‘ਲਿਫਾਫੇ’ ਵਿੱਚੋਂ ਨਿੱਕਲੇ ਪ੍ਰਧਾਨ ਨੂੰ ਕੌਂਸਲ ਦੀ ਦੂਜੀ ਮੀਟਿੰਗ ਦੌਰਾਨ ਵੀ ਕੌਂਸਲਰਾਂ ਦਾ ਸਮਰਥਨ ਨਹੀਂ ਮਿਲਿਆ- ਕੌਂਸਲਰ ਸੁਮਨ ਦੇਵੀ
ਮਨਿੰਦਰਜੀਤ ਸਿੱਧੂ
ਜੈਤੋ, 24 ਜੁਲਾਈ 2021 - ਜੈਤੋ ਨਗਰ ਕੌਂਸਲ ਦੁਆਰਾ ਰੱਖੀ ਗਈ ਦੂਜੀ ਮੀਟਿੰਗ ਵੀ ਪਹਿਲੀ ਮੀਟਿੰਗ ਦੀ ਤਰ੍ਹਾਂ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ। ਧੱਕੇ ਨਾਲ ਕੁਰਸੀ ਤੇ ਕਾਬਜ ਹੋਏ ਜੈਤੋ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਕੌਂਸਲਰਾਂ ਦੁਆਰਾ ਚੁਣੇ ਜਾਣ ਦੀ ਬਜਾਏ ਲਿਫਾਫੇ ਵਿੱਚੋਂ ਨਿੱਕਲੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੌਂਸਲਰ ਸੁਮਨ ਦੇਵੀ ਨੇ ਕਿਹਾ ਕਿ ਕੌਂਸਲ ਦੀ ਦੂਜੀ ਮੀਟਿੰਗ ਦੌਰਾਨ ਵੀ 11 ਕੌਂਸਲਰਾਂ ਦਾ ਬਾਈਕਾਟ ਰਿਹਾ ਅਤੇ ਇਸਨੇ ਇਹ ਸਾਬਿਤ ਕਰ ਦਿੱਤਾ ਕਿ ‘ਪ੍ਰਧਾਨਗੀ’ ਬਹੁਮਤ ਦੇ ਖਿਲਾਫ ਜਾ ਕੇ ਮਿਲੀ ਹੈ।
ਸੁਮਨ ਦੇਵੀ ਨੇ ਕਿਹਾ ਸ਼ਹਿਰ ਅੰਦਰ ਖੜ੍ਹਾ ਗੰਦਾ ਕਾਲਾ ਪਾਣੀ ਅਤੇ ਲੋਕਾਂ ਨੂੰ ਕੌਂਸਲ ਦੇ ਕੰਮਾਂ ਵਿੱਚ ਆ ਰਹੀਆਂ ਦਿੱਕਤਾਂ ਇਹ ਸਾਬਿਤ ਕਰਦੀਆਂ ਹਨ ਕਿ ਪ੍ਰਧਾਨ ਅਤੇ ਮੀਤ ਪ੍ਰਧਾਨ ਦੋਹੇਂ ਫੋਟੌਆਂ ਖਿਚਵਾਉਣ ਵਿੱਚ ਲੱਗੇ ਹੋਏ ਹਨ, ਲੋਕਾਂ ਦੀ ਸਮੱਸਿਆਵਾਂ ਦੇ ਜ਼ਮੀਨੀ ਹੱਲ ਵੱਲ ਧਿਆਨ ਨਹੀਂ। ਫੋਟੋਆਂ ਖਿਚਵਾਉਣ ਤੋਂ ਬਾਅਦ ਸਮੱਸਿਆ ਓਵੇਂ ਦੀਆਂ ਓਵੇਂ ਬਰਕਰਾਰ ਰਹਿੰਦੀਆਂ ਹਨ।
ਸੁਮਨ ਦੇਵੀ ਨੇ ਕਿ ਪ੍ਰਸ਼ਾਸਨ ਨਾਲ ਮਿਲ ਕੇ ਧੱਕੇਸ਼ਾਹੀ ਨਾਲ ਲਿਫਾਫੇ ਵਿੱਚੋਂ ਨਿੱਕਲਿਆ ਪ੍ਰਧਾਨ ਕੋਈ ਮੀਟਿੰਗ ਨਹੀਂ ਸੱਦ ਸਕਦਾ ਅਤੇ ਨਾ ਹੀ ਕੋਈ ਮਤਾ ਪਾ ਸਕਦਾ ਹੈ। ਮਤੇ ਪਾਉਣ ਤੋਂ ਬਿਨਾਂ ਵਿਕਾਸ ਕਾਰਜ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਜੋ ‘ਲਿਫਾਫੇ’ ਵਾਲੇ ਪ੍ਰਧਾਨ ਅਤੇ ਮੀਤ ਪ੍ਰਧਾਨ ਧੱਕੇ ਨਾਲ ਕੁਰਸੀਆਂ ਨਾਲ ਚੰਬੜੇ ਹੋਏ ਹਨ, ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਸ਼ਹਿਰ ਦੇ ਵਿਕਾਸ ਦੇ ਲਈ ਕੁਰਸੀਆਂ ਦਾ ਮੋਹ ਤਿਆਗ ਦੇਣਾ ਚਾਹੀਦਾ ਹੈ।
ਸੁਮਨ ਦੇਵੀ ਨੇ ਕਿਹਾ ਕਿ ਇਨਸਾਫ ਦੀ ਪ੍ਰਾਪਤੀ ਲਈ ਉਹਨਾਂ ਨੇ ਮਾਨਯੋਗ ਹਾਈਕੋਰਟ ਵਿੱਚ ਅਰਜੀ ਲਾਈ ਹੈ ਜੋ ਕਿ ਵਿਚਾਰ ਅਧੀਨ ਹੈ ਅਤੇ ਜੇਕਰ ਨਿਆਂ ਦੀ ਪ੍ਰਾਪਤੀ ਲਈ ਸੁਪਰੀਮ ਕੋਰਟ ਵੀ ਜਾਣਾ ਪਿਆ ਤਾਂ ਜਾਣਗੇ।