ਪੰਜਾਬ ਸਰਕਾਰ ਦੇ ਸਾਢੇ 4 ਸਾਲ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ - ਸੱਜਣ ਸਿੰਘ ਚੀਮਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 20 ਜੁਲਾਈ 2021 ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਹੀ ਰਾਜਨੀਤਿਕ ਪਾਰਟੀਆਂ ਦੀਆਂ ਸਰਗਰਮੀਆਂ ਵੀ ਭੱਖਦੀਆਂ ਨਜ਼ਰ ਆ ਰਹੀਆਂ ਹਨ ਇਸੇ ਤਹਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਅਰਜੁਨਾ ਐਵਾਰਡੀ ਰਿਟਾ. ਐਸ.ਪੀ. ਸੱਜਣ ਸਿੰਘ ਨੇ ਅੱਜ ਖਿੰਡਾ ਫਾਰਮ ਡੱਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ , ਜਿੱਥੇ ਕਿ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਸ਼ਾਮਿਲ ਸਨ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਪ ਆਗੂ ਸੱਜਣ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਹਰੇਕ ਪਰਿਵਾਰ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ ਤੇ ਹਰੇਕ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਬਿਜਲੀ ਦੇ ਪੁਰਾਣੇ ਰਹਿੰਦੇ ਬਿੱਲ ਵੀ ਮੁਆਫ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ 200 ਯੂਨਿਟ ਮੁਫਤ ਬਿਜਲੀ ਪ੍ਰਾਪਤ ਕਰ ਰਹੇ ਐੱਸ.ਸੀ. , ਬੀ.ਸੀ ਤੇ ਆਜ਼ਾਦੀ ਘੁਲਾਟੀਏ ਆਦਿ ਵਰਗ ਹੁਣ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਬਿਜਲੀ ਬਿੱਲ ਨਾ ਭਰਨ ਕਰਕੇ ਕੱਟੇ ਗਏ ਬਿਜਲੀ ਕੁਨੈਕਸ਼ਨਾਂ ਨੂੰ ਵੀ ਮੁੜ ਜੋੜ ਦਿੱਤਾ ਜਾਵੇਗਾ।
ਸ.ਸੱਜਣ ਸਿੰਘ ਚੀਮਾ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ ।
ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਕਿਹਾ ਕਿ ਇਹ ਤਾਂ ਆਪਣੇ ਕਾਟੋ ਕਲੇਸ਼ ਨਾਲ ਹੀ ਖਤਮ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਜੋ ਲੀਡਰ ਹਫਤਾ ਪਹਿਲਾਂ "ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦਾ ਕੈਪਟਨ " ਦੇ ਵੱਡੇ ਵੱਡੇ ਫਲੈਕਸ ਸੂਬੇ ਵਿੱਚ ਲਗਵਾ ਰਹੇ ਸਨ , ਉਨ੍ਹਾਂ ਦੀ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਕਾਰਨ ਹਾਲਤ ਪਤਲੀ ਹੋ ਗਈ ਹੈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਨੇ 2017 ਵਿੱਚ ਸ਼੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਬਹੁਤ ਵੱਡੇ ਵੱਡੇ ਝੂਠੇ ਵਾਅਦੇ ਜਨਤਾ ਨਾਲ ਕੀਤੇ ਸਨ ਤੇ ਹੁਣ ਸਰਕਾਰ ਦੇ ਸਾਢੇ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ ।
ਜਿਸ ਕਾਰਨ ਕਾਂਗਰਸ ਦੀ ਹਾਲਤ ਵੀ ਅਕਾਲੀ ਦਲ ਵਾਂਗ ਪਤਲੀ ਹੋ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇਹ ਵੀ ਗਰੰਟੀ ਦਿੱਤੀ ਹੈ ਕਿ ਜਿਹੜੇ ਨੌਕਰੀ ਦੇ ਫਾਰਮ ਲੋਕਾਂ ਦੇ ਕਾਂਗਰਸ ਸਰਕਾਰ ਨੇ ਭਰੇ ਸਨ ਪਰ ਨੌਕਰੀ ਨਹੀਂ ਦਿੱਤੀ , ਸਾਡੀ ਸਰਕਾਰ ਬਣਨ ਤੇ ਉਨ੍ਹਾਂ ਫਾਰਮਾਂ ਤੇ ਹੀ ਨੌਕਰੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਪਿਛਲੇ 70 ਸਾਲ ਤੋਂ ਪੰਜਾਬ ਵਿੱਚ ਵਾਰੋ ਵਾਰੀ ਰਾਜ ਕੀਤਾ ਤੇ ਜਨਤਾ ਨੂੰ ਲੁੱਟਣ ਤੋਂ ਇਲਾਵਾ ਇਹਨਾਂ ਨੇ ਕੁਝ ਨਹੀਂ ਸੰਵਾਰਿਆ । ਉਨ੍ਹਾਂ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੀ ਗੱਲ ਕਰਦੇ ਕਿਹਾ ਕਿ ਸਾਰੇ ਪਿੰਡਾਂ ਵਿੱਚੋਂ ਆਪ ਪਾਰਟੀ ਨੂੰ ਬਹੁਤ ਵੱਡਾ ਮਾਣ ਮਿਲ ਰਿਹਾ ਹੈ ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਲ ਹੋ ਰਹੇ ਹਨ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ ।
ਇਸ ਸਮੇਂ ਮੀਟਿੰਗ ਵਿੱਚ ਜਸਵੰਤ ਸਿੰਘ ਆਹਲੀ,ਗੁਰਚਰਨ ਸਿੰਘ ਬਿੱਟੂ, ਬਲਬੀਰ ਸਿੰਘ ਮਸੀਤਾਂ, ਜਗਤਾਰ ਸਿੰਘ ਆਹਲੀ, ਬਲਜੀਤ ਸਿੰਘ ਬਾਜਵਾ ,ਨਰਿੰਦਰ ਸਿੰਘ ਖਿੰਡਾ, ਬੀਬੀ ਰਮਨ ਜੈਨ ਜਿਲਾ ਪ੍ਰਧਾਨ ਇਸਤਰੀ ਵਿੰਗ , ਸੁਦੇਸ ਕੁਮਾਰ ਰਿਟਾ. ਇੰਸਪੈਕਟਰ , ਮੇਜਰ ਸਿੰਘ ਮਨਜੀਤ ਸਿੰਘ, ਗੁਰਦੇਵ ਸਿੰਘ, ਫਕੀਰ ਸਿੰਘ ਫ਼ੌਜੀ ,ਹਰਦੀਪ ਸਿੰਘ, ਹਰਜਿੰਦਰ ਸਿੰਘ ,ਦਲਜੀਤ ਸਿੰਘ, ਜਸਵਿੰਦਰ ਸਿੰਘ, ਸਲਵਿੰਦਰ ਸਿੰਘ , ਸੁਖਜਿੰਦਰ ਸਿੰਘ, ਕੁਲਦੀਪ ਸਿੰਘ , ਹਰਵਿੰਦਰ ਸਿੰਘ, ਜਸਪਾਲ ਸਿੰਘ , ਗੁਰਦਰਸ਼ਨ ਸਿੰਘ ਰਿਟਾ. ਡੀ.ਐਸ.ਐਸ.ਓ.,ਹਰਦੀਪ ਸਿੰਘ ਆਰ.ਸੀ.ਐਫ.,ਲਵਪ੍ਰੀਤ ਸਿੰਘ , ਰਜਿੰਦਰ ਸਿੰਘ ਜੈਨਪੁਰ ਆਦਿ ਵੱਡੀ ਗਿਣਤੀ ਚ ਵਰਕਰਾਂ ਨੇ ਸ਼ਿਰਕਤ ਕੀਤੀ ।