ਮੁਕਤਸਰ: ਪਿੰਡ ਮੱਲ੍ਹਣ ਦਾ ਕਿਸਾਨ ਦਿੱਲੀ ਧਰਨੇ ’ਚ ਸ਼ਹੀਦ, ਪਰਿਵਾਰ ਵੱਲੋਂ ਮੁਆਵਜ਼ਾ ਨਾ ਮਿਲਣ ਤੱਕ ਅੰਤਿਮ ਸਸਕਾਰ ਨਾ ਕਰਨ ਦੀ ਚੇਤਾਵਨੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਮਈ 2021-ਕਿਸਾਨ ਅੰਦੋਲਨ ਦੇ ਸ਼ਹੀਦ ਪਿੰਡ ਮੱਲਣ ਦੇ ਕਿਸਾਨ ਮਲਕੀਤ ਸਿੰਘ ਉਰਫ ਜੰਗ ਸਿੰਘ ਮੱਲਣ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣ ਤੱਕ ਪਰਿਵਾਰ ਨੇ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਗੁਰਭਗਤ ਸਿੰਘ ਭਲਾਈਆਣਾ, ਕਰਮ ਸਿੰਘ, ਜਗਸੀਰ ਸਿੰਘ ਕਾਲਾ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ ਮੱਲਣ ਅਤੇ ਮਿ੍ਰਤਕ ਦੇ ਪੁੱਤਰ ਬੋਹੜ ਸਿੰਘ ’ਤੇ ਅਧਾਰਿਤ ਇੱਕ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਕੇ ਦੱਸਿਆ ਕਿ ਮਲਕੀਤ ਸਿੰਘ ਲਗਾਤਾਰ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਿਹਾ ਸੀ। ਹੁਣ ਉਹ ਪੰਜਵੀਂ ਵਾਰ ਬਹਾਦਰਗੜ੍ਹ ਮੰਡੀ ਦਿੱਲੀ ਦੇ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਦਿੱਲੀ ਗਿਆ ਸੀ ਕਿ ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ। ਬਹਾਦਰਗੜ੍ਹ ਮੰਡੀ ਦੇ ਸਰਕਾਰੀ ਹਸਪਤਾਲ ਨੇ ਉਸਨੂੰ ਪੀ. ਜੀ. ਆਈ. ਹਰਿਆਣਾ ਵਿਖੇ ਰੈਫਰ ਕਰ ਦਿੱਤਾ ਤੇ ਪੀਜੀਆਈ ਨੇ ਪੰਜਾਬ ਲਿਜਾਣ ਲਈ ਕਹਿ ਦਿੱਤਾ।
ਜਦੋਂ 11 ਮਈ ਨੂੰ ਉਸਨੂੰ ਬਠਿੰਡਾ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉਥੋਂ ਦੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਵੇਖਦਿਆਂ ਘਰ ਲਿਜਾਣ ਲਈ ਕਹਿ ਦਿੱਤਾ। ਘਰੇ ਆ ਕੇ 12 ਮਈ ਨੂੰ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੇ ਕਾਫੀ ਬੈਂਕ ਕਰਜ਼ਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀੜ੍ਹਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਬੈਂਕ ਕਰਜ਼ੇ ਦੀ ਮੁਆਫੀ ਦਿੱਤੀ ਜਾਵੇ ਤਾਂ ਹੀ ਉਹ ਮਿ੍ਰਤਕ ਦਾ ਅੰਤਿਮ ਸਸਕਾਰ ਕਰਨਗੇ।