ਨਗਰ ਨਿਗਮ ਦੀ ਨਾਲਾਇਕੀ ਕਾਰਨ ਰਾਜਿੰਦਰਾ ਝੀਲ ਵਿੱਚ ਮਰੀਆਂ ਮੱਛੀਆਂ, ਫੈਲੀ ਬਦਬੂ - ਸੰਦੀਪ ਬੰਧੂ
ਜੀ ਐਸ ਪੰਨੂ
- ਮੱਛੀਆਂ ਮਰਨ ਦੇ ਕਾਰਨਾਂ ਦੀ ਹੋਏ ਜਾਂਚ ਦੋਸ਼ੀ ਅਫਸਰਾਂ ਖਿਲਾਫ ਹੋਵੇ ਕਾਰਵਾਈ - ਸੰਦੀਪ ਬੰਧੂ
ਪਟਿਆਲਾ,16 ਜੁਲਾਈ 2021 - ਪਟਿਆਲਾ ਦੀ ਰਾਜਿੰਦਰਾ ਝੀਲ ਵਿੱਚ ਸਫਾਈ ਨਾ ਹੋਣ ਕਰਕੇ ਸੈਂਕੜਿਆਂ ਦੀ ਤਦਾਦ ਵਿੱਚ ਮੱਛੀਆਂ ਮਰ ਗਈਆਂ ਹਨ। ਆਮ ਲੋਕਾਂ ਵਲੋਂ ਜਾਣਕਾਰੀ ਦੇਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਝੀਲ ਦਾ ਦੌਰਾ ਕੀਤਾ, ਅਤੇ ਦੇਖਿਆ ਕਿ ਝੀਲ ਵਿਚ ਸੈਂਕੜੇ ਦੀਆਂ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਸਨ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੀਡੀਆ ਇੰਚਾਰਜ ਸੰਦੀਪ ਬੰਧੂ ਨੇ ਦੱਸਿਆ ਕਿ ਆਮ ਲੋਕਾਂ ਵਲੋਂ ਜਾਣਕਾਰੀ ਦੇਣ ਤੇ ਕਿ ਰਾਜਿੰਦਰਾ ਝੀਲ ਵਿੱਚ ਮੱਛੀਆਂ ਮਰੀਆਂ ਹੋਈਆਂ ਪਾਣੀ ਵਿੱਚ ਤੈਰ ਰਹੀਆਂ ਹਨ। ਉਹ ਤੁਰੰਤ ਆਪਣੇ ਸਾਥੀ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਗੋਲ ਰਾਜਪੂਤ ਨੂੰ ਨਾਲ ਲੈਕੇ ਰਾਜਿੰਦਰਾ ਝੀਲ ਵਿਖੇ ਪਹੁੰਚੇ, ਉਥੇ ਜਾਕੇ ਅੱਖੀਂ ਦੇਖਿਆ ਕਿ ਝੀਲ ਵਿੱਚ ਕਾਫੀ ਵੱਡੀ ਸੰਖਿਆਂ ਵਿੱਚ ਮਰੀਆਂ ਹੋਈਆਂ ਮੱਛੀਆਂ ਪਾਣੀ ਵਿੱਚ ਤੈਰ ਰਹੀਆਂ ਸਨ। ਝੀਲ ਦੇ ਕਿਨਾਰਿਆਂ ਤੇ ਵੀ ਮੱਛੀਆਂ ਮਰੀਆਂ ਪਈਆਂ ਸਨ, ਜਿਨ੍ਹਾਂ ਵਿੱਚ ਅਵਾਰਾ ਕੁੱਤੇ ਮੂੰਹ ਮਾਰ ਰਹੇ ਸਨ । ਝੀਲ ਦੇ ਕਿਨਾਰੇ ਇੰਨੀ ਜਿਆਦਾ ਗੰਦੀ ਬਦਬੂ ਹੋਈ ਪਈ ਸੀ ਕਿ ਉੱਥੇ ਖੜਨਾ ਵੀ ਮੁਸ਼ਕਿਲ ਹੋਇਆ ਪਿਆ ਸੀ। ਝੀਲ ਦਾ ਪਾਣੀ ਬਿਲਕੁਲ ਗੰਦਾ ਹੋ ਚੁੱਕਿਆ ਹੈ। ਝੀਲ ਵਿੱਚ ਬੂਟੀ ਉੱਗੀ ਹੋਈ ਹੈ। ਝੀਲ ਵਿੱਚ ਪਹਿਲਾਂ ਨਾਲੋਂ ਹੋਰ ਵੀ ਗੰਦਗੀ ਫੈਲ ਚੁੱਕੀ ਹੈ। ਪ੍ਰਸ਼ਾਸ਼ਨ ਵਲੋਂ ਝੀਲ ਦੀ ਬਿਲਕੁਲ ਵੀ ਸਫਾਈ ਨਹੀਂ ਕੀਤੀ ਜਾ ਰਹੀ ਹੈ।
ਸੰਦੀਪ ਬੰਧੂ ਨੇ ਕਿਹਾ ਮਰੀਆਂ ਹੋਈ ਮੱਛੀਆਂ ਦੇ ਕਾਰਨ ਇਲਾਕੇ ਵਿੱਚ ਭਾਰੀ ਬਦਬੂ ਫੈਲ ਚੁੱਕੀ ਹੈ। ਝੀਲ ਦੇ ਬਿਲਕੁਲ ਨਾਲ ਉੱਤਰ ਭਾਰਤ ਦਾ ਇਤਿਹਾਸਕ ਅਤੇ ਪ੍ਰਸਿੱਧ ਸ੍ਰੀ ਮਾਤਾ ਕਾਲੀ ਦੇਵੀ ਜੀ ਦਾ ਮੰਦਿਰ ਹੈ। ਇਥੇ ਸ਼ਰਧਾਲੂਆਂ ਦੀ ਹਰ ਸਮੇ ਭਾਰੀ ਭੀੜ ਰਹਿੰਦੀ ਹੈ। ਇਸ ਬਦਬੂ ਦੇ ਕਾਰਨ ਉਹਨਾਂ ਦਾ ਮੰਦਿਰ ਆਉਣਾ ਵੀ ਮੁਸ਼ਕਿਲ ਹੋ ਰਿਹਾ ਹੈ। ਸੰਦੀਪ ਬੰਧੂ ਨੇ ਦੱਸਿਆ ਕਿ ਇਸ ਝੀਲ ਦਾ ਕੈਪਟਨ ਸਰਕਾਰ ਵਲੋਂ 5.4 ਕਰੋੜ ਰੁਪਏ ਖਰਚ ਕਰਕੇ ਦੁਬਾਰਾ ਨਵ-ਨਿਰਮਾਣ ਕੀਤਾ ਗਿਆ ਹੈ, ਪਰ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਦੀ ਪਟਿਆਲਾ ਫੇਰੀ ਦੌਰਾਨ ਬਿਨ੍ਹਾਂ ਇਸ ਝੀਲ ਦੇ ਕੰਮ ਨੂੰ ਪੂਰਾ ਕੀਤਿਆਂ ਫੌਕੀ ਸੌਹਰਤ ਲੈਣ ਲਈ ਜਲਦਬਾਜ਼ੀ ਵਿੱਚ ਇਸ ਦਾ ਉਦਘਾਟਨ ਨਗਰ ਨਿਗਮ ਪਟਿਆਲਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਰਵਾ ਦਿੱਤਾ ਗਿਆ ਸੀ। ਝੀਲ ਦੇ ਚਾਰੋ ਪਾਸੇ ਸੈਰ ਕਰਨ ਲਈ ਪੱਕਾ ਰਸਤਾ ਨਹੀਂ ਬਣਾਇਆ ਗਿਆ ਹੈ। ਨਾ ਹੀ ਅੱਜ ਤਕ ਇਸ ਝੀਲ ਵਿੱਚ ਕਿਸ਼ਤੀਆਂ ਚਲਾਈਆਂ ਗਈਆਂ ਹਨ। ਨਾ ਹੀ ਇਸ ਝੀਲ ਦੇ ਕਿਨਾਰੇ ਤੇ ਕੋਈ ਕੈਨਟੀਨ ਬਣਾਈ ਗਈ ਹੈ। ਪਰ ਆਮ ਲੋਕਾਂ ਦੇ ਖੂਨ ਪਸੀਨੇ ਦੇ ਟੈਕਸਾਂ ਦਾ ਪੈਸਾ ਖੁੱਲੇ ਦਿਲ ਨਾਲ ਉਜਾੜਿਆਂ ਗਿਆਂ ਹੈ।
ਸੰਦੀਪ ਬੰਧੂ ਨੇ ਦੱਸਿਆਂ ਕਿ ਝੀਲ ਦੇ ਨਿਰਮਾਣ ਸਮੇਂ ਵੀ ਉਹਨਾਂ ਵਲੋਂ ਇਸ ਵਿੱਚ ਘਪਲੇ ਹੋਣ ਸਬੰਧੀ ਮਾਮਲਾ ਉਠਾਇਆ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਝੀਲ ਵਿੱਚੋਂ ਦਰੱਖ਼ਤ ਕੱਟੇ ਗਏ ਸਨ ਅਤੇ ਮਿੱਟੀ ਕੱਢਕੇ ਵੇਚੀ ਗਈ ਸੀ। ਪਰ ਕੋਈ ਸੁਣਵਾਈ ਨਹੀਂ ਹੋਈ ਸੀ। ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਹਨਾਂ ਮਰੀਆਂ ਹੋਈਆਂ ਮੱਛੀਆਂ ਕਰਕੇ ਬਿਮਾਰੀ ਵੀ ਫੈ਼ਲ ਸਕਦੀ ਹੈ। ਉਹਨਾਂ ਨੇ ਦੱਸਿਆਂ ਕਿ ਇਸ ਸਬੰਧੀ ਉਨ੍ਹਾਂ ਵਲੋਂ ਪ੍ਰਸ਼ਾਸ਼ਨ ਨਾਲ ਵੀ ਗਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ। ਸੰਦੀਪ ਬੰਧੂ ਨੇ ਕਿਹਾ ਕਿ ਉਹ ਆਪਣੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਇਸ ਝੀਲ ਵਿੱਚੋਂ ਮਰੀਆਂ ਹੋਈਆਂ ਮੱਛੀਆਂ ਕੱਢਕੇ ਇਸਦੀ ਸਫ਼ਾਈ ਜਲਦ ਤੋਂ ਜਲਦ ਕਰਵਾਈ ਜਾਵੇ, ਅਤੇ ਇਸ ਵਿੱਚ ਗੰਦਗੀ ਅਤੇ ਗੰਦਾ ਪਾਣੀ ਕੱਢਕੇ ਤੁਰੰਤ ਸਾਫ਼ ਪਾਣੀ ਛੱਡਿਆਂ ਜਾਵੇ ਅਤੇ ਨਾਲ ਹੀ ਮੱਛੀਆਂ ਮਰਨ ਦੇ ਕਾਰਨ ਦੀ ਜਾਂਚ ਵੀ ਕੀਤੀ ਜਾਵੇ ਅਤੇ ਜਿੰਮੇਵਾਰ ਵਿਅਕਤੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਦੂਜਾ ਇਸ ਝੀਲ ਦਾ ਬਾਕੀ ਰਹਿੰਦਾ ਕੰਮ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਵਲੋਂ ਆਮ ਲੋਕਾਂ ਨੂੰ ਨਾਲ ਲੈਕੇ ਸਰਕਾਰ ਖਿਲਾਫ ਸ਼ੰਘਰਸ਼ ਕੀਤਾ ਜਾਵੇਗਾ।