ਮਲੋਟ: ਰਾਤ ਸਮੇਂ ਚੋਰ ਨੇ ਕਿਸਾਨ ਦੇ ਘਰੋਂ ਲੱਖਾਂ ਦੀ ਨਗਦੀ ’ਤੇ ਕੀਤਾ ਹੱਥ ਸਾਫ਼, ਪੁਲਿਸ ਜਾਂਚ ’ਚ ਜੁਟੀ
ਰਾਜਵੰਤ ਸਿੰਘ
ਮਲੋਟ, 13 ਮਈ 2021-ਨੇੜਲੇ ਪਿੰਡ ਸ਼ੇਖੂ ਦੇ ਇੱਕ ਕਿਸਾਨ ਦੇ ਘਰੋਂ ਚੋਰ ਵੱਲੋਂ 8 ਲੱਖ ਰੁਪਏ ਨਗਦੀ ਚੋਰੀ ਕਰਨ ਦਾ ਸਮਾਚਾਰ ਹੈ। ਘਟਨਾ ਤੋਂ ਬਾਅਦ ਪੀੜ੍ਹਤ ਕਿਸਾਨ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਨਦੀਪ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਸ਼ੇਖੂ ਨੇ ਦੱਸਿਆ ਕਿ ਉਹ ਆਪਣੇ ਘਰ ਸੁੱਤੇ ਪਏ ਸਨ। ਸਵੇਰੇ ਜਦੋਂ ਉਨ੍ਹਾਂ ਦਾ ਪਰਿਵਾਰ ਉਠਿਆ ਤਾਂ ਵੇਖਿਆ ਕਿ ਘਰ ਦੀ ਪਹਿਲੀ ਮੰਜ਼ਿਲ ’ਤੇ ਪਈ ਅਲਮਾਰੀ ਤੇ ਹੇਠਾਂ ਸਟੋਰ ’ਚ ਪਈ ਪੇਟੀ ਖੁੱਲ੍ਹੀ ਪਈ ਸੀ ਤੇ ਪੇਟੀ ’ਚ ਪਿਆ 8 ਲੱਖ ਰੁਪਇਆ ਵੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਕੋਈ ਚੋਰ ਛੱਤ ਦੇ ਉਪਰੋਂ ਹੇਠਾਂ ਦਾਖਲ ਹੋਇਆ ਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਚਲਾ ਗਿਆ।
ਇਸ ਘਟਨਾ ਦੀ ਖਬਰ ਲੱਗਣ ਸਾਰ ਐਸ.ਪੀ. ਡੀ ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ ਮਲੋਟ ਜਸਪਾਲ ਸਿੰਘ ਢਿੱਲੋਂ, ਐਸ.ਐਚ.ਓ ਹਰਜੀਤ ਸਿੰਘ, ਐਸ.ਆਈ ਸੁਖਰਾਜ ਸਿੰਘ, ਸੀ.ਆਈ. ਏ ਸਟਾਫ਼ ਇੰਸਪੈਕਟਰ ਸੁਖਜੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ। ਇਸ ਤੋਂ ਇਲਾਵਾ ਫਿੰਗਰ ਪ੍ਰਿੰਟ ਐਕਸਪਰਟ ਸਮੇਤ ਮਾਹਿਰ ਟੀਮਾਂ ਪੁੱਜੀਆਂ ਹਨ ਜੋ ਤਕਨੀਕੀ ਪੱਧਰ ’ਤੇ ਜਾਂਚ ਕਰ ਰਹੀਆਂ ਹਨ। ਡੀ.ਐਸ. ਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਟੀ ਮਲੋਟ ਪੁਲਿਸ ਨੇ ਅਣਪਛਾਤੇ ਚੋਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।