ਮੋਹ, ਮਮਤਾ ਤੇ ਮੁਹੱਬਤ ਦੇ ਸੁਮੇਲ ਦਾ ਨਾਮ ਹੀ ਮਾਂ ਹੈ - ਡਾ: ਸ ਪ ਸਿੰਘ
ਲੁਧਿਆਣਾ: 11 ਮਈ 2021 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਵਿਸ਼ਵ- ਮਾਂ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਆਨਲਾਈਨ ਸੰਵਾਦ ਤੇ ਕਵੀ ਦਰਬਾਰ ਦਾ ਸੁਆਗਤੀ ਭਾਸ਼ਨ ਦਿੰਦਿਆ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ, ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਕਿਹਾ ਕਿ ਮਾਂ ਦੀ ਹੋਂਦ ਅਤੇ ਰਿਸ਼ਤਿਆਂ ਵਿੱਚੋਂ ਸਭ ਤੋਂ ਉੱਤਮ ਰਿਸ਼ਤਾ ਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ / ਵਿਦੇਸ਼ ਤੋਂ ਗਾਇਕ, ਕਵੀ ਤੇ ਵਿਦਵਾਨ ਚਿੰਤਕ ਇਸ ਵੈਬੀਨਾਰ ਦਾ ਹਿੱਸਾ ਬਣੇ ਹਨ। ਉਨ੍ਹਾਂ ਕਿਹਾ ਕਿ ਮੋਹ ਮਨਤਾ ਤੇ ਮੁਹੱਬਤ ਦੇ ਸੁਮੇਲ ਦਾ ਨਾਮ ਹੀ ਮਾਂ ਹੈ।
ਇਸ ਵੈਬੀਨਾਰ ਦਾ ਉਦਘਾਟਨ ਕਰਦਿਆ ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਨੇ ਕਿਹਾ ਕਿ ਹਰੇਕ ਮਨੁੱਖ ਦੀ ਘਾੜਤ ਘੜਨ ਵਿੱਚ ਮਾਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਆਦਿ ਕਾਲ ਵਿੱਚ ਵੀ ਔਰਤ ਨੇ ਹੀ ਖੇਤੀ ਦੇ ਕੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਘਰ, ਕਬੀਲੇ ਨੂੰ ਸਾਂਭਣ ਵਿੱਚ ਪਹਿਲ ਕਦਮੀ ਕੀਤੀ ਸੀ । ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆ ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖਾਲਸਾ ਕਾਲਜ, ਪਟਿਆਲਾ ਨੇ ਮਾਂ ਨਾਲ ਸਬੰਧਿਤ ਕਵਿਤਾ ਸੁਣਾ ਕੇ ਕਰਦਿਆ ਕਿਹਾ ਕਿ ਮਾਂ ਬਿਨਾਂ ਘਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਨੁੱਖ ਭਾਵੇਂ ਲੱਖਾਂ ਜਨਮ ਲੈ ਲਵੇ ਪਰ ਮਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਮਾਂ ਬੱਚੇ ਨੂੰ ਧੁਰ ਅੰਦਰ ਤੋਂ ਜਾਣਦੀ ਹੈ। ਮਾਂ ਦਾ ਪਿਆਰ, ਅਤੇ ਮਮਤਾ ਅਮੁੱਕ ਅਤੇ ਅਨੰਤ ਹੈ।
ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਡੌਲੀ ਗੁਲੇਰੀਆ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਦੇ ਹੋਏ ਆਪਣੀ ਮਾਂ ਤੇ ਪੰਜਾਬੀ ਲੋਕ ਸੰਗੀਤ ਦੀ ਕੋਇਲ ਸੁਰਿੰਦਰ ਕੌਰ ਦੀਆਂ ਕਈ ਮਿੱਠੀਆਂ ਤੇ ਨਿੱਘੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਮੇਰੀ ਮਾਂ ਤਾਂ ਜਗਤ -ਮਾਂ ਸੀ ਤੇ ਉਹ ਇਸ ਗੱਲੋਂ ਖ਼ੁਸ਼ ਸੀ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੀ ਗਾਇਕੀ ਦੀ ਵਿਰਾਸਤ ਨੂੰ ਸਾਂਭਿਆ ਹੈ। ਡੌਲੀ ਗੁਲੇਰੀਆ ਨੇ ਆਪਣੀ ਬੇਟੀ ਸੁਨਯਨੀ ਨਾਲ ਮਿਲ ਕੇ ਕੁਝ ਗੀਤ ਵੀ ਸੁਣਾਏ ,ਜਿਨ੍ਹਾਂ ਵਿਚੋਂ 'ਮਾਵਾਂ ਤੇ ਧੀਆਂ ਰਲ ਬੈਠੀਏ ਨੀ ਮਾਏ, ਹਾਏ ਨੀ ਮੇਰੀ ਅੰਮੜੀਏ, ਅੱਜ ਕਿਹੜੇ ਪਾਸੇ ਜਾਈਏ ਵਿਸ਼ੇਸ਼ ਸਨ । ਵਿਸ਼ੇਸ਼ ਮਹਿਮਾਨ ਗੋਲਡਨ ਸਟਾਰ ਪੰਜਾਬੀ ਗਾਇਕ ਮਲਕੀਤ ਸਿੰਘ ਯੂ.ਕੇ. ਨੇ ਆਪਣੀ ਗਾਇਕੀ ਦੇ ਸਫਰ ਤੇ ਇਸ ਸਫ਼ਰ ਦੌਰਾਨ ਉਨ੍ਹਾਂ ਨੇ ਮਾਂ ਨਾਲ ਸਬੰਧਿਤ ਗਾਏ ਗੀਤ ਤੇ ਲੋਕਾਂ ਵੱਲੋਂ ਮਿਲੇ ਇਨ੍ਹਾਂ ਗੀਤਾਂ ਨੂੰ ਪਿਆਰ ਬਾਰੇ ਦੱਸਿਆ । ਉਨ੍ਹਾਂ ਨੇ ਆਪਣੇ ਕੁਝ ਗੀਤ ਵੀ ਸਰੋਤਿਆਂ ਨਾਲ ਸਾਂਝੇ ਕੀਤੇ ,ਜਿਨ੍ਹਾਂ ਵਿੱਚ 'ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ' ਤੇ ਕਈ ਹੋਰ ਗੀਤ ਵੀ ਸ਼ਾਮਲ ਸਨ।
ਇਸ ਤੋਂ ਬਾਅਦ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਰਬਜੀਤ ਸੋਹਲ(ਮੋਹਾਲੀ) ਗੁਰਭਜਨ ਗਿੱਲ(ਲੁਧਿਆਣਾ) ਡਾ. ਗੁਰਮਿੰਦਰ ਸਿੱਧੂ (ਕੈਨੇਡਾ), ਭੁਪਿੰਦਰ ਕੌਰ ਪ੍ਰੀਤ (ਮੁਕਤਸਰ), ਬਮਲਜੀਤ ਕੌਰ ਮਾਨ (ਕੈਨੇਡਾ), ਸਿਮਰਤ ਗਗਨ (ਅੰਮ੍ਰਿਤਸਰ), ਨੀਲੂ ਜਰਮਨੀ (ਜਰਮਨੀ), ਕੁਲਵਿੰਦਰ ਚਾਵਲਾ (ਪਟਿਆਲਾ), ਪ੍ਰਿੰ: ਕਮਲਗੀਤ ਕੌਰ (ਸਰਹਿੰਦ), ਕਮਲ ਸੇਖੋਂ (ਪਟਿਆਲਾ), ਸਵਰਨਜੀਤ ਸਵੀ (ਲੁਧਿਆਣਾ), ਡਾ. ਅਸ਼ਵਨੀ ਭੱਲਾ (ਲੁਧਿਆਣਾ) ਅਤੇ ਤ੍ਰੈਲੋਚਨ ਲੋਚੀ (ਲੁਧਿਆਣਾ) ਨੇ ਕਵੀ ਦਰਬਾਰ ਵਿੱਚ ਮਾਂ ਨਾਲ ਸਬੰਧਿਤ ਕਵਿਤਾਵਾਂ ਪਾਠਕਾਂ ਸਨਮੁਖ ਪੇਸ਼ ਕੀਤੀਆਂ।
ਪ੍ਰਧਾਨਗੀ ਸੰਬੋਧਨ ਕਰਦਿਆ ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ,ਲੋਕ ਵਿਰਾਸਤ ਅਕੈਡਮੀ,ਲੁਧਿਆਣਾ ਨੇ ਆਪਣੀ ਮਾਂ ਨਾਲ ਜੁੜੀਆਂ ਕਈ ਨਿੱਘੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਮਾਂ ਕੇਵਲ ਸਰੀਰਕ ਰੂਪ ਵਿੱਚ ਸਾਡੇ ਤੋਂ ਵਿਛੜਦੀ ਹੈ ਪਰ ਵਿਚਰਦੀ ਹਮੇਸ਼ਾ ਹੀ ਸਾਡੇ ਅੰਗ ਸੰਗ ਹੈ। ਉਨ੍ਹਾਂ ਕਿਹਾ ਕਿ ਮਾਂ ਕੇਵਲ ਸਰੀਰਕ ਚੋਲ਼ਾ ਤਿਆਗਦੀ ਹੈ ਪਰ ਆਪਣੇ ਬੱਚਿਆਂ ਚ ਸਦੀਵ ਕਾਲ ਲਈ ਹਾਜ਼ਰ ਰਹਿੰਦੀ ਹੈ।
ਉਨ੍ਹਾਂ ਆਪਣੀ ਮਾਂ ਦੇ ਪਿਆਰ ਬਾਰੇ ਚਰਖ਼ੜੀ ਪੁਸਤਕ ਚੋਂ ਇੱਕ ਨਜ਼ਮ ਮੇਰੀ ਮਾਂ ਤਾਂ ਰੱਬ ਦੀ ਕਵਿਤਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ।
ਪ੍ਰੋਗਰਾਮ ਦੇ ਅਖੀਰ 'ਤੇ ਕਾਲਜ ਦੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਜੀ ਨੇ ਸਭ ਮਹਿਮਾਨਾਂ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ । ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਸ਼ਰਨਜੀਤ ਕੌਰ ਵੱਲੋਂ ਬਾਖੂਬੀ ਕੀਤਾ ਇਸ ਪ੍ਰੋਗਰਾਮ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ ਦੂਆ ,ਡਾ. ਤਜਿੰਦਰ ਕੌਰ, ਡਾ: ਗੁਰਦਾਸ ਸਿੰਘ , ਪਰਵਾਸ ਦੇ ਸਹਾਇਕ ਸੰਪਾਦਕ ਰਾਜਿੰਦਰ ਸਿੰਘ ਸੰਧੂ ਅਤੇ ਵੱਖ ਵੱਖ ਵਿਭਾਗਾਂ ਦੇ ਹੋਰ ਪ੍ਰੋਫੈਸਰ ਸਾਹਿਬਾਨ ਵੀ ਹਾਜ਼ਰ ਸਨ।