇ ਗਏ ਹਨ ਅਤੇ ਇਸੇ ਹੀ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਝੁੱਗੀ ਝੌਪੜੀਆਂ ਵਿੱਚ ਰਹਿਣ ਵਾਲੇ , ਸਲੱਮ ਏਰੀਆ ਵਿੱਚ ਰਹਿਣ ਵਾਲੇ ਸਰਕਾਰੀ ਜ਼ਮੀਨ ਤੇ ਕਾਬਜ਼ ਅਤਿ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੀ ਜਮੀਨ ਦੇ ਮਾਲਕੀ ਹੱਕ ਦੇਣ ਲਈ ਬਸੇਰਾ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਇਸ ਵਰਗ ਨੂੰ ਜਿੱਥੇ ਭਾਰੀ ਲਾਭ ਪੁੱਜ ਰਿਹਾ ਹੈ ਉੱਥੇ ਹੀ ਉਨ੍ਹਾਂ ਦਾ ਘਰ ਬਣਾਉਣ ਦਾ ਸੁਪਨਾ ਵੀ ਸਾਕਾਰ ਹੋਇਆਂ ਹੈ।
ਇਹ ਪ੍ਰਗਟਾਵਾ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ ਨੇ ਅੱਜ ਨਗਰ ਕੋਂਸਲ ਫਰੀਦਕੋਟ ਅਧੀਨ ਆਉਂਦੀ ਜੋਗੀਆਂ ਵਾਲੀ ਬਸਤੀ , ਬਲਵੀਰ ਬਸਤੀ ਦੇ 119 ਗਰੀਬ ਪਰਿਵਾਰਾਂ ਨੂੰ ਕਾਬਜ਼ ਜ਼ਮੀਨ ਦੇ ਮਾਲਕੀ ਹੱਕ ਦੇ ਕਾਗਜਾਤ ਸੌਪਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕੋਵਿਡ ਵਰਗੇ ਸੰਕਟਕਾਲੀਨ ਸਮੇਂ ਵਿੱਚ ਆਰਥਿਕ ਤੰਗੀ ਦੇ ਬਾਵਜੂਦ ਵੀ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਫਰੀਦਕੋਟ ਸ਼ਹਿਰ ਅਤੇ ਹਲਕੇ ਦੇ ਪੇਡੂ ਇਲਾਕਿਆਂ ਵਿਚ ਜਿੱਥੇ ਵਿਕਾਸ ਕਾਰਜਾਂ ਵਿੱਚ ਵੱਡੀ ਪੱਧਰ ਤੇ ਤੇਜੀ ਲਿਆਂਦੀ ਗਈ ਹੈ, ਉੱਥੇ ਹੀ ਵੱਖ ਵੱਖ ਵਰਗਾਂ ਲਈ ਵੱਡੀ ਪੱਧਰ ਤੇ ਹੋਰ ਭਲਾਈ ਸਕੀਮਾਂ ਦਾ ਵਿਸਥਾਰ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਸੇਰਾ ਸਕੀਮ ਵੀ ਰਾਜ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਸਕੀਮ ਹੈ ਜਿੱਥੇ ਝੁੱਗੀਆਂ ਝੌਪੜੀਆਂ , ਸਲਮ ਏਰੀਏ ਵਿੱਚ ਰਹਿੰਦੇ ਗਰੀਬ ਵਰਗ ਨੂੰ ਉਨ੍ਹਾਂ ਦੀ ਜਮੀਨ ਦੇ ਮਾਲਕਾਨਾ ਹੱਕ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਬਸੇਰਾ ਸਕੀਮ ਤਹਿਤ ਝੁੱਗੀ ਝੌਪੜੀਆਂ , ਸਲਮ ਬਸਤੀਆਂ ਵਾਲਿਆਂ ਨੂੰ ਉਸ ਜਮੀਨ ਦੇ ਮਾਲਕੀ ਹੱਕ ਦੇਣ ਤੋਂ ਇਲਾਵਾ ਉਨ੍ਹਾਂ ਦੀ ਜਿੰਦਗੀ ਨੂੰ ਅਰਾਮਦਾਇਕ ਅਤੇ ਸਹੂਲਤਾਂ ਵਾਲਾ ਬਣਾਉਣ ਲਈ ਸਾਰੀਆਂ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਪੀਣਯੋਗ ਸਾਫ ਪਾਣੀ, ਸਟਰੀਟ ਲਾਈਟਾਂ ਅਤੇ ਸੜਕਾਂ ਆਦਿ ਪ੍ਰਦਾਨ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪਹਿਲਾਂ ਸੂਬਾ ਹੈ ਜਿੱਥੋਂ ਦੀ ਸਰਕਾਰ ਨੇ ਆਪਣੇ ਰਾਜ ਦੇ ਅਤਿ ਗਰੀਬ ਵਰਗ ਲੋਕਾਂ ਦੇ ਵਿਕਾਸ ਲਈ ਬਸੇਰਾ ਸਕੀਮ ਦੀ ਸ਼ੁਰੂਆਤ ਕੀਤੀ ਹੈ। ਸ: ਢਿੱਲੋ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਹਰ ਵਰਗ ਦੀ ਭਲਾਈ,ਤਰੱਕੀ ਅਤੇ ਜੀਵਨ ਪੱਧਰ ਉੱਚਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਹੈ ਤੇ ਰਾਜ ਦੇ ਲੋਕ ਇਨ੍ਹਾਂ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਲਈ ਪੰਜਾਬ ਸਰਕਾਰ ਨਾਲ ਖੜ੍ਹੇ ਹਨ। ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਸਲੱਮ ਮੁਕਤ ਕਰਨ ਅਤੇ ਰਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਇਸ ਮੌਕੇ ਪਰਮਦੀਪ ਸਿੰਘ ਏ ਡੀ ਸੀ ਅਰਬਨ, ਪ੍ਰਧਾਨ ਨਗਰ ਕੌਂਸਲ ਨਰਿੰਦਰਪਾਲ ਸਿੰਘ ਨਿੰਦਾ, ਚੇਅਰਮੈਨ ਨਗਰ ਸੁਧਾਰ ਟਰੱਸਟ ਲਲਿਤ ਮੋਹਣ ਗੁਪਤਾ, ਅਮਿਤ ਕੁਮਾਰ ਜੁਗਨੂੰ, ਕੌਂਸਲਰ ਗੁਰਤੇਜ ਸਿੰਘ ਤੇਜਾ, ਜਸਵੰਤ ਸਿੰਘ ਕੁੱਲ, ਬਲਜੀਤ ਸਿੰਘ ਗੋਰਾ, ਰਣਜੀਤ ਸਿੰਘ ਭੋਲੂਵਾਲਾ, ਸੁਖਚੈਨ ਸਿੰਘ ਚੈਨਾ, ਕਰਮਜੀਤ ਸਿੰਘ ਟਹਿਣਾ ਤੇ ਹੋਰ ਹਾਜ਼ਰ ਸਨ।