ਪਟਿਆਲਾ ਦੇ ਪਿੰਡ ਕਰਹੇੜੀ ਵਿਖੇ ਸੀਵਰੇਜ ਸਿਸਟਮ ਪਾਉਣ ਲਈ ਪੁੱਟੀਆਂ ਸੜਕਾਂ ਲੋਕਾਂ ਲਈ ਸਿਰਦਰਦੀ ਬਣੀਆਂ
ਜਗਤਾਰ ਸਿੰਘ
- ਬਰਸਾਤ ਕਰਕੇ ਸਕੂਲ ਅਤੇ ਹਸਪਤਾਲ ਨੂੰ ਆਉਂਦੇ ਰਸਤੇ ਨੇ ਛੱਪੜ ਦਾ ਰੂਪ ਧਾਰਨ ਕੀਤਾ
- ਸਮੱਸਿਆ ਦਾ ਨਾ ਹੱਲ ਹੋਣ ਤੇ ਪਟਿਆਲਾ-ਰਾਜਪੁਰਾ ਮਾਰਗ ਜਾਮ ਕਰਨ ਦੀ ਚਿਤਾਵਨੀ
ਪਟਿਆਲਾ 20 ਜੁਲਾਈ 2021 - ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਸਾਹਮਣੇ ਪੈਂਦੇ ਪਿੰਡ ਕਰਹੇੜੀ ਵਿਖੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਸਿਸਟਮ ਪਾਉਣ ਲਈ ਪੁੱਟੀਆਂ ਸੜਕਾਂ ਲੋਕਾਂ ਲਈ ਸਿਰਦਰਦੀ ਬਣ ਗਈਆਂ ਹਨ। ਬਰਸਾਤ ਕਰਕੇ ਇਨ੍ਹਾਂ ਸੜਕਾਂ ਨੇ ਹੁਣ ਚਿੱਕੜ ਭਰੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਸਰਕਾਰੇ ਦਰਬਾਰੇ ਅਤੇ ਵਿਭਾਗ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਵੀ ਲੋਕਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ। ਸੀਵਰੇਜ ਸਿਸਟਮ ਪਾਉਣ ਕਰਕੇ ਸੜਕ ਦੀ ਹਾਲਤ ਖ਼ਸਤਾ ਹੋ ਗਈ ਹੈ। ਚਿਕੜ ਕਰਕੇ ਲੋਕ ਨਰਕਮਈ ਜੀਵਨ ਬਤੀਤ ਕਰ ਰਹੇ ਹਨ।
ਸਥਾਨਕ ਲੋਕਾਂ ਸਮਾਜਸੇਵੀ ਐਨ ਐਸ ਮੱਲੀ ਸਮੇਤ ਹੋਰਨਾਂ ਨੇ ਦੱਸਿਆ ਕਿ ਇਧਰ ਜਾਣ ਵਾਲਾ ਰਸਤਾ ਸਕੂਲ ਅਤੇ ਹਸਪਤਾਲ ਵੱਲ ਜਾਂਦਾ ਹੈ ।ਜਿੱਥੇ ਆਉਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪ੍ਰਸ਼ਾਸਨ ਵੱਲੋਂ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਕਰ ਕੇ ਲੋਕਾਂ ਲਈ ਵੱਡੀ ਸਮੱਸਿਆ ਹੁਣ ਬਰਸਾਤ ਕਰਕੇ ਹੋ ਗਈ ਹੈ। ਅੱਜ ਪਏ ਮੀਂਹ ਤੋਂ ਬਾਅਦ ਸੜਕ ਦੀ ਹਾਲਤ ਕੱਚੀਆਂ ਪਹਿਆਂ ਨਾਲੋਂ ਵੀ ਮਾੜੀ ਹੋ ਗਈ ਹੈ ਇਸ ਪਾਸੇ ਵੱਲ ਆਉਣ ਵਾਲੇ ਅਧਿਆਪਕ ਅਤੇ ਦੋਧੀ ਸੜਕ ਦੀ ਹਾਲਤ ਤਰਸਯੋਗ ਹੋਣ ਕਾਰਨ ਡਿੱਗ ਪਏ ਅਤੇ ਜਖਮੀ ਹੋ ਗਏ।
ਲੋਕਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦਾ ਨਿਰਮਾਣ ਕਾਰਜ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਪ੍ਰੇਸ਼ਾਨੀ ਵਿਚੋਂ ਕੱਢਿਆ ਜਾ ਸਕੇ । ਇਸ ਮੌਕੇ ਲੋਕਾਂ ਨੇ ਕਿਹਾ ਕਿ ਜੇਕਰ ਸਾਡੇ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਪਟਿਆਲਾ-ਰਾਜਪੁਰਾ ਮੁੱਖ ਮਾਰਗ ਤੇ ਧਰਨਾ ਲਾਉਣਗੇ ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਦੀ ਹੋਵੇਗੀ।