ਕੈਨੇਡਾ: ਪੰਜਾਬੀ ਟਰੱਕ ਡਰਾਈਵਰ ਨੂੰ ਦਿਨ-ਰਾਤ ਬਿਨਾ ਸੁੱਤਿਆਂ ਟਰੱਕ ਚਲਾਉਣਾ ਪਿਆ ਮਹਿੰਗਾ
ਕਮਲਜੀਤ ਬੁੱਟਰ
- ਭਾਰਤ ਵੀ ਵਾਪਸ ਭੇਜਿਆ ਜਾ ਸਕਦਾ ਹੈ
ਕੈਲਗਰੀ, 23 ਜੂਨ 2021 - 24 ਜੂਨ 2016 ਵਾਲੇ ਦਿਨ ਓਂਟੈਰੀਓ ਦੇ ਹਾਇਵੇਅ 400 ਉੱਪਰ ਹੋਏ ਇਕ ਸੜਕ ਹਾਦਸੇ ਦੇ ਸੰਬੰਧ ਵਿੱਚ ਚੱਲ ਰਹੀ ਅਦਾਲਤੀ ਕਾਰਵਾਈ ਵਿੱਚ ਦੱਸਿਆ ਗਿਆ ਹੈ ਕਿ ਟਰੱਕ ਚਾਲਕਾਂ ਨੂੰ ਕੰਮ ਦੇ ਦਬਾਅ ਹੇਠ ਬਿਨਾ ਨੀਂਦ ਪੂਰੀ ਕੀਤਿਆਂ ਡ੍ਰਾਇਵਿੰਗ ਕਰਨੀ ਪੈਂਦੀ ਹੈ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਡ੍ਰਾਇਵਿੰਗ ਕਰਦੇ ਸਮੇਂ ਟਰੱਕ ਚਾਲਕ ਲੰਬੀ ਲੰਬੀ ਦੇਰ ਤੱਕ ਟੈਲਿਫੋਨ ‘ਤੇ ਗੱਲਾਂ ਕਰਦੇ ਹਨ। ਇਸ ਸੜਕ ਹਾਦਸੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ 40 ਸਾਲਾ ਟਰੱਕ ਡ੍ਰਾਇਵਰ ਸਰਬਜੀਤ ਮਠਾਰੂ ਨੇ ਅਦਾਲਤ ਨੂੰ ਦੱਸਿਆ ਕਿ ਟ੍ਰਕਿੰਗ ਇੰਡਸਟਰੀ ਵਿੱਚ ਡਲਿਵਰੀ ਸਮੇਂ ਸਿਰ ਪਹੁੰਚਾਉਣ ਦਾ ਦਬਾਅ ਬਣਾ ਕੇ ਟਰੱਕ ਚਾਲਕਾਂ ਨੂੰ ਗ਼ਲਤ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਉਹ ਰੈਕਰਡ ਵਿੱਚ ਹੇਰਾਫੇਰੀ ਕਰਦੇ ਹਨ।
ਮਠਾਰੂ, ਹਾਦਸੇ ਵਾਲੇ ਦਿਨ 2 ਘੰਟੇ ਦੀ ਨੀਂਦ ਲੈ ਕੇ 2100 ਕਿਲੋਮੀਟਰ ਦਾ ਸਫ਼ਰ ਪੂਰਾ ਕਰ ਚੁੱਕਿਆ ਸੀ ਤੇ 26 ਘੰਟਿਆਂ ਤੋਂ ਟ੍ਰਕ ਚਲਾਉਂਦਾ ਆ ਰਿਹਾ ਸੀ। ਉਸ ਨੇ ਖੜ੍ਹੀ ਕਾਰ ਵਿੱਚ ਟਰੱਕ ਮਾਰ ਦਿੱਤਾ ਤੇ ਕਈ ਹਾਦਸੇ ਹੋ ਗਏ ਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 4 ਮੌਤਾਂ ਹੋ ਗਈਆਂ ਸਨ ਤੇ ਕਈ ਹੋਰ ਜ਼ਖ਼ਮੀ ਹੋਏ ਸਨ। ਧਮਾਕਾ ਹੋਣ ਪਿੱਛੋਂ ਅੱਗ ਲੱਗ ਗਈ ਸੀ। ਮਠਾਰੂ ਕੋਲ ਕੈਨੇਡਾ ਦੀ ਪਰਮਾਨੈਂਟ ਰੈਜ਼ਿਡੈਂਸੀ ਹੈ ਤੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ‘ਤੇ ਉਸ ਨੂੰ ਭਾਰਤ ਵਾਪਸ ਜਾਣਾ ਪੈ ਸਕਦਾ ਹੈ। ਅਦਾਲਤ ਵਿੱਚ ਵਿਕਟਿਮ ਇਮਪੈਕਟ ਸਪੀਚਿਜ਼ ਪੜ੍ਹ ਕੇ ਸੁਣਾਈਆਂ ਗਈਆਂ। ਮਠਾਰੂ ਦੇ ਦੋ ਬੱਚੇ ਹਨ ਤੇ ਉਹ ਸਾਲ 2009 ਵਿੱਚ ਕੈਨੇਡਾ ਆਇਆ ਸੀ।