ਵੇਈਂ ਦੀ 21 ਵੀਂ ਵਰ੍ਹੇਗੰਢ ਮਨਾਉਣ ਲਈ ਸੰਤ ਸੀਚੇਵਾਲ ਵੱਲੋਂ ਮੀਟਿੰਗ
ਬਲਵਿੰਦਰ ਸਿੰਘ ਧਾਲੀਵਾਲ
- ਬਰਸਾਤ ਦੇ ਮੌਸਮ ਵਿੱਚ ਵੱਡੀ ਪੱਧਰ ‘ਤੇ ਬੂਟੇ ਲਗਾਉਣ ਦਾ ਸੱਦਾ
ਸੁਲਤਾਨਪੁਰ ਲੋਧੀ, 18 ਜੁਲਾਈ 2021 - ਸੰਗਤਾਂ ਦੁਆਰਾ ਕੀਤੀ ਗਈ ਅਣਥੱਕ ਕਾਰਸੇਵਾ ਦੀ ਅਦੁੱਤੀ ਮਿਸਾਲ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਨੇ 20 ਸਾਲਾਂ ਦਾ ਲੰਮਾ ਸਫਰ ਪੂਰਾ ਕਰ ਲਿਆ ਹੈ। ਇਸ ਮੌਕੇ ਪਵਿੱਤਰ ਕਾਲੀ ਵੇਈਂ ਦੀ 25 ਜੁਲਾਈ 2021 ਨੂੰ 21ਵੀਂ ਵਰ੍ਹੇਗੰਢ ਮਨਾਉਣ ਲਈ ਚੱਲ ਰਹੀਆਂ ਤਿਆਰੀਆਂ ਦੌਰਾਨ ਨਿਰਮਲ ਕੁਟੀਆ ਸੁੁਲਤਾਨਪੁਰ ਲੋਧੀ ਵਿੱਚ ਇਸ ਸੰਬੰਧੀ ਇਕ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਵੇਈਂ ਦੇ ਕਿਨਾਰਿਆਂ ਦੀ ਲਗਤਾਰ ਸਫਾਈ ਰੱਖਣ ਅਤੇ ਸ਼ੁਰੂ ਹੋਏ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ‘ਤੇ ਜ਼ੋਰ ਦਿੱਤਾ। ਸੰਤ ਸੀਚੇਵਾਲ ਨੇ ਦੱਸਿਆ ਕਿ ਪਿਛਲੇ 21 ਸਾਲਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੇ ਦੁਨੀਆਂ ਭਰ ਦੇ ਵਾਤਾਵਰਣ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸ਼ੁਰੂ ਹੋ ਚੁੱਕੇ ਬਰਸਾਤਾਂ ਦੇ ਮੌਸਮ ਦੌਰਾਨ ਦਰਿਆਵਾਂ ਦੇ ਬੰਨ੍ਹਾਂ ‘ਤੇ ਵੀ ਨਜ਼ਰਾਂ ਰੱਖਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਸੇਵਾਦਾਰਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਤਾਵਰਣ ਵਿੱਚ ਆ ਰਹੇ ਨਿਘਾਰ ਦੌਰਾਨ ਪਵਿੱਤਰ ਵੇਈਂ ਦੀ ਕਾਰ ਸੇਵਾ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਲੋਕਾਂ ਦਾ ਧਿਆਨ ਬੂਟੇ ਲਗਾਉਣ ਵੱਲ ਵਧਿਆ ਹੈ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਿਸੇ ਨਦੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਾਫ਼ ਕਰਕੇ ਉਸਨੂੰ ਮੁੜ ਨਿਰਮਲ ਧਾਰਾ ਵਿੱਚ ਵੱਗਣ ਲਾਉਣ ਦੀ ਇਹ ਪਹਿਲੀ ਮਿਸਾਲ ਹੈ, ਜਿਸਨੇ ਕਾਰਸੇਵਾ ਦੇ ਅਰਥਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਗਵਾਈ ਹੇਠ ਚੱਲੀ ਇਸ ਕਾਰਸੇਵਾ ਦੌਰਾਨ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਸੰਗਤਾਂ ਦੇ ਸਿਰਾਂ ‘ਤੇ ਰਹਿਬਰ ਗੁਰੂ ਨਾਨਕ ਦੇਵ ਜੀ ਦਾ ਹੱਥ ਸੀ। ਜਿਸ ਨਾਲ ਕਾਰਸੇਵਾ ਨਾਲ ਅਲੋਪ ਹੋ ਰਹੀ ਸਿੱਖੀ ਦੀ ਧ੍ਰੋਹਰ ਕਾਲੀ ਵੇਈਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰੱਖਣ ਦਾ ਨਿਸ਼ਾਨਾ ਸੰਗਤਾਂ ਦੁਆਰਾ ਕੀਤੀ ਗਈ ਅਣਥੱਕ ਤੇ ਨਿਸ਼ਕਾਮ ਸੇਵਾ ਭਾਵਨਾ ਨਾਲ ਸਹਿਜ਼ੇ ਹੀ ਪੂਰਾ ਕਰ ਲਿਆ ਗਿਆ। ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਨਾਲ ਸੁਲਤਾਨਪੁਰ ਲੋਧੀ ਦਾ ਨਾਮ ਮੁੜ ਦੁਨੀਆ ਦੇ ਨਕਸ਼ੇ ‘ਤੇ ਸੁਨਿਹਰੀ ਹੋ ਚਮਕਿਆ ਹੈ। ਕਾਦਰ ਦੀ ਕੁਦਰਤ ਦਾ ਜੋ ਫਲਸਫਾ ਗੁਰੁ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਸੀ, ਉਸਨੂੰ ਦੁਨੀਆਂ ਦੇ ਲੋਕਾਂ ਇਸ ਕਾਰਸੇਵਾ ਰਾਹੀਂ ਸਾਕਾਰ ਹੁੰਦਿਆਂ ਵੇਖਿਆ ਹੈ। ਇਸਦਾ ਸਮੁੱਚਾ ਸਿਹਰਾ ਸਮੁੱਚੀ ਗੁਰਸੰਗਤ ਸਿਰ ਬੱਝਦਾ ਹੈ।
ਮੀਟਿੰਗ ਦੌਰਾਨ ਪਵਿੱਤਰ ਵੇਈਂ ਦੀ ਸਫਾਈ ਦੇ ਨਾਲ–ਨਾਲ ਵੇਈਂ ਵਿੱਚ ਜਲਕੁੰਭੀ ਬੂਟੀ ਨੂੰ ਕੱਢਣ ਅਤੇ ਖ਼ਾਸ ਕਰਕੇ ਵੇਈਂ ‘ਤੇ ਆਉਂਦੇ ਪੁਲਾਂ ਹੇਠੋਂ ਬੂਟੀ ਕੱਢਣ ਲਈ ਕਿਹਾ। ਮੀਟਿੰਗ ਵਿੱਚ ਸੇਵਾਦਰਾਂ ਨੂੰ ਡਿਊਟੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਸੰਤ ਸੀਚੇਵਾਲ ਜੀ ਨੇ ਸੰਗਤਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੇ 20 ਸਾਲਾਂ ਦੇ ਸ਼ਾਨਮੱਤੇ ਸਫਰ ਨੂੰ ਅੱਗੇ ਤੋਰਦਿਆਂ ਮਿਤੀ 25 ਜੁਲਾਈ 2021 ਨੂੰ ਪਵਿੱਤਰ ਕਾਲੀ ਵੇਈਂ ਦੀ 21ਵੀਂ ਵਰ੍ਹੇਗੰਢ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਜਿਸ ਵਿਚ ਆਏ ਹੋਏ ਮਹਾਂਪੁਰਸ਼ਾਂ ਅਤੇ ਵਿਦਵਾਨਾਂ ਵੱਲੋਂ ਪੰਜਾਬ ਨੂੰ ਪਵਿੱਤਰ ਕਾਲੀ ਵੇਈਂ ਤੇ ਪੰਜਾਬ ਨੂੰ ਵਾਤਾਵਰਣ ਪੱਖੋਂ ਤੋਂ ਹੋਰ ਬੇਹਤਰ ਬਣਾਉਣ ਲਈ ਵਿਚਾਰ ਚਰਚਾ ਕੀਤੀ ਜਾਵੇਗੀ।
ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤੇਜਿੰਦਰ ਸਿੰਘ, ਸਰਪੰਚ ਜੋਗਾ ਸਿੰਘ , ਪ੍ਰਿੰਸੀਪਲ ਸਤਪਾਲ ਸਿੰਘ ਗਿੱਲ,ਕਾਮਰੇਡ ਹਰਭਜਨ ਸਿੰਘ, ਗੁਰਦੇਵ ਸਿੰਘ ਫੌਜੀ, ਗੱਤਕਾ ਕੋਚ ਗੁਰਵਿੰਦਰ ਕੌਰ, ਜੱਥੇਦਾਰ ਬਲਵਿੰਦਰ ਸਿੰਘ ਸਰੂਪਵਾਲ, ਅਤੇ ਹੋਰ ਇਲਾਕੇ ਦੇ ਸੇਵਾਦਰਾਂ ਹਾਜ਼ਰ ਸਨ।