ਘੱਗਰ ਮਾਮਲਾ: ਜੰਨ ਨੇੇੜੇ ਆਉਣ 'ਤੇ ਕੁੜੀ ਦੇ ਕੰਨ ਵਿੰਨ੍ਹਣ ਲੱਗਾ ਪ੍ਰਸ਼ਾਸਨ
ਅਸ਼ੋਕ ਵਰਮਾ
ਬੁਢਲਾਡਾ, 23 ਜੁਲਾਈ 2021 - ਪਹਾੜੀ ਖੇਤਰਾਂ ਅਤੇ ਪੰਜਾਬ ਵਿੱਚ ਹੋ ਰਹੀ ਭਾਰੀ ਬਾਰਸ਼ ਤੋਂ ਬਾਅਦ ਮਾਨਸਾ ਪ੍ਰਸ਼ਾਸ਼ਨ ਦੀ ਜਾਗ ਖੁੱਲ੍ਹੀ ਹੈ। ਹੁਣ ਜਦੋਂ ਮੀਂਹ ਦਾ ਪਾਣੀ ਕਹਿਰ ਵਰਤਾਉਣ ਵੱਲ ਵਧਿਆ ਹੈ ਤਾਂ ਗੂੜ੍ਹੀ ਨੀਂਦ ’ਚ ਜਾਗੇ ਅਫਸਰ ਘੱਗਰ ਦਾ ਦੌਰਾ ਕਰਨ ਪੁੱਜੇ ਹਨ। ਘੱਗਰ ਪੰਜਾਬ ਦੇ ਵੱਡੇ ਰਕਬੇ ’ਚ ਹਰ ਸ ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ ਕਦੇ ਘੱਗਰ ਪੀੜਤਾਂ ਨੂੰ ਮੁਅਵਾਜਾ ਵੀ ਨਹੀਂ ਦਿੱਤਾ ਹੈ। ਾਲ ਕਹਿਰ ਵਰਤਾਉਂਦਾ ਆ ਰਿਹਾ ਹੈ ਪਰ ਇਸ ਨਦੀ ਦੀ ਕਦੇ ਸਾਰ ਨਹੀਂ ਲਈ ਜਾਂਦੀ ਹੈ। ਕੁੱਝ ਸਾਲ ਪਹਿਲਾਂ ਤਾਂ ਘੱਗਰ ਨੇ ਸਿਰਫ ਮਾਨਸਾ ਜਿਲ੍ਹੇ ’ਚ ਹੀ ਨਹੀਂ ਬਲਕਿ ਵੱਡਾ ਰਕਬਾ ਅਜਿਹਾ ਝੰਬਿਆ ਸੀ ਜਿਸ ਨੂੰ ਯਾਦ ਕਰਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਲੋਕ ਆਖਦੇ ਹਨ ਕਿ ਜਦੋਂ ਵੀ ਪਾਣੀ ਦੀ ਮਾਰ ਪੈਂਦੀ ਹੈ ਤਾਂ ਲੀਡਰ ਅਤੇ ਅਫਸਰ ਮਸਲਾ ਹੱਲ ਕਰਨ ਦਾ ਭਰੋਸਾ ਦੇ ਕੇ ਚਲੇ ਜਾਂਦੇ ਹਨ ਪਰ ਬਾਅਦ ’ਚ ਸਭ ਕੁੱਝ ਭੁਲਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ ਕਦੇ ਘੱਗਰ ਪੀੜਤਾਂ ਨੂੰ ਮੁਅਵਾਜਾ ਵੀ ਨਹੀਂ ਦਿੱਤਾ ਹੈ।
ਹਾਲ ਹੀ ਵਿੱਚ ਹੋਈ ਭਾਰੀ ਬਾਰਸ਼ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਐਸ ਡੀ ਐਮ ਬੁਢਲਾਡਾ ਹਰਪ੍ਰੀਤ ਸਿੰਘ ਨੇ ਚਾਂਦਪੁਰਾ ਬੰਨ੍ਹ ਅਤੇ ਨੇੜਲੀਆਂ ਥਾਵਾਂ ਦਾ ਦੌਰਾ ਕਰਕੇ ਘੱਗਰ ਦਰਿਆ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਹੈ। ਅੱਜ ਜਿਲ੍ਹਾ ਲੋਕ ਸੰਪਰਕ ਅਫਸਰ ਮਾਨਸਾ ਵੱਲੋਂ ਅਧਿਕਾਰਕ ਤੌਰ ਤੇ ਜਾਰੀ ਪ੍ਰੈਸ ਨੋਟ ’ਚ ਐਸ ਡੀ ਐਮ ਬੁਢਲਾਡਾ ਤਰਫੋਂ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਮਾਨਸਾ ਵਿੱਚ ਘੱਗਰ ਦਰਿਆ ਸਮੇਤ ਸਾਰੀਆਂ ਡਰੇਨਾਂ ਤੇ ਬਰਸਾਤੀ ਨਾਲਿਆਂ ਵਿੱਚ ਪਾਣੀ ਦੇ ਪੱਧਰ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਇਸ ਦੌਰਾਨ ਮੌਕੇ ’ਤੇ ਮੌਜੂਦ ਕੁਝ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਫਿਲਹਾਲ ਚਾਂਦਪੁਰਾ ਵਿਖੇ ਘੱਗਰ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 8 ਫੁੱਟ ਹੇਠਾਂ ਚੱਲ ਰਿਹਾ ਹੈ । ਉਨ੍ਹਾਂ ਆਖਿਆ ਕਿ ਫਿਰ ਵੀ ਜੇਕਰ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਬਰਸਾਤਾਂ ਪੈਂਦੀਆਂ ਹਨ ਤਾਂ ਵੀ ਮਾਨਸਾ ਪ੍ਰਸ਼ਾਸਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਦੱਸਿਆ ਕਿ ਐਸ.ਡੀ.ਐਮ ਦਫ਼ਤਰ ਬੁਢਲਾਡਾ ਵਿਖੇ ਹੜ੍ਹਾਂ ਸਬੰਧੀ ਇੱਕ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ਸਥਾਪਤ ਕਰ ਦਿੱਤਾ ਗਿਆ ਹੈ ਜਿਥੇ ਕਿ ਕਰਮਚਾਰੀ 24 ਘੰਟੇ ਤਾਇਨਾਤ ਰਹਿਣਗੇ । ਉਨ੍ਹਾਂ ਕਿਹਾ ਕਿ ਜੇਕਰ ਘੱਗਰ ਜਾਂ ਬੁਢਲਾਡਾ ਸਬ ਡਵੀਜ਼ਨ ਦੇ ਕਿਸੇ ਵੀ ਬਰਸਾਤੀ ਨਾਲੇ ਵਿੱਚ ਪਾਣੀ ਦੇ ਪੱਧਰ ਦੇ ਵਧਣ ਸਬੰਧੀ ਕੋਈ ਵੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਦੇ ਫੌਰੀ ਹੱਲ ਕਰਨ ਲਈ ਇੰਨ੍ਹਾਂ ਮੁਲਾਜਮਾਂ ਵੱਲੋਂ ਮਾਮਲਾ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਹੈਲਪਲਾਈਨ ਦਾ ਨੰਬਰ 01652-253482 ਹੈ ਅਤੇ ਲੋੜ ਪੈਣ ’ਤੇ ਕੋਈ ਵੀ ਨਾਗਰਿਕ ਇਸ ਹੈਲਪਲਾਈਨ ’ਤੇ ਆਪਣੀ ਸੂਚਨਾ ਦਰਜ ਕਰਵਾ ਸਕਦਾ ਹੈ। ਆਪਣੇ ਦੌਰੇ ਦੌਰਾਨ ਐਸ.ਡੀ.ਐਮ ਨੇ ਚਾਂਦਪੁਰਾ ਹੈਡ ਵਰਕਸ ਵਿਖੇ ਘੱਗਰ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਕੁਝ ਥਾਵਾਂ ’ਤੇ ਜਲਬੂਟੀ ਫਸੀ ਹੋਣ ਦਾ ਤੁਰੰਤ ਨੋਟਿਸ ਲੈਂਦਿਆਂ ਐਸ.ਡੀ.ਓ ਡਰੇਨੇਜ਼ ਨੂੰ ਤੁਰੰਤ ਢੁੱਕਵੀਂ ਕਾਰਵਾਈ ਦੀ ਹਦਾਇਤ ਕੀਤੀ ਅਤੇ ਜਲਬੂਟੀ ਨੂੰ ਕਢਵਾਇਆ ।
ਇਸ ਉਪਰੰਤ ਐਸ.ਡੀ.ਐਮ ਨੇ ਚਾਂਦਪੁਰਾ ਬੰਨ੍ਹ ਦਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਇਜ਼ਾ ਲਿਆ ਅਤੇ ਇੱਕ-ਦੋ ਥਾਵਾਂ ’ਤੇ ਤੁਰੰਤ ਮਿੱਟੀ ਆਦਿ ਪਾਉਣ ਲਈ ਹਦਾਇਤ ਕੀਤੀ । ਉਨ੍ਹਾਂ ਸਬੰਧਤ ਐਸ.ਐਚ.ਓ ਨੂੰ ਹਦਾਇਤ ਕੀਤੀ ਕਿ ਚਾਂਦਪੁਰਾ ਸਮੇਤ ਹੋਰ ਨੇੜਲੇ ਪਿੰਡਾਂ ਵਿਖੇ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ ਤੇ ਸਮਾਜ ਸੇਵੀ ਸੰਗਠਨਾਂ ਨਾਲ ਅਗੇਤਾ ਤਾਲਮੇਲ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਸੰਭਾਵੀ ਸਥਿਤੀ ਵਿੱਚ ਇੱਕ ਦੂਜੇ ਦੀਆਂ ਸੇਵਾਵਾਂ ਲਈਆਂ ਜਾ ਸਕਣ। ਐਸ.ਡੀ.ਐਮ ਨੇ ਪ੍ਰਾਇਮਰੀ ਹੈਲਥ ਸੈਂਟਰ ਕੁਲਰੀਆਂ ਦਾ ਵੀ ਦੌਰਾ ਕੀਤਾ ਅਤੇ ਉਥੇ ਉਪਲੱਬਧ ਦਵਾਈਆਂ ਦੇ ਸਟਾਕ ਰਜਿਸਟਰ ਦੀ ਪੜਤਾਲ ਕੀਤੀ । ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਮਾਤਰਾ ਵਿੱਚ ਦਵਾਈਆਂ ਦੀ ਉਪਲਬੱਧਤਾ ਨੂੰ ਯਕੀਨੀ ਬਨਾਉਣ ਦੇ ਆਦੇਸ਼ ਦਿੱਤੇ ਹਨ।
ਗੋਂਗਲੂਆਂ ਤੋਂ ਮਿੱਟੀ ਝਾੜਦੇ ਅਫਸਰ:ਦਿਆਲਪੁਰਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਦਾ ਕਹਿਣਾ ਸੀ ਕਿ ਅਸਲ ’ਚ ਅਧਿਕਾਰੀ ਘੱਗਰ ਭਰਨ ’ਤੇ ਮੌਕਾ ਦੇਖਣ ਜਾਂਦੇ ਹਨ ਜੋਕਿ ਪੂਰੀ ਤਰਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕਵਾਇਦ ਹੈ। ਉਨ੍ਹਾਂ ਆਖਿਆ ਕਿ ਹਰ ਸਾਲ ਘੱਗਰ ਕਾਰਨ ਹਜਾਰਾਂ ਏਕੜ ਫਸਲ ਅਤੇ ਘਰ ਤਬਾਹ ਹੋ ਜਾਂਦੇ ਹਨ ਫਿਰ ਵੀ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ ਅੱਜ ਤੱਕ ਘੱਗਰ ਦੇ ਤੰਗ ਪੁਲ ਦੀ ਸਾਰ ਵੀ ਨਹੀਂ ਲਈ ਜੋ ਕਿਸੇ ਹੱਦ ਤੱਕ ਸਮੱਸਿਆ ਦੀ ਜੜ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਅਤੇ ਅਫਸਰ ਸੰਜੀਦਾ ਹੁੰਦੇ ਤਾਂ ਇਸ ਪਾਣੀ ਨੂੰ ਰਿਚਾਰਜ ਕਰਕੇ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵਧਦਾ ਤੇ ਸੰਕਟ ਵੀ ਦੂਰ ਹੋਣਾ ਸੀ। ਉਨ੍ਹਾਂ ਆਖਿਆ ਕਿ ਵੱਡੀ ਗੱਲ ਹੈ ਕਿ ਬਾਰਸ਼ਾਂ ਤੋਂ ਪਹਿਲਾਂ ਸਰਕਾਰ ਤਾਂ ਘੱਗਰ ਦੀ ਸਫਾਈ ਵੀ ਨਹੀਂ ਕਰਵਾਉਂਦੀ ਹੈ।