ਸ਼ਹਿਰ ਦੀਆਂ ਸੜਕਾਂ ’ਤੇ ਰੋਜ਼ਾਨਾ ਹੋਣ ਲੱਗੀ ਫੋਗਿੰਗ ਸਪਰੇਅ ਤੇ ਸੈਨੇਟਾਈਜੇਸ਼ਨ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 13 ਮਈ 2021-ਕਾਫ਼ੀ ਸਮੇਂ ਬਾਅਦ ਹੁਣ ਫ਼ਿਰ ਤੋਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਸਟਰੀਟ ਲਾਈਟਾਂ ਜਗਮਗ ਕਰਨ ਲੱਗੀਆਂ ਹਨ। ਐਨਾ ਹੀ ਨਹੀਂ, ਸ਼ਹਿਰ ਦੀਆਂ ਸੜਕਾਂ ’ਚ ਹੁਣ ਫੋਗਿੰਗ ਸਪਰੇਅ ਤੇ ਸੈਨੇਟਾਈਜੇਸ਼ਨ ਦਾ ਕੰਮ ਵੀ ਜ਼ੋਰਾਂ ਨਾਲ ਚੱਲ ਰਿਹਾ ਹੈ। ਸ਼ਹਿਰ ਵਾਸੀ ਇਸਦਾ ਸਿਹਰਾ ਨਵੇਂ ਬਣੇ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੂੰ ਦੇ ਰਹੇ ਹਨ। ਸ਼ਹਿਰ ਦੇ ਮਲੋਟ ਰੋਡ, ਜਲਾਲਾਬਾਦ ਰੋਡ ਸਮੇਤ ਹੋਰ ਖੇਤਰਾਂ ’ਚ ਮਰਕਰੀ ਲਾਈਟਾਂ ਜਗਮਗ ਕਰਦੀਆਂ ਨਜ਼ਰ ਆਉਣ ਲੱਗੀਆਂ ਹਨ। ਖਸਤਾਹਾਲ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜੋਰਾਂ ਨਾਲ ਚੱਲ ਰਿਹਾ ਹੈ ਤੇ ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਨਗਰ ਕੌਂਸਲ ਪ੍ਰਧਾਨ ਵੱਲੋਂ ਸੈਨੇਟਾਈਜੇਸ਼ਨ ਵੱਲ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਕਾਰਜਾਂ ਨਾਲ ਕਾਫ਼ੀ ਤਸੱਲੀ ਮਿਲੀ ਹੈ, ਕਿਉਂਕਿ ਇੱਕ ਤਾਂ ਸਟਰੀਟ ਲਾਈਟਾਂ ਬੰਦ ਪਈਆਂ ਸਨ, ਜੋ ਹੁਣ ਦੁਬਾਰਾ ਚਾਲੂ ਹੋਣ ਲੱਗੀਆਂ ਹਨ ਤੇ ਦੂਜੇ ਪਾਸੇ ਗਲੀਆਂ ’ਚ ਸੈਨੇਟਾਈਜ਼ੇਸ਼ਨ ਨਾਲ ਉਹ ਕੋਰੋਨਾ ਤੋਂ ਕਾਫ਼ੀ ਹੱਦ ਤੱਕ ਬੱਚ ਸਕਣਗੇ। ਸ਼ਹਿਰ ਅੰਦਰ ਹੁਣ ਸਵੇਰ-ਸ਼ਾਮ ਇਹ ਸਟਰੀਟ ਲਾਈਟਾਂ ਜਗਮਗ ਕਰਨ ਲੱਗੀਆਂ ਹਨ ਤੇ ਸ਼ਹਿਰ ਦੀ ਦਿੱਖ ਪਹਿਲਾਂ ਨਾਲੋਂ ਸੰਵਰਨੀ ਸ਼ੁਰੂ ਹੋਣ ਲੱਗੀ ਹੈ।