ਪਿੰਡ ਖਿਲਚੀ ਜਦੀਦ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਐਸ.ਸੀ. ਕਮਿਸ਼ਨ ਦੇ ਮੈਂਬਰਾਂ ਨੇ ਘਰ ਪਹੁੰਚ ਕੇ ਮੌਕੇ ਦਾ ਲਿਆ ਜਾਇਜ਼ਾ
ਗੌਰਵ ਮਾਣਿਕ
- ਪਰਿਵਾਰਿਕ ਮੈਂਬਰਾਂ ਨਾਲ ਕੀਤੀ ਗੱਲਬਾਤ , ਪੁਲਸ ਪ੍ਰਸ਼ਾਸਨ ਨੂੰ ਦੋਸ਼ੀਆਂ ਵਿਰੁੱਧ ਐਸ.ਸੀ. ਐਕਟ ਤਹਿਤ ਮਾਮਲਾ ਦਰਜ ਅਤੇ ਗ੍ਰਿਫਤਾਰ ਕਰਨ ਦੇ ਦਿੱਤੇ ਹੁਕਮ
ਫਿਰੋਜ਼ਪੁਰ, 11 ਮਈ 2021 - ਬੀਤੇ ਦਿਨੀਂ ਪਿੰਡ ਖਲਚੀ ਜਦੀਦ ਵਿਖੇ ਇਕੋ ਪਰਿਵਾਰ ਦੇ 7 ਮੈਂਬਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀਂ ਕਰਨ ਦੇ ਮਾਮਲੇ ਸੰਬੰਧੀ ਐਸ.ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਰਾਜ ਕੁਮਾਰ ਹੰਸ ਅਤੇ ਦੀਪਕ ਵੇਰਕਾ ਨੇ ਅੱਜ ਪੀੜਤ ਪਰਿਵਾਰਾਂ ਕੋਲ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਤਹਿਸੀਲਦਾਰ ਲਖਵਿੰਦਰ ਸਿੰਘ, ਬਰਿੰਦਰ ਸਿੰਘ ਗਿੱਲ ਡੀ.ਐਸ.ਪੀ, ਕੁਲਵਿੰਦਰ ਸਿੰਘ ਐਸ ਐਚ ਉ. ਥਾਣਾ ਸਦਰ ਫਿਰੋਜ਼ਪੁਰ ਆਦਿ ਵੀ ਹਾਜ਼ਰ ਸਨ।
ਗੱਲਬਾਤ ਕਰਦੇ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਹਿੰਦਰ ਸਿੰਘ ਉਰਫ ਕਾਲਾ ਵਾਸੀ ਖਲਚੀ ਜਦੀਦ ਵੱਲੋਂ ਕਮਿਸ਼ਨ ਨੂੰ ਇਕ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਇਸ ਕੇਸ ਵਿੱਚ ਇਨਸਾਫ ਨਹੀਂ ਮਿਲ ਰਿਹਾ, ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਨੁਸੂਚਿਤ ਜਾਤੀ ਪੰਜਾਬ ਰਾਜ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਵੱਲੋਂ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਕਿਹਾ ਗਿਆ। ਜਿਸ ’ਤੇ ਸਖ਼ਤ ਐਕਸ਼ਨ ਲੈਂਦੇ ਹੋਏ ਅੱਜ ਐਸ.ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਰਾਜ ਕੁਮਾਰ ਹੰਸ ਅਤੇ ਦੀਪਕ ਵੇਰਕਾ ਨੇ ਪਿੰਡ ਖਲਚੀ ਜਦੀਦ ਵਿਖੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਸਾਰੀ ਜਾਣਕਾਰੀ ਲਈ ਅਤੇ ਪੁਲਸ ਪ੍ਰਸ਼ਾਸਨ ਨੂੰ ਨਿਯਮਾਂ ਮੁਤਾਬਕ ਇਸ ਮਾਮਲੇ ਵਿਚ ਐਸ.ਸੀ ਐਕਟ ਲਗਾ ਕੇ ਧਾਰਾ ਵਿਚ ਵਾਧਾ ਕਰਨ ਲਈ ਕਿਹਾ। ਇਸ ਤੋਂ ਇਲਾਵਾ ਮਾਮਲੇ ਵਿਚ ਜੋ ਵੀ ਦੋਸ਼ੀ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ 19 ਮਈ ਤੱਕ ਐਸ.ਸੀ. ਕਮਿਸ਼ਨ ਨੂੰ ਰਿਪੋਰਟ ਸੌਂਪਣ ਲਈ ਕਿਹਾ।
ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਇਨਸਾਫ ਦਵਾਇਆ ਜਾਵੇਗਾ। ਇਸ ਉਪਰੰਤ ਕਮਿਸ਼ਨ ਦੇ ਮੈਂਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫਰੀਦਕੋਟ ਵਿਖੇ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਹਾਲਚਾਲ ਵੀ ਪੁੱਛਣ ਲਈ ਗਏ। ਇਸ ਮੌਕੇ ਸੋਨੂੰ ਨਾਹਰ ਸਮਾਜ ਸੇਵੀਂ, ਲਾਲ ਸਿੰਘ ਸੁਲਹਾਣੀ, ਬਲਵਿੰਦਰ ਸਿੰਘ ਮੱਲਵਾਲ, ਰਾਕੇਸ਼ ਘਾਰੂ, ਰਾਮੇਸ਼ ਅਟਵਾਲ, ਸੂਰਜ ਮੱਲਵਾਲ, ਬਿੱਟੂ, ਪੂਰਨ ਭੱਟੀ ਆਦਿ ਵੀ ਹਾਜ਼ਰ ਸਨ।