ਮਨੁੱਖਤਾ ਦਾ ਦਰਦ ਵੰਡਾਉਣ ਵਾਲੇ ਖੂਨਦਾਨੀ ਨੂੰ ਸਰਕਾਰ ਵੱਲੋਂ ‘ਸੈਲੂਟ’
ਅਸ਼ੋਕ ਵਰਮਾ
ਬਠਿੰਡਾ,6 ਮਈ2021:ਸਿਹਤ ਵਿਭਾਗ ਪੰਜਾਬ ਨੇ ਬਠਿੰਡਾ ਦੇ ਨੌਜਵਾਨ ਖੂਨਦਾਨੀ ਦਾ ਸਨਮਾਨ ਕੀਤਾ ਹੈ ਜਿਸ ਨੇ ਕਰੋਨਾ ਵਰਗੇ ਸੰਕਟ ਵਾਲੇ ਵਕਤ ਦੌਰਾਨ 150 ਯੂਨਿਟ ਖੁਨਦਾਨ ਕਰਵਾ ਕੇ ਸਮਾਜ ਸੇਵਾ ਦੀ ਮਿਸਾਲ ਕੀਤੀ ਹੈ।ਲਾਈਨੋਪਾਰ ਇਲਾਕੇ ਦਾ ਇਹ ਨੌਜਵਾਨ ਬੀਰਬਲ ਬਾਂਸਲ ਉਰਫ ਬੀਰੂ ਬਾਂਸਲ ਜਿਸ ਨੇ ਖੂਨਦਾਨ ਕਰਨ ਅਤੇ ਕਰਵਾਉਣ ਨੂੰ ਮਿਸ਼ਨ ਬਣਾਇਆ ਹੋਇਆ ਹੈ। ਕਰੋਨਾ ਕਾਲ ’ਚ ਜਦੋਂ ਮਰੀਜਾਂ ਨੂੰ ਖੂਨ ਦੀ ਵਧੇਰੇ ਜਰੂਰਤ ਰਹਿੰਦੀ ਹੈ ਤਾਂ ਖਤਰਿਆਂ ਦੌਰਾਨ ਉਸ ਦੀ ਇੱਕ ਲੱਤ ਬਲੱਡ ਬੈਂਕ ’ਚ ਹੁੰਦੀ ਹੈ ਤਾਂ ਦੂਸਰੀ ਖੂਨਦਾਨੀਆਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਦੀ ਦੇਹਲੀ ਅੱਗੇ। ਅੱਜ ਬੀ ਟੀ ਓ ਡਾਕਟਰ ਰਿਤਿਕਾ ਗਰਗ ਨੇ ਬੀਰੂ ਬਾਂਸਲ ਨੂੰ ਸਨਮਾਨ ਦੇਣ ਉਪਰੰਤ ਉਸ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਸ ਨੂੰ ਦੀਨ ਦੁਖੀਆਂ ਲਈ ਮਸੀਹਾ ਦੱਸਿਆ ਹੈ।
ਬੀਰੂ ਬਾਂਸਲ ਦਾ ਬਲੱਡ ਗਰੁੱਪ ਬੀ ਨੈਗੇਟਿਵ ਹੈ ਜਿਸ ਨੂੰ ਡਾਕਟਰੀ ਭਾਸ਼ਾ ’ਚ ਦੁਰਲੱਭ ਮੰਨਿਆ ਜਾਂਦਾ ਹੈ। ਬੀਰੂ ਬਾਂਸਲ ਹੁਣ ਤੱਕ ਪੰਜ ਦਰਜਨ ਤੋਂ ਵੱਧ ਵਾਰ ਖੂਨਦਾਨ ਕਰ ਚੁੱਕਿਆ ਹੈ। ਪੁਰਾਣੀ ਗੱਲ ਹੈ ਕਿ ਹਾਲੇ ਬੀਰੂ ਬਾਂਸਲ ਦੇ ਵਿਆਹ ਦੀਆਂ ਰਸਮਾਂ ਹੀ ਚੱਲ ਰਹੀਆਂ ਸਨ ਕਿ ਸਾਲ 2000 ’ਚ ਸਟੇਡੀਅਮ ਕੋਲ ਕਬਾੜੀਏ ਦੀ ਦੁਕਾਨ ਕੋਲ ਧਮਾਕਾ ਹੋ ਗਿਆ। ਆਪਣੀ ਨਵਵਿਆਹੁਤਾ ਨੂੰ ਦੱਸਕੇ ਪੀੜਤਾਂ ਦੇ ਦਰਦ ਨੂੰ ਪਛਾਣਦਿਆਂ ਬੀਰੂ ਬਾਂਸਲ ਨੇ ਖੂਨ ਦੀ ਲੋੜ ਪੈਣ ਤੇ ਪਹਿਲੀ ਵਾਰ ਖੂਨਦਾਨ ਕੀਤਾ ਸੀ । ਬਲੱਡ ਬੈਂਕ ਦੇ ਅਧਿਕਾਰੀ ਵੀ ਉਸਦੀ ਸਿਫਤ ਕਰਦਿਆਂ ਆਖਦੇ ਨਹੀਂ ਥੱਕਦੇ ਕਿ ਹੁਣ ਵੀ ਜਦੋਂ ਵੀ ਕਿਸੇ ਨੂੰ ਜਰੂਰਤ ਪੈਂਦੀ ਹੈ ਤਾਂ ਅੱਧੇ ਬੋਲ ਦੌੜਦਾ ਹੈ ਜੋਕਿ ਅਜੋਕੇ ਸਮੇਂ ਦੌਰਾਨ ਵੱਡੀ ਗੱਲ ਹੈ।
ਉਸ ਨੂੰ ਅਕਸਰ ਹੀ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਚ ਮਰੀਜਾਂ ਦੀ ਸਹਾਇਤਾ ਲਈ ਖੂਨਦਾਨ ਕਰਵਾਉਂਦੇ ਦੇਖਿਆ ਜਾ ਸਕਦਾ ਹੈ। ਬੀਰੂ ਬਾਂਸਲ ਦਾ ਪ੍ਰਤੀਕਰਮ ਸੀ ਕਿ ਜਦੋਂ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਮਨੁੱਖ ਨੇ ਖਾਕ ਹੋ ਜਾਣਾ ਹੈ ਤਾਂ ਕਿਸੇ ਲੋੜਵੰਦ ਦੇ ਕੰਮ ਖੂਨ ਆ ਜਾਏ ਤਾਂ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ। ਗਮੀ ਖੁਸ਼ੀ ਦੇ ਸਮਾਗਮਾਂ ’ਚ ਵੀ ਖੂਨਦਾਨ ਲਈ ਪ੍ਰੇਰਿਤ ਕਰਨ ਤੋਂ ਨਾਂ ਖੁੰਝਣ ਵਾਲੇ ਨੌਜਵਾਨ ਬੀਰੂ ਬਾਂਸਲ ਆਖਦਾ ਹੈ ਕਿ ਜਿੰਨਾਂ ਚਿਰ ਸਾਹ ਵਗਦੇ ਹਨ ਓਨਾਂ ਸਮਾਂ ਮਾਨਵਤਾ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ। ਉਸ ਨੇ ਅੱਜ ਵੀ ਪੰਜਾਬ ਦੇ ਸਿਰ ਮੰਡਰਾ ਰਹੇ ਮਹਾਂਮਾਰੀ ਦੇ ਖਤਰੇ ਨੂੰ ਦੇਖਦਿਆਂ ਵੱਧ ਤੋਂ ਵੱਧ ਖੂਨਦਾਨ ਕਰਨ ਅਤੇ ਕਰਵਾਉਣ ਦੀ ਅਪੀਲ ਕੀਤੀ ਹੈ।