ਅਸ਼ੋਕ ਵਰਮਾ
ਬਠਿੰਡਾ, 10 ਮਈ 2021: ਪੰਜਾਬ ’ਚ ਕੰਮ ਕਰਨ ਵਾਲੇ ਪ੍ਰਵਾਸੀ ਮਜਦੂਰਾਂ ਨੇ ਕਰੋਨਾ ਦੇ ਵਧਦੇ ਖਤਰੇ ਤੋਂ ਬਾਅਦ ਖੁੱਸਣ ਲੱਗੇ ਰੁਜਗਾਰਾਂ ਨੂੰ ਦੇਖਦਿਆਂ ਆਪਣੀ ਕਰਮ ਭੂਮੀ ਤੋਂ ਹੰਝੂਆਂ ਭਰੀ ਵਿਦਾਇਗੀ ਲੈਣੀ ਸ਼ੁਰੂ ਕਰ ਦਿੱਤੀ ਹੈ। ਕਰੋਨਾ ਦੀ ਅਲਾਮਤ ਵੀ ਵੱਡੀ ਹੈ ਅਤੇ ਭੁੱਖ ਦਾ ਮਸਲਾ ਵੀ ਛੋਟਾ ਨਹੀਂ। ਮਜਦੂਰ ਆਖਦੇ ਹਨ ਕਿ ਇੱਥੇ ਬਿਮਾਰੀ ਨਾਲ ਤਾਂ ਨਹੀਂ ਭੁੱਖ ਨਾਲ ਜਰੂਰ ਮਰ ਜਾਵਾਂਗੇ ਇਸ ਲਈ ਜੇਕਰ ਮਰਨਾ ਹੀ ਹੈ ਤਾਂ ਕਿਓਂ ਨਾਂ ਆਪਣੇ ਘਰੀਂ ਜਾਕੇ ਹੀ ਮਰੀਏ। ਬਠਿੰਡਾ ਖਿੱਤੇ ’ਚ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਕਰਫਿਊ ਅਤੇ ਦੁਕਾਨਾਂ ਦਾ ਘਟਿਆ ਸਮਾਂ ਇੰਨ੍ਹਾਂ ਪ੍ਰਵਾਸੀਆਂ ਦੀ ਜਿੰਦਗੀ ਤੇ ਭਾਰੀ ਪਿਆ ਹੈ। ਇੰਨ੍ਹਾਂ ਚੋਂ ਬਹੁਤੇ ਮਜਦੂਰਾਂ ਦਾ ਕੰਮ ਫਾਸਟ ਫੂਡ,ਗੋਲ ਗੱਪੇ ਅਤੇ ਮਠਿਆਈਆਂ ਦੀਆਂ ਦੁਕਾਨਾਂ ਤੋਂ ਇਲਾਵਾ ਝੋਨੇ ਦੀ ਲੁਆਈ ਨਾਲ ਜੁੜਿਆ ਹੋਇਆ ਹੈ।
ਹੁਣ ਜਦੋਂ ਦੁਕਾਨਾਂ ਸੰਕਟ ’ਚ ਆ ਗਈਆਂ ਤਾਂ ਇੰਨ੍ਹਾਂ ਕਾਰੀਗਰਾਂ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਪ੍ਰਵਾਸੀਆਂ ਨੇ ਕਿਹਾ ਕਿ ਪੀਪੇ ਖਾਲੀ ਅਤੇ ਚੁੱਲ੍ਹੇ ਠੰਢੇ ਹਨ ਜਦੋਂਕਿ ਸਰਕਾਰ ਮੁਤਾਬਕ ਹੱਥ ਧੋਣ ਲਈ ਸਾਬਣ ਤਾਂ ਦੂਰ ਦੀ ਗੱਲ ਹੈ। ਕੋਟਕਪੂਰਾ ਤੋਂ ਘਰ ਨੂੰ ਤੁਰਿਆ ਰਮੇਸ਼ਵਰ ਯਾਦਵ ਪੁੱਛਦਾ ਹੈ ਕਿ ਕੰਮ ਬੰਦ ਹੋਣ ਕਾਰਨ ਕਮਾਈ ਖਤਮ ਹੋ ਗਈ ਪਰ ਖਰਚੇ ਨਹੀਂ ਘਟੇ , ਕਿਧਰ ਜਾਈਏ। ਉਸ ਨੇ ਚਿੰਤਾ ਜਤਾਈ ਕਿ ਕਿਤੇ ਕਰੋਨਾ ਤੋਂ ਪਹਿਲਾਂ ਭੁੱਖ ਹੀ ਚਪੇਟ ’ਚ ਨਾ ਲੈ ਲਵੇ ਇਸ ਲਈ ਘਰ ਤੁਰਨਾ ਹੀ ਬਿਹਤਰ ਸਮਝਿਆ ਹੈ। ਰਮੇਸ਼ਵਰ ਯਾਦਵ ਵਰਗੇ ਦਰਜਨਾਂ ਮਜਦੂਰ ਘਰਾਂ ਨੂੰ ਪਰਤੇ ਹਨ ਜਿੰਨ੍ਹਾਂ ਦੀਆਂ ਜੇਬਾਂ ਖਾਲੀ ਅਤੇ ਸਿਰ ਤੇ ਫਿਕਰਾਂ ਦੀ ਪੰਡ ਟਿਕੀ ਹੋਈ ਸੀ।
ਇਹ ਮਜਦੂਰ ਹਰ ਸਾਲ ਝੋਨਾ ਲਾਉਣ ਅਤੇ ਮਜਦੂਰੀ ਦੇ ਹੋਰ ਕੰਮ ਕਰਨ ਲਈ ਆਉਂਦੇ ਸਨ। ਇਸ ਕਮਾਈ ਦੇ ਸਿਰ ਤੋਂ ਉਨ੍ਹਾਂ ਦਾ ਘਰ ਚੱਲਦਾ ਸੀ ਜੋ ਹੁਣ ਸੰਕਟ ’ਚ ਆ ਗਿਆ ਹੈ। ਕੋਟਕਪੂਰਾ ਨਾਲ ਸਬੰਧਤ ਦੋ ਦਰਜਨ ਪ੍ਰਵਾਸੀ ਪ੍ਰੀਵਾਰਾਂ ਨੇ ਹਿਜਰਤ ਕਰਨਾ ਹੀ ਮੁਨਾਸਿਬ ਸਮਝਿਆ ਹੈ। ਬਠਿੰਡਾ ਦੇ ਪ੍ਰਵਾਸੀ ਕਿਰਤੀ ਨਕਲੇਸ਼ ਨੇ ਦੱਸਿਆ ਕਿ ਉਹ ਪਿਛਲੇ ਬਾਰਾਂ ਸਾਲ ਤੋਂ ਇੱਕ ਹੀ ਦੁਕਾਨਦਾਰ ਕੋਲ ਕੰਮ ਕਰਦਾ ਆ ਰਿਹਾ ਸੀ। ਉਸਨੇ ਦੱਸਿਆ ਕਿ ਹੁਣ ਸੇਠ ਨੇ ਕੰਮ ਬੰਦ ਹੋਣ ਦੇ ਬਹਾਨੇ ਪੈਸਿਆਂ ਤੋਂ ਜਵਾਬ ਦੇ ਦਿੱਤਾ ਹੈ। ਉਹ ਆਖਦਾ ਹੈ ਕਿ ਦੋ ਦਿਨਾਂ ਤੋਂ ਭੁੱਖੇ ਹਨ ,ਪੱਲੇ ਕੋਈ ਪੈਸਾ ਨਹੀਂ ਜਦੋਂਕਿ ਬੱਸ ਵਾਲੇ ਢਾਈ ਹਜਾਰ ਰੁਪਿਆ ਭਾੜਾ ਮੰਗ ਰਹੇ ਹਨ ਜੋਕਿ ਉਨ੍ਹਾਂ ਦੇ ਵੱਸੋਂ ਬਾਹਰ ਹੈ।
ਉਸ ਨੇ ਆਖਿਆ ਕਿ ਸਰਕਾਰ ਤੇ ਕੀ ਗਿਲਾ, ਜਿਸ ਸੇਠ ਦੀ ਬਾਰਾਂ ਸਾਲ ਸੇਵਾ ਕੀਤੀ ਉਸ ਨੇ ਮੂੰਹ ਮੋੜ ਲਿਆ ਤਾਂ ਹਕੂਮਤਾਂ ਕੀ ਸੋਚਣਗੀਆਂ। ਫਰੀਦਕੋਟ ਸ਼ਹਿਰ ਦੇ ਇੱਕ ਦਰਜਨ ਮਜਦੂਰਾਂ ਨੇ ਵੀ ਭੁੱਖ ਨਾਲ ਮਰਨ ਦੀ ਥਾਂ ਘਰ ਜਾਣ ਨੂੰ ਪਹਿਲ ਦਿੱਤੀ ਹੈ। ਮਾਨਸਾ ਸ਼ਹਿਰ ਦੇ ਕਈ ਪ੍ਰਵਾਸੀ ਉੱਤਰ ਪ੍ਰਦੇਸ਼ ਜਾਣ ਲਈ ਵਿਉਂਤਬੰਦੀ ਕਰ ਰਹੇ ਹਨ। ਇੱਕ ਜਾਣਕਾਰੀ ਅਨੁਸਾਰ ਮਾਲਵੇ ਚੋਂ ਰੋਜਾਨਾ ਤਿੰਨ ਤੋਂ ਚਾਰ ਸੌ ਪ੍ਰਵਾਸੀ ਮਜਦੂਰ ਘਰਾਂ ਵੱਲ ਜਾ ਰਹੇ ਹਨ। ਮਜਦੂਰਾਂ ਨੇ ਕਿਹਾ ਕਿ ਪਿਛਲੇ ਲਾਕਡਾਊਨ ਨੇ ਉਨ੍ਹਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਸੀ। ਐਤਕੀਂ ਇਸ ਤੋਂ ਬਚਣ ਲਈ ਉਨ੍ਹਾਂ ਇਹ ਰਸਤਾ ਅਖਤਿਆਰ ਕੀਤਾ ਹੈ। ਉਨ੍ਹਾਂ ਆਖਿਆ ਕਿ ਇੱਥੇ ਉਨ੍ਹਾਂ ਨੂੰ ਫਿਕਰ ਨਹੀਂ ਸੀ ਪਰ ਕਰੋਨਾ ਨੇ ਉਨ੍ਹਾਂ ਨੂੰ ਮੁੜ ਬੇਰੁਜਗਾਰ ਕਰ ਦਿੱਤਾ ਹੈ।
ਕਰੋਨਾ ਨਾਲੋਂ ਲੋੜਾਂ ਵੱਡੀਆਂ: ਸੇਵੇਵਾਲਾ
ਪੰਜਾਬ ’ਚ ਕਰੀਬ 7.50 ਲੱਖ ਖੇਤ ਮਜ਼ਦੂਰ ਪਰਿਵਾਰ ਹਨ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਹੈ ਕਿ ਕਰੋਨਾ ਦੀ ਆਫਤ ਵਾਂਗ ਮਜ਼ਦੂਰਾਂ ਦੀਆਂ ਲੋੜਾਂ ਦਾ ਮਸਲਾ ਵੀ ਵੱਡਾ ਹੈ। ਉਨ੍ਹਾਂ ਆਖਿਆ ਕਿ ਸੈਂਕੜੇ ਖੇਤ ਮਜਦੂਰ ਪ੍ਰੀਵਾਰ ਅਜਿਹੇ ਹਨ ਜਿੰਨ੍ਹਾਂ ਕੋਲ ਇੱਕ ਹੀ ਕਮਰਾ ਹੈ ਜਿੱਥੇ ਸਾਰਾ ਪ੍ਰੀਵਾਰ ਰਹਿੰਦਾ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਦਿਹਾੜੀ ਵੀ ਜਰੂਰੀ ਹੈ ਜਿਸ ਲਈ ਘਰੋਂ ਬਾਹਰ ਨਿਕਲਣਾ ਪੈਦਾਂ ਹੈ ਫਿਰ ਉਹ ਸਮਾਜਿਕ ਦੂਰੀ ਕਿਸ ਤਰਾਂ ਰੱਖਣ। ਸੇਵੇਵਾਲਾ ਨੇ ਆਖਿਆ ਕਿ ਅਸਲ ’ਚ ਕਰੋਨਾ ਸਿਆਸੀ ਧਿਰਾਂ ਲਈ ਵਰਦਾਨ ਬਣ ਕੇ ਬਹੁੜਿਆ ਹੈ ਇਕੱਲੇ ਖੇਤ ਮਜਦੂਰ ਹੀ ਨਹੀਂ ਬਲਕਿ ਕਿਰਤ ਕਰਕੇ ਖਾਣ ਵਾਲੇ ਰਗੜ ਕੇ ਰੱਖ ਦਿੱਤੇ ਹਨ।
ਸਰਕਾਰ ਨੇ ਡੱਕਾ ਨਹੀਂ ਤੋੜਿਆ: ਨੀਲ ਗਰਗ
ਆਮ ਆਦਮੀ ਪਾਰਟੀ ਦੇ ਨੇਤਾ ਨੀਲ ਗਰਗ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤਸਵੀਰਾਂ ਵਿਚ ਮੁਸਤੈਦ ਹੈ ਪ੍ਰੰਤੂ ਜ਼ਮੀਨੀ ਹਕੀਕਤ ਪੂਰੀ ਤਰਾਂ ਇਸ ਦੇ ਉਲਟ ਹੈ। ਉਨ੍ਹਾਂ ਆਖਿਆ ਕਿ ਪਹਿਲੀ ਅਤੇ ਦੂਸਰੀ ਲਹਿਰ ਵਿਚਕਾਰ ਸਰਕਾਰ ਨੂੰ ਇੱਕ ਸਾਲ ਦਾ ਸਮਾਂ ਮਿਲਿਆ ਸੀ ਪਰ ਉਸ ਨੇ ਕੋਈ ਤਿਆਰੀਆਂ ਨਹੀਂ ਕੀਤੀਆਂ ਹਨ ਜਿਸ ਦੇ ਸਿੱਟੇ ਵਜੋਂ ਮੌਤ ਦਰ ਬੇਲਗਾਮ ਹੋ ਗਈ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ ਕਰੋਨਾ ਨਾਲ ਨਜਿੱਠਣ ਲਈ ਕੁੱਝ ਨਹੀਂ ਕੀਤਾ ਬਲਕਿ ਕੈਂਸਰ ਹਸਪਤਾਲ ਨੂੰ ਬੰਦ ਕਰਨ ਲੱਗੀ ਹੈ ਜਿਸ ਨਾਲ ਹਜ਼ਾਰਾਂ ਕੈਂਸਰ ਮਰੀਜ਼ ਬਿਪਤਾ ’ਚ ਫਸ ਗਏ ਹਨ। ਉਨ੍ਹਾਂ ਕਈ ਮਿਸਾਲਾਂ ਦਿੱਤੀਆਂ ਜਿੰਨ੍ਹਾਂ ਕੈਂਸਰ ਮਰੀਜ਼ਾਂ ਨੂੰ ਜ਼ਿੰਦਗੀ ਛੋਟੀ ਜਾਪਣ ਲੱਗੀ ਹੈ। ਮੈਡੀਕਲ ਸਟੋਰ ਵੀ ਬੰਦ ਹਨ।