ਮਾਣਭੱਤਾ ਤੇ ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ ਵੱਲੋਂ ਰੈਲੀ ਤੇ ਮੋਤੀ ਮਹਿਲ ਵੱਲ ਮਾਰਚ
ਜੀ ਐਸ ਪੰਨੂ
ਪਟਿਆਲਾ, 11 ਜੁਲਾਈ 2021 - ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ, ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ, ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਅਤੇ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ 'ਤੇ ਆਧਾਰਿਤ 'ਮਾਣ ਭੱਤਾ, ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ' ਵੱਲੋਂ ਪਟਿਆਲਾ ਵਿਖੇ ਕੀਤੀ ਗਈ ਸੂਬਾਈ ਮੀਟਿੰਗ ਵਿੱਚ ਮਾਣ ਭੱਤਾ ਵਰਕਰਾਂ 'ਤੇ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕਰਵਾਉਣ ਅਤੇ ਕੱਚੇ ਤੇ ਕੰਟਰੈਕਟ ਵਰਕਰਾਂ ਨੂੰ ਪੱਕਾ ਕਰਵਾਉਣ ਲਈ 21 ਜੁਲਾਈ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਤੇ ਮੋਤੀ ਮਹਿਲ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਵਿੱਚ ਮੋਰਚੇ ਦੇ ਆਗੂ ਪਰਮਜੀਤ ਕੌਰ ਮਾਨ, ਲਖਵਿੰਦਰ ਕੌਰ ਫਰੀਦਕੋਟ, ਰਛਪਾਲ ਸਿੰਘ ਅਤੇ ਮਮਤਾ ਸ਼ਰਮਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਮਾਣ ਭੱਤਾ ਅਤੇ ਕੱਚੇ ਵਰਕਰਾਂ ਨੂੰ ਆਪਣੇ ਹੀ ਦੇਸ਼ ਅੰਦਰ ਬੰਧੂਆ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। ਉਹਨਾ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਵੱਲੋਂ ਕੱਚੇ ਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 2016 ਵਾਲੇ ਐਕਟ ਦੀ ਜਗ੍ਹਾ ਜੋ ਨਵਾਂ ਐਕਟ 2020 ਤਿਆਰ ਕੀਤਾ ਗਿਆ ਹੈ ਉਸ ਨਾਲ 10 ਪ੍ਰਤੀਸ਼ਤ ਕੱਚੇ ਮੁਲਾਜ਼ਮ ਵੀ ਪੱਕੇ ਨਹੀਂ ਹੋਣੇ ਅਤੇ ਇਸ ਐਕਟ ਅੰਦਰ ਆਸ਼ਾ ਵਰਕਰਾਂ ਤੇ ਮਿਡ-ਡੇ-ਮੀਲ ਵਰਕਰਾਂ ਲਈ ਇੱਕ ਫੁੱਟੀ ਕੌਡੀ ਵੀ ਨਹੀਂ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਧੋਖਾਧੜੀ ਦਾ ਜਵਾਬ ਦਿੱਤਾ ਜਾਵੇਗਾ ਅਤੇ ਉਸ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਥਾਂ ਥਾਂ 'ਤੇ ਘੇਰ ਕੇ ਕੱਚੇ ਮੁਲਾਜ਼ਮਾਂ ਦੇ ਜੀਵਨ ਨਾਲ ਖੇਡਣ ਦਾ ਹਿਸਾਬ ਲਿਆ ਜਾਵੇਗਾ।
ਮੀਟਿੰਗ ਵਿੱਚ ਮਤਾ ਪਾਸ ਕਰਕੇ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਸ਼ਕੁੰਤਲਾ ਸਰੋਏ, ਗੁਰਜੀਤ ਕੌਰ ਸ਼ਾਹਕੋਟ, ਹਰਿੰਦਰ ਐਮਾਂ, ਮਨਦੀਪ ਕੌਰ ਬਿਲਗਾ, ਕੁਲਵਿੰਦਰ ਕੌਰ ਜਲੰਧਰ, ਲਖਬੀਰ ਸਿੰਘ ਸਮਰਾਲਾ, ਰਵੀ ਸਮਰਾਲਾ ਅਤੇ ਬਲਜਿੰਦਰ ਸਿੰਘ ਮਿੰਟੂ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਜਰਮਨਜੀਤ ਸਿੰਘ, ਹਰਦੀਪ ਟੋਡਰਪੁਰ, ਹਰਿੰਦਰ ਦੁਸਾਂਝ, ਗੁਰਜੀਤ ਸਿੰਘ ਘੱਗਾ ਅਤੇ ਰਾਕੇਸ਼ ਪੋਹੀਰ ਵੀ ਹਾਜ਼ਰ ਸਨ।