ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਵੱਲੋਂ ਮੋਹਾਲੀ ਵਿਖੇ ਸੂਬਾ ਪੱਧਰੀ ਵਿਸ਼ਾਲ ਧਰਨਾ ਅਤੇ ਰੋਸ ਮਾਰਚ
- ਮੋਹਾਲੀ ਵਿਖੇ ਅੱਜ ਹਜ਼ਾਰਾਂ ਡਾਕਟਰ ਵੱਲੋਂ ਦਿੱਤਾ ਗਿਆ ਵਿਸ਼ਾਲ ਧਰਨਾ
- ਡਾਕਟਰਾਂ ਵੱਲੋਂ ਮੁੱਖ ਮੰਤਰੀ ਦੀ ਰਹਾਇਸ਼ ਵੱਲ ਕੀਤਾ ਮਾਰਚ
ਚੰਡੀਗੜ੍ਹ, 23 ਜੁਲਾਈ 2021 - ਜੁਆਇੰਟ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਡਾਕਟਰ '23 ਜੁਲਾਈ ਚੰਡੀਗੜ੍ਹ ਚੱਲੋ' ਦੇ ਸੱਦੇ ਨੂੰ ਕਾਮਯਾਬ ਕਰਨ ਲਈ ਪੂਰੇ ਉਤਸ਼ਾਹ ਨਾਲ ਸਿਵਲ ਹਸਪਤਾਲ ਫੇਜ਼ 6 ਮੁਹਾਲੀ ਪੁੱਜੇ । ਇਸ ਡਾਕਟਰਾਂ ਦੇ ਸਮੂਹ ਵਿੱਚ ਪੰਜਾਬ ਭਰ ਦੇ ਸਿਹਤ ਵਿਭਾਗ ਤੋਂ ਇਲਾਵਾ ਵੈਟਰਨਰੀ, ਡੈਂਟਲ , ਰੂਰਲ ਮੈਡੀਕਲ ਅਫਸਰ, ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਪੰਜਾਬ ਦੇ ਹਰ ਜ਼ਿਲ੍ਹੇ ਤੋਂ ਡਾਕਟਰ ਵੱਡੇ ਵੱਡੇ ਸਮੂਹਾਂ ਦੇ ਵਿਚ ਇਸ ਧਰਨੇ ਅਤੇ ਰੋਸ ਮਾਰਚ ਵਿੱਚ ਹਾਜ਼ਰ ਹੋਏ । ਰੋਸ ਮਾਰਚ ਤੋਂ ਪਹਿਲਾਂ ਹਜ਼ਾਰਾਂ ਡਾਕਟਰਾਂ ਨੇ ਐਪਰਨ ਪਾ ਕੇ ਤਿੱਖੀ ਧੁੱਪ ਦੇ ਵਿਚ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ । ਉਨ੍ਹਾਂ ਸਰਕਾਰ ਨੂੰ ਯਾਦ ਕਰਾਇਆ ਕਿ ਇਹ ਉਹੀ ਡਾਕਟਰ ਹਨ ਜਿਨ੍ਹਾਂ ਨੇ ਕੋਰੋਨਾ ਕਾਲ ਵਿਚ ਕੋਰੋਨਾ ਯੋਧੇ ਬਣ ਕੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਪੇਸ਼ ਕੀਤੀ ਸੀ ਅਤੇ ਇਹ ਬੜੇ ਸ਼ਰਮ ਦੀ ਗੱਲ ਹੈ ਕਿ ਹੁਣ ਸਰਕਾਰ ਦੀਆ ਗ਼ਲਤ ਨੀਤੀਆਂ ਕਰਕੇ ਮਜਬੂਰਨ ਡਾਕਟਰਾਂ ਨੂੰ ਆਪਣੇ ਹੱਕਾਂ ਨੂੰ ਲੈਣ ਲਈ ਸੜਕ ਤੇ ਆਉਣਾ ਪੈ ਰਿਹਾ ਹੈ।
ਅੱਜ ਦੇ ਧਰਨੇ ਅਤੇ ਰੋਸ ਮਾਰਚ ਵਿਚ ਤਾਲਮੇਲ ਕਮੇਟੀ ਦੇ ਡਾ ਗਗਨਦੀਪ ਸਿੰਘ ਪ੍ਰਧਾਨ, ਪੀ.ਸੀ.ਐਮ.ਐਸ. ਐਸੋਸੀਏਸ਼ਨ, ਡਾ ਸਰਬਜੀਤ ਸਿੰਘ ਰੰਧਾਵਾ ਪ੍ਰਧਾਨ, ਵੈਟਰਨਰੀ ਅਫ਼ਸਰ ਐਸੋਸੀਏਸ਼ਨ, ਡਾ ਗਗਨਦੀਪ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ ਪੀ.ਸੀ.ਐਮ.ਐਸ.ਏ, ਡਾ ਪਵਨਪ੍ਰੀਤ ਕੌਰ ਪ੍ਰਧਾਨ, ਡੈਂਟਲ ਐਸੋਸੀਏਸ਼ਨ, ਡਾ ਸੰਜੀਵ ਪਾਠਕ ਪ੍ਰਧਾਨ, ਆਯੁਰਵੈਦਿਕ ਐਸੋਸੀਏਸ਼ਨ, ਡਾ ਦੀਪਇੰਦਰ ਸਿੰਘ ਪ੍ਰਧਾਨ ਆਰਐਮਓ ਐਸੋਸੀਏਸ਼ਨ ਡਾ ਬਲਵਿੰਦਰ ਸਿੰਘ ਪ੍ਰਧਾਨ, ਹੋਮਿਓਪੈਥਿਕ ਐਸੋਸੀਏਸ਼ਨ ਅਤੇ ਡਾ ਜਗਜੀ੬ਯਤ ਸਿੰਘ ਬਾਜਵਾ ਪ੍ਰਧਾਨ ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ ਦੇ ਆਗੂਆਂ ਨੇ ਡਾਕਟਰਾਂ ਦੇ ਇਕੱਠ ਨੂੰ ਸਟੇਜ ਤੋਂ ਸੰਬੋਧਨ ਕੀਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡਾਕਟਰਾਂ ਦੀਆਂ ਹੱਕੀ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੂਬੇ ਦੇ ਸਮੂਹ ਡਾਕਟਰ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਪਿੱਛੇ ਨਹੀਂ ਹਟਣਗੇ ।
ਡਾ ਮਨੋਹਰ ਸਿੰਘ ਜਨਰਲ ਸਕੱਤਰ ਪੀਸੀਐਮਐਸ ਐਸੋਸੀਏਸ਼ਨ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਦਾ ਪਹਿਲਾ ਕੰਮ ਲੋਕਾਂ ਦੀ ਸਹੂਲਤ ਨੂੰ ਦੇਖਣਾ ਹੁੰਦਾ ਹੈ ਪਰ ਸਰਕਾਰ ਵੱਲੋਂ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਨ੍ਹਾਂ ਡਾਕਟਰਾਂ ਦੀ ਹੜਤਾਲ ਦੌਰਾਨ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਲਈ ਅਫਸੋਸ ਜਾਹਿਰ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਦੇ ਇਸ ਮੁਲਾਜਮ ਅਤੇ ਲੋਕ ਵਿਰੋਧੀ ਰਵੱਈਏ ਦੀ ਪੁਰ ਜੋਰ ਨਿੰਦਾ ਵੀ ਕੀਤੀ ਕਿ ਪੂਰਾ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਤੋਂ ਜਾਣਬੁੱਝ ਕੇ ਅਣਜਾਣ ਬਣੀ ਹੋਈ ਹੈ ਜਦੋਂ ਕਿ ਡਾਕਟਰ ਸਮਾਨਤੰਰ ਓ ਪੀ ਡੀ ਚਲਾ ਚਲਾ ਕੇ ਲੋਕਾਂ ਨੂੰ ਲੋੜੀਂਦੀਆਂ ਡਾਕਟਰੀ ਸੇਵਾਵਾਂ ਦੀ ਭਰਪਾਈ ਕਰਨ ਦੀ ਕੋਸਿਸ਼ ਕਰ ਰਹੇ ਹਨ |
ਡਾ ਇੰਦਰਵੀਰ ਸਿੰਘ ਗਿੱਲ ਕਨਵੀਨਰ, ਤਾਲਮੇਲ ਕਮੇਟੀ ਅਤੇ ਡਾ ਦਰਸ਼ਨ ਖੇੜੀ ਜਨਰਲ ਸਕੱਤਰ ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਡਾਕਟਰਾਂ ਦੀ ਇਹ ਹੜਤਾਲ ਜਨਤਕ ਸਿਹਤ ਸੰਭਾਲ ਅਤੇ ਵੈਟਰਨਰੀ ਸੰਭਾਲ ਪ੍ਰਣਾਲੀ ਨੂੰ ਬਚਾਉਣ ਲਈ ਹੈ ਅਤੇ ਕਿਹਾ ਕਿ ਤਾਲਮੇਲ ਕਮੇਟੀ ਸਰਕਾਰ ਵੱਲੋਂ ਕੀਤੀ ਜਾ ਰਹੀ ਨਿਜੀਕਰਨ ਦੀ ਨੀਤੀ ਦਾ ਸਖਤ ਵਿਰੋਧ ਕਰਦੀ ਹੈ ਅਤੇ ਇਸੇ ਨੀਤੀ ਤਹਿਤ ਛੇਵੇਂ ਤਨਖ਼ਾਹ ਕਮਿਸ਼ਨ ਵੱਲੋਂ ਡਾਕਟਰਾਂ ਦਾ ਮਨੋਬਲ ਡੇਗਣ ਲਈ ਡਾਕਟਰਾਂ ਨੂੰ ਪਹਿਲਾਂ ਤੋਂ ਮਿਲਦੇ ਐੱਨਪੀਏ ਵਿਚ ਕਟੌਤੀ ਕੀਤੀ ਗਈ ਹੈ ।
ਇਸ ਤੋਂ ਬਾਅਦ ਡਾਕਟਰਾਂ ਦਾ ਰੋਸ ਮਾਰਚ ਸਰਕਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਿਵਲ ਹਸਪਤਾਲ ਫੇਜ਼ 6 ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰਵਾਨਾ ਹੋ ਗਿਆ। ਪੁਲਸ ਪ੍ਰਸ਼ਾਸਨ ਵੱਲੋਂ ਹਸਪਤਾਲ ਦੇ ਗੇਟ ਤੇ ਬੈਰੀਗੇਡ ਲਗਾ ਦਿੱਤੇ ਗਏ ਜਿਸ ਨੂੰ ਰੋਹ ਵਿੱਚ ਆਏ ਡਾਕਟਰਾਂ ਵਲੋਂ ਤੋੜ ਦਿੱਤਾ ਗਿਆਅਤੇ ਤਿੱਖੀ ਧੁੱਪ ਵਿਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਰਿਹਾਇਸ਼ ਵੱਲ ਰਵਾਨਾ ਹੋ ਗਏ । ਅੱਗੇ ਜਾ ਕੇ ਪੁਲਸ ਪ੍ਰਸ਼ਾਸਨ ਵੱਲੋਂ ਮੈਕਸ ਹਸਪਤਾਲ ਦੇ ਨਜ਼ਦੀਕੀ ਚੌਕ ਵਿਚ ਦੁਬਾਰਾ ਬੈਰੀਕੇਡ ਲਗਾ ਕੇ ਡਾਕਟਰਾਂ ਦੇ ਮਾਰਚ ਨੂੰ ਰੋਕ ਲਿਆ ਗਿਆ। ਰੋਸ ਵਿਚ ਆਏ ਡਾਕਟਰਾਂ ਨੇ ਚੌਕ ਨੂੰ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ ਪੁਲੀਸ ਅਫ਼ਸਰਾਂ ਰਾਹੀਂ ਸਰਕਾਰ ਨੂੰ ਸੁਨੇਹਾ ਭਿਜਵਾਇਆ ਗਿਆ ਕਿ ਜੇਕਰ ਸਰਕਾਰ ਦਾ ਕੋਈ ਜ਼ਿੰਮੇਵਾਰ ਨੁਮਾਇੰਦਾ ਸਾਡੀਆਂ ਮੰਗਾਂ ਦਾ ਮੈਮੋਰੰਡਮ ਪ੍ਰਾਪਤ ਕਰਨ ਧਰਨੇ ਵਾਲੀ ਥਾਂ ਤੇ ਅੱਧੇ ਘੰਟੇ ਦੇ ਵਿੱਚ ਨਾ ਆਇਆ ਤਾਂ ਡਾਕਟਰਾਂ ਵੱਲੋਂ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕਰ ਦਿੱਤਾ ਜਾਵੇਗਾ ।
ਪੰਜਾਬ ਸਰਕਾਰ ਦੀ ਤਰਫੋਂ ਸ੍ਰੀ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਡਾਕਟਰਾਂ ਤੋਂ ਮੰਗ ਪੱਤਰ ਪ੍ਰਾਪਤ ਕਰਨ ਲਈ ਧਰਨੇ ਵਾਲੀ ਥਾਂ ਤੇ ਪਹੁੰਚੇ ਅਤੇ ਉਨ੍ਹਾਂ ਨੇ ਸਾਰੇ ਡਾਕਟਰਾਂ ਦੇ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡਾਕਟਰਾਂ ਦੀ ਐੱਨ ਪੀ ਏ ਸੰਬੰਧੀ ਮੰਗ 100 ਪ੍ਰਤੀਸ਼ਤ ਇੱਕ ਹਫ਼ਤੇ ਦੇ ਵਿੱਚ ਵਿੱਚ ਮੰਨ ਲਈ ਜਾਵੇਗੀ । ਮੰਤਰੀ ਜੀ ਦੇ ਦਿੱਤੇ ਭਰੋਸੇ ਤੋਂ ਬਾਅਦ ਤਾਲਮੇਲ ਕਮੇਟੀ ਦੇ ਆਗੂਆਂ ਨੇ ਡਾਕਟਰਾਂ ਨੂੰ ਕਿਹਾ ਕਿ ਸਾਡਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਧਰਨਾ ਫਿਲਹਾਲ ਇਕ ਹਫ਼ਤੇ ਲਈ ਮੁਲਤਵੀ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸੰਘਰਸ਼ ਪ੍ਰਤੀ ਅਗਲੀ ਰੂਪ ਰੇਖਾ ਤਾਲਮੇਲ ਕਮੇਟੀ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰ ਕੇ ਭਲਕ ਤੱਕ ਦੇ ਦਿੱਤਾ ਜਾਵੇਗਾ
ਡਾ ਗਗਨਦੀਪ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ, ਪੀ.ਸੀ.ਐਮ.ਐਸ. ਐਸੋਸੀਏਸ਼ਨ ਡਾ ਸਰਬਦੀਪ ਸਿੰਘ ਮੀਡੀਆ ਸਕੱਤਰ ਤਾਲਮੇਲ ਕਮੇਟੀ ਨੇ ਪ੍ਰੈੱਸ ਨੂੰ ਦੱਸਿਆ ਕਿ ਪੂਰੇ ਪੰਜਾਬ ਦੇ ਡਾਕਟਰਾਂ ਵਿਚ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਪ੍ਰਤੀ ਬਹੁਤ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸੇ ਨੀਤੀ ਤਹਿਤ ਹੀ ਸਰਕਾਰ ਵੱਲੋਂ ,ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚ ਡਾਕਟਰਾਂ ਨੂੰ ਪਹਿਲਾਂ ਤੋਂ ਮਿਲਦਾ 25 ਪ੍ਰਤੀਸ਼ਤ ਨਾਨ ਪਰੈਕਟਾਈਜਿੰਗ ਭੱਤਾ ਘਟਾ ਕੇ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਇਸਨੂੰ ਬੇਸਿਕ ਪੇਅ ਤੋਂ ਵੀ ਅਲੱਗ ਕਰ ਦਿੱਤਾ ਗਿਆ ਹੈ, ਜਿਸਦੇ ਵਿਰੋਧ ਵਜੋਂ ਸੂਬੇ ਵਿੱਚ ਹਰ ਵਰਗ ਦੇ ਸਰਕਾਰੀ ਡਾਕਟਰਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਦਾ ਰਾਹ ਅਪਣਾਇਆ ਜਾ ਰਿਹਾ ਹੈ।