ਅਮਰੀਕਾ ਵਿੱਚ ਦਿੱਤਾ ਜਾਵੇਗਾ ਹਜ਼ਾਰਾਂ ਰੱਦ ਕੀਤੇ ਸ਼ਰਨਾਰਥੀ ਕੇਸਾਂ ਨੂੰ ਮੁੜ ਅਪਲਾਈ ਕਰਨ ਦਾ ਮੌਕਾ
ਗੁਰਿੰਦਰਜੀਤ ਨੀਟਾ ਮਾਛੀਕੇ,
ਫਰਿਜ਼ਨੋ (ਕੈਲੀਫੋਰਨੀਆ), 23 ਜੂਨ 2021: ਅਮਰੀਕਾ ਵਿੱਚ ਬਾਈਡੇਨ ਪ੍ਰਸ਼ਾਸਨ ਦੁਆਰਾ ਉਹਨਾਂ ਹਜ਼ਾਰਾਂ ਸ਼ਰਨਾਰਥੀ ਪ੍ਰਵਾਸੀਆਂ ਨੂੰ ਕੇਸ ਅਪਲਾਈ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ ਜਿਨ੍ਹਾਂ ਦੇ ਪਨਾਹ ਸਬੰਧੀ ਦਾਅਵਿਆਂ ਨੂੰ ਟਰੰਪ ਪ੍ਰਸ਼ਾਸਨ ਦੀ “ਮੈਕਸੀਕੋ ਵਿੱਚ ਰਹੋ” ਨੀਤੀ ਤਹਿਤ ਰੱਦ ਕਰ ਦਿੱਤਾ ਗਿਆ ਸੀ। ਹੋਮਲੈਂਡ ਸਕਿਓਰਿਟੀ ਦੇ ਅਨੁਸਾਰ ਇਸ ਤਹਿਤ ਅਮਰੀਕਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਰਜਿਸਟ੍ਰੇਸ਼ਨ ਬੁੱਧਵਾਰ ਨੂੰ ਖੋਲੀ ਜਾਵੇਗੀ ਹਾਲਾਂਕਿ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਸੀ ਕਿ ਰਜਿਸਟ੍ਰੇਸ਼ਨ ਕਿੰਨੀ ਦੇਰ ਖੁੱਲੀ ਰਹੇਗੀ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੀ ਨਿਰਦੇਸ਼ਕ ਮਿਸ਼ੇਲ ਕਲੇਨ ਸੋਲੋਮੈਨ ਅਨੁਸਾਰ ਘੱਟੋ ਘੱਟ 10,000 ਲੋਕ ਇਸ ਲਈ ਯੋਗ ਬਣਨਗੇ। ਪੁਰਾਣੀ ਨੀਤੀ ਖਤਮ ਕਰਦਿਆਂ 1 ਜੂਨ ਦੇ ਇੱਕ ਮੈਮੋ ਵਿੱਚ ਹੋਮਲੈਂਡ ਸੁੱਰਖਿਆ ਵਿਭਾਗ(ਡੀ ਐੱਚ ਐੱਸ) ਦੇ ਸੈਕਟਰੀ ਅਲੇਜੈਂਡਰੋ ਮੇਯੋਰਕਾਸ ਨੇ ਦੱਸਿਆ ਸੀ ਕਿ ਨੀਤੀ ਤਹਿਤ ਲੱਗਭਗ 68,000 ਲੋਕਾਂ ਨੂੰ ਮੈਕਸੀਕੋ ਭੇਜਿਆ ਗਿਆ ਸੀ, ਜਿਸ ਨੂੰ ਜਨਵਰੀ 2019 ਵਿੱਚ ਲਾਗੂ ਕੀਤਾ ਗਿਆ ਸੀ ਅਤੇ ਪਨਾਹ ਲੈਣ ਵਾਲਿਆਂ ਨੂੰ ਆਪਣੇ ਕੇਸਾਂ ਦੀ ਸੁਣਵਾਈ ਲਈ ਸਰਹੱਦ ਦੇ ਦੱਖਣ ਵਿੱਚ ਇੰਤਜ਼ਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਇਸ ਨੀਤੀ ਦੇ ਆਲੋਚਕਾਂ ਨੇ ਦਲੀਲ ਦਿੱਤੀ ਕਿ ਪਨਾਹ ਦੇ ਦਾਅਵੇਦਾਰ ਮੈਕਸੀਕੋ ਵਿੱਚ ਹਿੰਸਕ ਸਥਿਤੀਆਂ, ਵਕੀਲਾਂ ਤੱਕ ਪਹੁੰਚ ਦੀ ਘਾਟ ਅਤੇ ਅਦਾਲਤ ਵਿੱਚ ਪੇਸ਼ ਹੋਣ ਲਈ ਮੁਸ਼ਕਿਲ ਵਿੱਚ ਸਨ। ਡੀ ਐੱਚ ਐੱਸ ਦੇ ਅਨੁਮਾਨਾਂ ਅਨੁਸਾਰ, ਪ੍ਰੋਗਰਾਮ ਦੇ ਤਹਿਤ ਸੁਣੀਆਂ ਗਈਆਂ ਤਕਰੀਬਨ 44 ਪ੍ਰਤੀਸ਼ਤ ਅਰਜੀਆਂ ਨੂੰ ਪੇਸ਼ ਹੋਣ ਵਿੱਚ ਅਸਫਲ ਹੋਣ ਕਾਰਨ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਲੱਗਭਗ 7,000 ਪਨਾਹ ਮੰਗਣ ਵਾਲੇ ਜਿਨਾਂ ਦੇ ਕੇਸ ਖਾਰਜ ਹੋ ਗਏ ਸਨ ਸੈਨ ਡਿਏਗੋ ਵਿੱਚ ਅਤੇ 32,000 ਤੋਂ ਵੱਧ ਟੈਕਸਾਸ ਵਿੱਚ ਸਨ। ਬਹੁਤ ਸਾਰੇ ਲੋਕ ਜਿਨ੍ਹਾਂ ਦੇ ਪਨਾਹ ਦਾਅਵਿਆਂ ਨੂੰ ਰੱਦ ਕੀਤਾ ਗਿਆ ਹੈ ਨੂੰ ਯੂ ਐਸ-ਮੈਕਸੀਕੋ ਸਰਹੱਦੀ ਖੇਤਰ ਵਿੱਚ ਛੱਡਿਆ ਗਿਆ ਹੈ ਅਤੇ ਪ੍ਰਸ਼ਾਸਨ ਲੋਕਾਂ ਨੂੰ ਅਮਰੀਕਾ ਲਿਆਉਣ ਬਾਰੇ ਵਿਚਾਰ ਕਰ ਰਿਹਾ ਹੈ। ਜਿਕਰਯੋਗ ਹੈ ਕਿ ਬਾਈਡੇਨ ਨੇ ਆਪਣੀ ਰਾਸ਼ਟਰਪਤੀ ਮੁਹਿੰਮ ਦੌਰਾਨ “ਮੈਕਸੀਕੋ ਵਿੱਚ ਰਹੋ” ਪ੍ਰੋਗਰਾਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਅਤੇ ਆਪਣੇ ਪਹਿਲੇ ਦਿਨ ਦਫ਼ਤਰ ਵਿੱਚ ਇਸ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਸੀ।