ਅਨਾਜ ਮੰਡੀ ’ਚ ਫ਼ਿਰ ਭਿੱਜੀ ਕਿਸਾਨਾਂ ਦੀ ਫ਼ਸਲ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 13 ਮਈ 2021-ਦੇਰ ਰਾਤ ਤੇਜ਼ ਝੱਖੜ ਤੋਂ ਬਾਅਦ ਬਾਰਿਸ਼ ਦੀ ਦਸਤਕ ਨੇ ਭਾਵੇਂ ਮੌਸਮ ਦਾ ਮਿਜ਼ਾਜ਼ ਬਦਲ ਦਿੱਤਾ ਹੈ, ਪਰ ਨਾਲ ਹੀ ਹਰ ਵਾਰ ਦੀ ਤਰ੍ਹਾਂ ਮੰਡੀਆਂ ’ਚ ਕਿਸਾਨ ਤੰਗ ਹੁੰਦੇ ਵਿਖਾਈ ਦਿੱਤੇ। ਭਾਵੇਂਕਿ ਅੱਜ ਤੋਂ ਕਣਕ ਦੀ ਸਰਕਾਰੀ ਖ਼ਰੀਦ ਬੰਦ ਹੋ ਗਈ ਹੈ, ਪਰ ਫ਼ਿਰ ਵੀ ਮੰਡੀਆਂ ਅੰਦਰ ਕਣਕ ਦੇ ਅੰਬਾਰ ਲੱਗੇ ਹੋਏ ਹਨ। ਦੇਰ ਰਾਤ ਤੋਂ ਕਿਣਮਿਣ ਅੱਜ ਬਾਅਦ ਦੁਪਹਿਰ ਤੱਕ ਵੀ ਲਗਾਤਾਰ ਜਾਰੀ ਰਹੀ। ਬਾਰਿਸ਼ ਦੇ ਚੱਲਦਿਆਂ ਸਥਾਨਕ ਦਾਣਾ ਮੰਡੀ ’ਚ ਖੁੱਲ੍ਹੇ ਅਸਮਾਨ ਥੱਲੇ ਪਈਆਂ ਕਣਕ ਦੀਆਂ ਬੋਰੀਆਂ ਭਿੱਜ ਗਈਆਂ। ਕਿਸਾਨਾਂ ਨ ਕਿਹਾ ਕਿ ਮੰਡੀ ’ਚ ਬਾਰਦਾਨੇ ਦੀ ਘਾਟ, ਢਿੱਲੀ ਲਿਫਟਿੰਗ ਦੇ ਚੱਲਦਿਆਂ ਉਹ ਪਰੇਸ਼ਾਨ ਹੋ ਰਹੇ ਹਨ। ਮੰਡੀ ਅੰਦਰ ਸਾਰਾ ਦਿਨ ਕਿਸਾਨਾਂ ਦੀ ਫ਼ਸਲ ਮੀਂਹ ਨਾਲ ਭਿੱਜਦੀ ਰਹੀ ਤੇ ਕਿਸਾਨ ਆਪਣੇ ਪੱਧਰ ’ਤੇ ਫ਼ਸਲ ਦਾ ਬਚਾਅ ਕਰਦੇ ਨਜ਼ਰ ਆਏ।
ਜ਼ਿਕਰਯੋਗ ਹੈ ਮੰਡੀ ’ਚ ਖਰੀਦ ਪ੍ਰਬੰਧ ਤਾਂ ਇਸ ਵਾਰੀ ਸਹੀ ਨਜ਼ਰ ਆਏ,ਜਦੋਂਕਿ ਖਰੀਦ ਪ੍ਰਬੰਧ ਸ਼ੁਰੂ ਹੋ ਗਏ ਤਾਂ ਬਾਰਦਾਨੇ ਦੀ ਘਾਟ ਤੇ ਢਿੱਲੀ ਲਿਫਟਿੰਗ ਸਮੇਤ ਹੋਰ ਸਮੱਸਿਆਵਾਂ ਕਰਕੇ ਕਿਸਾਨਾਂ, ਮਜਦੂਰਾਂ ਤੇ ਆੜ੍ਹਤੀਆਂ ਨੂੰ ਕਾਫੀ ਦਿੱਕਤਾਂ ਝੱਲਣੀਆਂ ਪਈਆਂ। ਉੱਧਰ ਦੱਸਦੇ ਹਨ ਕਿ ਇਸ ਵਾਰ ਮੰਡੀ ’ਚ ਆਇਆ ਜ਼ਿਆਦਾਤਰ ਬਾਰਦਾਨਾ ਪੁਰਾਣਾ ਹੀ ਦਿੱਤਾ ਗਿਆ ਸੀ, ਜਿਸਦੇ ਮੀਂਹ ’ਚ ਜਲਦੀ ਖਰਾਬ ਹੋਣ ਦੀ ਗੱਲ ਪਹਿਲਾਂ ਹੀ ਸਾਹਮਣੇ ਆ ਰਹੀ ਸੀ। ਹੁਣ ਲਿਫਟਿੰਗ ਦੇ ਹਾਲਾਤ ਕਾਫੀ ਖਰਾਬ ਹੋਣ ਦੇ ਚੱਲਦਿਆਂ ਮੰਡੀ ’ਚ ਹਾਲੇ ਤੱਕ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ, ਜਦਕਿ ਇੰਨ੍ਹਾਂ ਦਿਨਾਂ ’ਚ ਮੰਡੀ ਖਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ।