ਪਾਰਲੀਮੈਂਟ ਵਿੱਚ ਖੇਤੀ ਬਿਲਾਂ ਖ਼ਿਲਾਫ਼ ਬੋਲਣ ਲਈ ਮਜਬੂਰ ਕਰਨਾ ਵੱਡੀ ਪ੍ਰਾਪਤੀ- ਸ਼ਿੰਗਾਰਾ ਸਿੰਘ ਮਾਨ
ਅਸ਼ੋਕ ਵਰਮਾ
ਨਵੀਂ ਦਿੱਲੀ, 23ਜੁਲਾਈ 2021: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਟਿਕਰੀ ਬਾਰਡਰ ਤੇ ਪਕੌੜਾ ਚੌਕ ਦੇ ਵਿੱਚ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਸਟੇਜ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਸਾਥੀ ਚੰਦਰ ਸ਼ੇਖਰ ਆਜ਼ਾਦ ਨੂੰ ਯਾਦ ਕਰਦਿਆਂ ਕਿਹਾ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਅੱਜ ਦੇ ਦਿਨ 23 ਜੁਲਾਈ 1906 ਦੇ ਵਿੱਚ ਹੋਇਆ । ਅੱਜ ਦੇ ਕਿਸਾਨੀ ਘੋਲ ਨੂੰ ਉਦੋਂ ਅੰਗਰੇਜ਼ੀ ਸਾਮਰਾਜ ਦੇ ਖ਼ਿਲਾਫ਼ ਕਿਰਤੀ ਲੋਕਾਂ ਲਈ ਬਰਾਬਰਤਾ ਦਾ ਰਾਜ ਲਿਆਉਣ ਲਈ ਚੱਲ ਰਹੇ ਸੰਘਰਸ਼ ਨਾਲ ਕੜੀ ਜੋੜਦਿਆਂ ਉਨ੍ਹਾਂ ਕਿਹਾ ਕਿ ਕਿਰਤੀ ਲੋਕਾਂ ਦੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਜਨਤਕ ਜਮਹੂਰੀ ਜਥੇਬੰਦੀਆਂ ਆਪੋ ਆਪਣੇ ਢੰਗ ਨਾਲ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਲੜ ਰਹੀਆਂ ਹਨ ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਬੀਤੇ ਕੱਲ 22 ਜੁਲਾਈ ਤੋਂ ਲਗਾਤਾਰ ਸੰਸਦ ਵੱਲ ਜਾਣ ਦਾ ਜੋ ਪਹਿਲਾ ਦਿਨ ਸੀ ਮੋਰਚੇ ਦੀ ਟੀਮ ਨੂੰ ਪ੍ਰਸ਼ਾਸਨ ਵੱਲੋਂ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਕਾਫੀ ਖੱਜਲ ਖੁਆਰ ਕੀਤਾ ਗਿਆ ਪਰ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੀ ਕਿਸਾਨ ਲੀਡਰਸ਼ਿਪ ਦੀ ਸੁਚੱਜੀ ਅਗਵਾਈ ਸਦਕਾ ਆਪਣੇ ਮਿੱਥੇ ਹੋਏ ਟੀਚੇ ਮੁਤਾਬਕ ਕਿਸਾਨਾਂ ਦੇ ਜਥੇ ਨਜੰਤਰ ਮੰਤਰ ਤੇ ਪਹੁੰਚ ਕੇ ਆਪਣਾ ਲੋਕ ਵਿਰੋਧੀ ਸਰਕਾਰਾਂ ਦੇ ਖ਼ਿਲਾਫ ਸੈਸ਼ਨ ਚਲਾ ਕੇ ਲੋਕ ਵਿਰੋਧੀ ਨੀਤੀਆਂ ਦਾ ਪਰਦਾ ਫਾਸ ਕੀਤਾ ।ਉਨ੍ਹਾਂ ਕਿਹਾਕਿ ਲੋਕ ਵਿਰੋਧੀ ਪਾਰਟੀਆਂ ਨੂੰ ਸੰਸਦ ਵਿੱਚ ਕਿਸਾਨਾਂ ਦੇ ਹੱਕ ਵਿੱਚ ਤਿੱਨ ਖੇਤੀ ਬਿਲਾਂ ਦੇ ਖ਼ਿਲਾਫ਼ ਬੋਲਣ ਲਈ ਮਜਬੂਰ ਕਰਨਾ ਇਕ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਇਹ ਲੰਮੇ ਅਤੇ ਲਮਕਵੇਂ ਘੋਲ ਦੀ ਮਿਸਾਲ ਹੈ ।
ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਰਤੀ ਲੋਕਾਂ ਨੇ ਲੋਕ ਸੰਘਰਸ਼ਾਂ ਦੇ ਜ਼ੋਰ ਆਪਣੀ ਆਵਾਜ਼ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਤੋਂ ਪਾਰਲੀਮੈਂਟ ਵਿੱਚ ਗੁੰਜਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਚਾਰ ਦਹਾਕਿਆਂ ਦਾ ਸਿੱਟਾ ਹੈ ਕਿ ਜੋ ਜਥੇਬੰਦੀਆਂ ਬਣਾ ਕੇ ਕਿਸਾਨੀ ਮੰਗਾਂ ਸਬੰਧੀ ਸੰਘਰਸ਼ ਮਘਾਏ ਗਏ ਸੀ ਉਨ੍ਹਾਂ ਨੂੰ ਸਮਝ ਕੇ ਲੋਕ ਵੱਡੀ ਪੱਧਰ ਤੇ ਸੰਘਰਸ਼ਾਂ ਦੇ ਮੈਦਾਨ ਵਿੱਚ ਆਏ ਹਨ । ਹੁਣ ਲੋਕਾਂ ਦੇ ਸਿਰੜੀ ਸੰਘਰਸ਼ਾਂ ਤੇ ਟੇਕ ਰੱਖਣ ਦੇ ਮੱਦੇਨਜਰ ਇਸ ਨੂੰ ਹੋਰ ਤਕੜਾਈ ਦੇਣ ਦੀ ਲੋੜ ਹੈ ਅਤੇ ਇਸ ਵਿੱਚੋਂ ਹੀ ਇਹ ਨਾਅਰਾ ਨਿਕਲਦਾ ਹੈ ' ਆਪਣੀ ਰਾਖੀ ਦੇ ਲਈ ਲੋਕਾਂ ਕੋਲ , ਦ੍ਰਿੜ ਖਾੜਕੂ ਲੰਮੇ ਘੋਲ ' ।
ਉਨ੍ਹਾਂ ਚੱਲ ਰਹੇ ਲੰਮੇ ਕਿਸਾਨ ਮੋਰਚੇ ਦੀ ਜਿੱਤ ਦੀਆਂ ਮਿਸਾਲਾਂ ਪੇਸ਼ ਕਰਦੇ ਹੋਏ ਕਿਹਾ ਕਿ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਇੱਕ ਜੀਅ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੇਣਾ ਇਸ ਮੋਰਚੇ ਦੀ ਹੀ ਪ੍ਰਾਪਤੀ ਹੈ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਫ਼ੈਸਲਾ ਨੇਡ਼ੇ ਆ ਰਹੀਆ ਪੰਜਾਬ ਵਿਧਾਨ ਸਭਾ ਚੋਣਾਂ ਕਾਰਨ ਲੈਣਾ ਪਿਆ । ਉਨ੍ਹਾਂ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਰੂਪੋਸ਼ੀ ਮੌਕੇ ਬੱਸ ਹਾਦਸਾ ਦੌਰਾਨ ਹੋਈਆਂ ਪੰਜ ਮੌਤਾਂ ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਸਵਰਗਵਾਸੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਪੰਜਾਬ ਫੇਰੀ ਦੌਰਾਨ ਹੋਏ ਸੜਕ ਹਾਦਸੇ ਦੌਰਾਨ ਪ੍ਰੋਗਰਾਮ ਵਿਚ ਜਾ ਰਹੇ ਅਠਾਰਾਂ ਵਿਅਕਤੀਆਂ ਦੀਆਂ ਮੌਤਾਂ ਹੋਣ ਤੇ ਕਿਸੇ ਵੀ ਪਰਿਵਾਰ ਨੂੰ ਕੋਈ ਸਰਕਾਰੀ ਮਦਦ ਨਹੀਂ ਕੀਤੀ ਗਈ
ਮੋਗਾ ਜ਼ਿਲ੍ਹੇ ਤੋਂ ਔਰਤ ਆਗੂ ਬਚਿੱਤਰ ਕੌਰ ਮੱਲੀਆਂ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਇਸ ਕੇਂਦਰੀ ਮੰਤਰੀ ਨੇ ਜੋ ਕਿਸਾਨ ਤਿੰਨ ਖੇਤੀ ਕਾਲੇ ਕਾਨੂੰਨਾਂ ਤੇ ਪਿਛਲੇ ਅੱਠ ਮਹੀਨਿਆਂ ਤੋਂ ਲੜ ਰਹੇ ਹਨ ਉਨ੍ਹਾਂ ਨੂੰ ਆਪਣੀ ਭਾਸ਼ਾ ਵਿਚ ' ਮਵਾਲ ' ਸ਼ਬਦ ਵਰਤ ਕੇ ਜਲੀਲ ਕੀਤਾ ਜਿਸ ਦਾ ਅਰਥ ਪੰਜਾਬੀ ਵਿਚ ਗੁੰਡੇ ਬਦਮਾਸ਼ ਬਣਦਾ ਹੈ । ਮੌਜੂਦਾ ਸੰਘਰਸ਼ ਨੂੰ ਕਿਸਾਨਾਂ ਦਾ ਘੋਲ ਨਾ ਹੋਣ ਤੱਕ ਸ਼ਬਦ ਵਰਤੇ ਗਏ ।ਇਨ੍ਹਾਂ ਗੱਲਾਂ ਦੀ ਅੱਜ ਦੀ ਸਟੇਜ ਤੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਕਿਉਂਕਿ ਸਾਡੇ ਦੇਸ਼ ਦਾ ਮੁੱਖ ਕੀਤਾ ਖੇਤੀ ਹੈ ਜਿਸ ਵਿਚ ਕਿਸਾਨ ਖੇਤੀ ਕਰ ਕੇ ਹਰ ਵਰਗ ਦੇ ਲੋਕਾਂ ਦਾ ਲੋਕਾਂ ਦਾ ਢਿੱਡ ਭਰ ਰਹੇ ਹਨ। ਔਰਤ ਆਗੂ ਨੇ ਚਿਤਾਵਨੀ ਦਿੱਤੀ ਕਿ ਕੇਂਦਰੀ ਮੰਤਰੀ ਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ।
ਲੁਧਿਆਣਾ ਜ਼ਿਲ੍ਹੇ ਦੇ ਆਗੂ ਕੁਲਦੀਪ ਸਿੰਘ ਗਰੇਵਾਲ ਨੇ ਕੱਲ੍ਹ 22 ਜੁਲਾਈ ਨੂੰ ਸੰਸਦ ਵੱਲ ਜਾਣ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੀਮ ਦੀ ਅਗਵਾਈ ਕੀਤੀ ਨੇ ਜੰਤਰ ਮੰਤਰ ਤੱਕ ਪਹੁੰਚਣ ਲਈ ਜੋ ਜੱਦੋ ਜਹਿਦ ਕੀਤੀ ਤੇ ਇਸ ਸਾਰੀ ਘਟਨਾ ਦਾ ਜ਼ਿਕਰ ਸਟੇਜ ਤੋਂ ਸਾਂਝਾ ਕੀਤਾ । ਸਟੇਜ ਦੀ ਕਾਰਵਾਈ ਗੁਰਪ੍ਰੀਤ ਸਿੰਘ ਨੂਰਪੁਰ ਨੇ ਨਿਭਾਈ। ਅੱਜ ਬਠਿੰਡਾ ਜ਼ਿਲ੍ਹੇ ਦੇ ਆਗੂ ਬਲਜੀਤ ਸਿੰਘ ਪੂਹਲਾ ਅਤੇ ਮਾਨਸਾ ਜ਼ਿਲੇ ਤੋਂ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਵੀ ਸੰਬੋਧਨ ਕੀਤਾ ।ਰੈਡੀਕਲ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਨੇ ਦਿੱਲੀ ਦੀ ਹਕੂਮਤ ਨੂੰ ਲਲਕਾਰ ਗੀਤ ਗਾ ਕੇ ਸੰਘਰਸ਼ੀ ਲੋਕਾਂ ਦੇ ਵਿੱਚ ਜੋਸ਼ ਭਰਿਆ ।