ਅਮਰੀਕਾ : ਡੇਨਵਰ 'ਚ ਹੋਈ ਗੋਲੀਬਾਰੀ ਨੇ ਲਈ ਇੱਕ ਪੁਲਿਸ ਅਧਿਕਾਰੀ ਸਮੇਤ 3 ਲੋਕਾਂ ਦੀ ਜਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 23 ਜੂਨ 2021
ਡੇਨਵਰ ਵਿੱਚ ਸੋਮਵਾਰ ਨੂੰ ਇੱਕ ਸ਼ਾਪਿੰਗ ਖੇਤਰ ਵਿੱਚ ਹੋਈ ਗੋਲੀਬਾਰੀ ਨਾਲ ਇੱਕ ਪੁਲਿਸ ਅਧਿਕਾਰੀ ਸਣੇ ਤਿੰਨ ਲੋਕ ਮਾਰੇ ਗਏ। ਪੁਲਿਸ ਵਿਭਾਗ ਅਨੁਸਾਰ ਇਹ ਘਟਨਾ ਦੁਪਹਿਰ ਮੌਕੇ ਅਰਵਾਡਾ ਦੇ ਓਲਡੇ ਟਾਉਨ ਚੌਕ ਵਿੱਚ ਵਾਪਰੀ ਜਿੱਥੇ ਪੁਲਿਸ ਨੇ 911 ਕਾਲ ਤੋਂ ਬਾਅਦ ਕਾਰਵਾਈ ਕੀਤੀ।ਇਸ ਗੋਲੀਬਾਰੀ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਸ਼ੱਕੀ ਬੰਦੂਕਧਾਰੀ ਦੀ ਵੀ ਮੌਤ ਹੋਈ ਹੈ ਅਤੇ ਇੱਕ ਹੋਰ ਆਦਮੀ ਜਿਸ ਨੂੰ ਮੰਨਿਆ ਜਾਂਦਾ ਹੈ ਕਿ ਬੰਦੂਕਧਾਰੀ ਨੇ ਗੋਲੀ ਮਾਰ ਦਿੱਤੀ ਸੀ, ਨੂੰ ਹਸਪਤਾਲ ਲਿਜਾਇਆ ਗਿਆ ,
ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਰੇ ਗਏ ਅਧਿਕਾਰੀ ਦੀ ਪਛਾਣ ਗੋਰਡਨ ਬੀਸਲੇ ਵਜੋਂ ਕੀਤੀ ਗਈ ਹੈ। ਫਿਲਹਾਲ ਪੀੜਤਾਂ ਅਤੇ ਸ਼ੱਕੀ ਵਿਅਕਤੀਆਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਹਨ ਅਤੇ ਅਧਿਕਾਰੀਆਂ ਨੇ ਗੋਲੀਬਾਰੀ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਹੈ।ਇਹ ਗੋਲੀਬਾਰੀ ਸ਼ਹਿਰ ਦੇ ਇੱਕ ਸ਼ਾਪਿੰਗ ਖੇਤਰ ਵਿੱਚ ਹੋਈ ਜਿੱਥੇ ਦੁਕਾਨਾਂ, ਰੈਸਟੋਰੈਂਟਾਂ, ਅਤੇ ਹੋਰ ਕਾਰੋਬਾਰ ਸਨ। ਇਸ ਗੋਲੀਬਾਰੀ ਤੋਂ ਤਕਰੀਬਨ ਤਿੰਨ ਮਹੀਨੇ ਪਹਿਲਾਂ ਇੱਕ ਬੰਦੂਕਧਾਰੀ ਨੇ ਬੋਲਡਰ ਵਿੱਚ ਕਿੰਗ ਸੋਪਰਜ਼ ਸਟੋਰ 'ਤੇ ਹਮਲਾ ਕਰਕੇ ਇੱਕ ਅਧਿਕਾਰੀ ਸਮੇਤ 10 ਨੂੰ ਮਾਰ ਦਿੱਤਾ ਸੀ ਜੋ ਕਿ ਅਰਵਾਡਾ ਤੋਂ 20 ਮੀਲ ਦੀ ਦੂਰੀ 'ਤੇ ਹੈ। ਇਸ ਗੋਲੀਬਾਰੀ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।