ਵਧਦੀ ਅਬਾਦੀ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਮਨਾਇਆ ਵਿਸ਼ਵ ਅਬਾਦੀ ਦਿਵਸ
ਜਗਤਾਰ ਸਿੰਘ
- ਪਰਿਵਾਰ ਨਿਯੋਜਨ ਦੇ ਪੱਕੇ ਤੇਂ ਕੱਚੇ ਸਾਧਨਾ ਰਾਹੀ ਪਰਿਵਾਰਾਂ ਨੂੰ ਰੱਖਿਆ ਜਾ ਸਕਦਾ ਹੈ ਸੀਮਤ: ਡਾ. ਪ੍ਰਿੰਸ ਸੋਢੀ
ਪਟਿਆਲਾ 11 ਜੁਲਾਈ 2021 - ਮਿਸ਼ਨ ਤੰਦਰੂਸਤ ਪੰਜਾਬ ਤਹਿਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਰੋਨਾ ਗਾਈਡਲਾਈਨ ਦਾ ਪਾਲਣ ਕਰਦੇ ਹੋਏ ਜਿਲਾ ਸਿਹਤ ਵਿਭਾਗ ਵੱਲੋ ਲੋਕਾਂ ਨੂੰ ਵੱਧਦੀ ਅਬਾਦੀ ਦੀਆਂ ਸਮਸਿਆਵਾਂ ਅਤੇ ਛੋਟੇ ਪਰਿਵਾਰਾਂ ਦੇ ਲਾਭ ਪ੍ਰਤੀ ਜਾਗਰੂਕ ਕਰਨ ਲਈ“ ਆਪਦਾ ਵਿਚ ਹੀ ਪਰਿਵਾਰ ਨਿਯੋਜਨ ਦੀ ਤਿਆਰੀ, ਸੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿਮੇਵਾਰੀ” ਦੇ ਨਾਅਰੇ ਤਹਿਤ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ। ਇੱਕਠ ਨੰੁ ਸੰਬੋਧਨ ਕਰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਵੱਧਦੀ ਅਬਾਦੀ ਇਕ ਅਹਿਮ ਮਸਲਾ ਹੈ ,ਜੋ ਦੇਸ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ।
ਉਹਨਾਂ ਕਿਹਾ ਇਕ ਸਿਹਤਮੰਦ ਸਮਾਜ ਦੇ ਲਈ ਅਬਾਦੀ ਦਾ ਸਥਿਰ ਹੋਣਾ ਬਹੁਤ ਜਰੂਰੀ ਹੈ ਅਤੇ ਜਿੰਨੀ ਤੇਜੀ ਨਾਲ ਸਾਡੀ ਅਬਾਦੀ ਵਧੇਗੀ ਉਨ੍ਹੇ ਹੀ ਸਾਡੇ ਕੁਦਰਤੀ ਸੋਮੇ ਘੱਟਦੇ ਜਾਣਗੇ ਤੇ ਸਾਨੂੰ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਵਧਦੀ ਆਬਾਦੀ ਕਰਕੇ ਗ਼ਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ ਤੇ ਪ੍ਰਦੂਸ਼ਣ ਆਦਿ ਵਿੱਚ ਵੀ ਬੇਪਨਾਹ ਵਾਧਾ ਹੋਇਆ ਹੈ।ਨਿਰੰਤਰ ਵੱਧ ਰਹੀ ਅਬਾਦੀ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੈ, ਜਿਸ `ਤੇ ਕਾਬੂ ਪਾਉਣ ਲਈ ਜਿੱਥੇ ਸਰਕਾਰ ਆਪਣੀ ਸਰਗਰਮ ਭੂਮਿਕਾ ਨਿਭਾਅ ਰਹੀ ਹੈ, ਉੱਥੇ ਇਸ ਕਾਰਜ ਵਿੱਚ ਚੰਗੀ ਸਫਲਤਾ ਪ੍ਰਾਪਤ ਕਰਨ ਲਈ ਸਾਂਝੇ ਸਮਾਜਕ ਯਤਨਾਂ ਦੀ ਵੀ ਲੋੜ ਹੈ।ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸੀਮਤ ਰੱਖਣ ਲਈ ਸਿਹਤ ਵਿਭਾਗ ਵੱਲੋਂ ਸਾਰੀਆਂ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕਰਨ ਦੇ ਨਾਲ ਨਾਲ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਅਪਣਾਉਣ ਵਾਲਿਆਂ ਨੂੰ ਸਿਹਤ ਵਿਭਾਗ ਵੱਲੋ ਕੁੱਝ ਰਾਸ਼ੀ ਵੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹਰੇਕ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਪਰਿਵਾਰ ਇਕ ਜਾਂ ਦੋ ਬੱਚਿਆਂ ਤੱਕ ਸੀਮਤ ਰੱਖਣ।
ਜਿਲ੍ਹਾ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੂਰੀ ਨੇਂ ਕਿਹਾ ਕਿ ਪਰਿਵਾਰ ਨਿਯੋਜਨ ਦੇ ਪੱਕੇ ਤਰੀਕਿਆਂ ਪੁਰਸ਼ਾ ਲਈ ਚੀਰਾ ਰਹਿਤ ਨਸਬੰਦੀ ਕਰਾਉਣ ਤੇ 1100/- ਰੁਪਏ ਅਤੇ ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕਰਾਉਣ ਤੇਂ ਅਨੁਸੂਚਿਤ ਜਾਤੀ ਤੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ 600 ਰੁਪਏ ਅਤੇ ਜਨਰਲ ਵਰਗ ਨਾਲ ਸਬੰਧਤ ਔਰਤਾਂ ਨੂੰ 250 ਰੁਪਏ ਦੀ ਰਾਸ਼ੀ ਸਿਹਤ ਵਿਭਾਗ ਵੱਲੋਂ ਦਿਤੀ ਜਾਂਦੀ ਹੈ।ਇਸੇ ਤਰਾਂ ਪਵਿਰਾਨ ਨਿਯੋਜਨ ਦੇ ਕੱਚੇ ਤਰੀਕਿਆਂ ਵਿੱਚ ਪੀ.ਆਈ.ਯੂੀ.ਸੀ.ਡੀ.ਜੋ ਕਿ ਹੁਣ ਜਣੇਪੇ ਤੋਂ 48 ਘੰਟੇ ਦੇ ਅੰਦਰ-ਅੰਦਰ ਕਾਪਰਟੀ ਲਗਾਉਣ ਦੀ ਵਿਵਸਥਾ ਹੈ, 5 ਤੋਂ 10 ਸਾਲ ਤੱਕ ਗਰਭ ਨਿਰੋਧਕ ਵੱਜੋਂ ਕੰਮ ਕਰਦੀ ਹੈ।
ਅੰਤਰਾ ਪ੍ਰੋਗਰਾਮ ਤਹਿਤ ਗਰਭ ਰੋਕੂ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਟੀਕੇ ਦਾ ਅਸਰ ਤਿੰਨ ਮਹੀਨੇ ਤੱਕ ਰਹਿੰਦਾ ਹੈ।ਜਦੋ ਤੱਕ ਔਰਤ ਨੂੰ ਬੱਚਾ ਨਹੀਂ ਚਾਹੀਦਾ, ਉਸ ਸਮੇਂ ਤੱਕ ਹਰ ਤਿੰਨ ਮਹੀਨੇ ਬਾਅਦ ਇਹ ਟੀਕਾ ਮੁੜ ਲਗਵਾਉਣਾ ਪਵੇਗਾ।ਇਸੇ ਤਰਾਂ ਛਾਇਆ ਜੋ ਕਿ ਗੈਰ ਹਾਰਮੋਨਲ ਗਰਭ ਨਿਰੋਧਕ ਗੋਲੀ ਹੈ, ਵੀ ਗਰਭ ਰੋਕੂ ਦਾ ਸੁੱਰਖਿਅਤ ਸਾਧਨ ਹੈ।ਅੋਰਤ ਆਪਣੀ ਇੱਛਾ ਅਨੁਸਾਰ ਇਹਨਾਂ ਗੋਲੀਆ ਦੀ ਵਰਤੋਂ ਨੁੰ ਬੰਦ ਕਰਕੇ ਗਰਭ ਧਾਰਨ ਕਰ ਸਕਦੀ ਹੈ।ਉਹਨਾਂ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਸਰਕਾਰੀ ਹਸਪਤਾਲਾ ਵਿੱਚ ਮੁਫਤ ਉਪਲਬਧ ਹਨ।ਇਸ ਮੌਕੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੂਰੀ, ਡਾ.ਵਿਕਾਸ ਗੋਇਲ ਡਾ. ਠਾਕੁਰ ਵੀਰ, ਡਾ. ਪ੍ਰਨੀਤ ਕੌਰ, ਡਾ. ਗੁਰਸਿਮਰਨ, ਡਾ. ਦਿਵਜੋਤ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਤੇਂ ਜਸਜੀਤ ਕੌਰ,ਤਰਲੋਚਨ ਸਿੰਘ, ਬਿੱਟੂ ਅਤੇ ਵੱਖ ਵੱਖ ਸਿਹਤ ਸੰਸ਼ਥਾਂਵਾ ਤੋਂ ਆਈਆਂ ਏ.ਐਨ.ਐਮ ਅਤੇ ਆਸ਼ਾ ਵੀ ਹਾਜਰ ਸਨ।