ਅਮਰੀਕਾ: ਰ੍ਹੋਡ ਆਈਲੈਂਡ ਦੀ ਗੋਲੀਬਾਰੀ ਵਿੱਚ ਹੋਏ ਘੱਟੋ-ਘੱਟ 9 ਜ਼ਖਮੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਮਈ 2021 - ਅਮਰੀਕਾ ਵਿੱਚ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀਰਵਾਰ ਦੀ ਸ਼ਾਮ ਨੂੰ ਰ੍ਹੋਡ ਆਈਲੈਂਡ ਸੂਬੇ ਦੀ ਰਾਜਧਾਨੀ ਵਿੱਚ ਵਿੱਚ ਹੋਈ ਗੋਲੀਬਾਰੀ ਦੀ ਇੱਕ ਹੋਰ ਘਟਨਾ ਜੁੜ ਗਈ ਹੈ। ਇਸ ਗੋਲੀਬਾਰੀ ਦੀ ਘਟਨਾ ਵਿੱਚ ਘੱਟੋ ਘੱਟ 9 ਲੋਕ ਜ਼ਖਮੀ ਹੋਏ ਹਨ ਅਤੇ , ਪੁਲਿਸ ਦੁਆਰਾ ਇਸਨੂੰ ਸ਼ਹਿਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਗੋਲੀਬਾਰੀ ਮੰਨੀ ਜਾਂਦੀ ਹੈ। ਸੂਬੇ ਦੇ ਸ਼ਹਿਰ ਪ੍ਰੋਵੀਡੈਂਸ ਦੇ ਪੁਲਿਸ ਮੁਖੀ ਹਿਊਗ ਕਲੇਮੈਂਟਸ ਜੂਨੀਅਰ ਨੇ ਦੱਸਿਆ ਕਿ ਗੋਲੀਬਾਰੀ ਦੇ ਸ਼ਿਕਾਰ ਹੋਏ ਤਿੰਨ ਵਿਅਕਤੀ ਬਹੁਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਗੋਲੀਬਾਰੀ ਪ੍ਰੋਵੀਡੈਂਸ ਦੇ ਵਾਸ਼ਿੰਗਟਨ ਪਾਰਕ ਦੇ ਨੇੜੇ ਇੱਕ ਘਰ ਦੇ ਬਾਹਰ ਹੋਈ।
ਇਸ ਬਾਰੇ ਪੁਲਿਸ ਨੂੰ ਸ਼ੁਰੂਆਤੀ ਸੂਚਨਾ ਸ਼ਾਮ ਦੇ 6:47 ਵਜੇ ਦੇ ਕਰੀਬ ਮਿਲੀ ਅਤੇ ਕਾਰਵਾਈ ਦੌਰਾਨ ਪੁਲਿਸ ਨੂੰ ਕਈ ਵਿਅਕਤੀ ਜਖਮੀ ਹਾਲਤ ਵਿੱਚ ਮਿਲੇ। ਕਲੇਮੈਂਟਸ ਦੇ ਅਨੁਸਾਰ ਪੀੜਤਾਂ ਵਿੱਚੋਂ ਸਿਰਫ ਇੱਕ ਨੂੰ ਐਂਬੂਲੈਂਸ ਰਾਹੀਂ ਨੇੜਲੇ ਰ੍ਹੋਡ ਆਈਲੈਂਡ ਹਸਪਤਾਲ ਵਿੱਚ ਲਿਜਾਇਆ ਗਿਆ ਜਦੋਂਕਿ ਬਾਕੀ ਨਿੱਜੀ ਵਾਹਨਾਂ ਵਿੱਚ ਪਹੁੰਚੇ। ਪੁਲਿਸ ਦਾ ਮੰਨਣਾ ਹੈ ਕਿ ਇਸ ਘਰ ਦੇ ਬਾਹਰ ਆਏ ਇੱਕ ਵਾਹਨ ਵਿੱਚ ਸਵਾਰ ਲੋਕਾਂ ਨੇ ਨਿਵਾਸ ਸਥਾਨ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਉਪਰੰਤ ਘਰ ਦੇ ਅੰਦਰਲੇ ਵਿਅਕਤੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ।
ਪੁਲਿਸ ਅਨੁਸਾਰ ਇਹ ਗੋਲੀਬਾਰੀ ਦੋ ਸਮੂਹਾਂ ਵਿਚਕਾਰ ਹੋਈ ਹੈ, ਜੋ ਸਥਾਨਕ ਅਧਿਕਾਰੀਆਂ ਲਈ ਜਾਣੇ-ਪਛਾਣੇ ਹਨ। ਇਸ ਗੋਲੀਬਾਰੀ ਦੇ ਸੰਬੰਧ ਵਿੱਚ ਵੀਰਵਾਰ ਦੀ ਰਾਤ ਤੱਕ ਕੋਈ ਗਿਰਫਤਾਰੀ ਨਹੀਂ ਕੀਤੀ ਗਈ ਸੀ, ਪਰ ਕਲੇਮੈਂਟਸ ਨੇ ਕਿਹਾ ਕਿ ਇਸਦੀ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ।ਪ੍ਰੋਵੀਡੈਂਸ ਦੇ ਮੇਅਰ ਜੋਰਜ ਐਲੋਰਜ਼ਾ ਨੇ ਸ਼ਹਿਰ ਵਿੱਚ ਬੰਦੂਕਾਂ ਦੀ ਉਪਲਬਧਤਾ 'ਤੇ ਦੁੱਖ ਪ੍ਰਗਟਾਇਆ ਹੈ ਅਤੇ ਨਿਵਾਸੀਆਂ ਨੂੰ ਆਪਸੀ ਝਗੜੇ ਸੁਲਝਾਉਣ ਲਈ ਬੰਦੂਕ ਦੀ ਹਿੰਸਾ ਦੀ ਵਰਤੋਂ ਬੰਦ ਕਰਨ ਦੀ ਮੰਗ ਕੀਤੀ ਹੈ।