ਰਾਜਾ ਵੜਿੰਗ ਨੇ ਲੋਕਾਂ ਦਾ ਦਰਦ ਸਮਝਿਆ, ਪੜ੍ਹੋ ਲਾਈਵ ਹੋ ਕੇ ਕੀ ਕਿਹਾ..’’
ਰਾਜਵੰਤ ਸਿੰਘ
ਗਿੱਦੜਬਾਹਾ, 6 ਮਈ 2021-ਕੋਰੋਨਾਕਾਲ ਦੌਰਾਨ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਤੋਂ ਕਈ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਨਜਾਇਜ਼ ਵਸੂਲੀ ’ਤੇ ਐਕਸ਼ਨ ਲੈਂਦਿਆਂ ਇੱਥੋਂ ਦੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਇਸਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ, ਉਥੇ ਹੀ ਇਸ ਸਬੰਧੀ ਸਖ਼ਤ ਐਕਸ਼ਨ ਲੈਣ ਦੀ ਗੱਲ ਆਖ਼ੀ ਹੈ।
ਵਿਧਾਇਕ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਵਿਖੇ ਡਾਕਟਰਾਂ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਨਾਂਅ ’ਤੇ ਲੱਖਾਂ ਰੁਪਏ ਦੇ ਨਜਾਇਜ਼ ਬਿੱਲ ਬਣਾਏ ਜਾ ਰਹੇ ਹਨ, ਜੋ ਕਿ ਗਲਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਕੋਰੋਨਾ ਮਰੀਜ਼ ਦਾ ਰੋਜ਼ਾਨਾ ਲਗਭਗ 7 ਹਜ਼ਾਰ ਰੁਪਏ ਦਾ ਖ਼ਰਚਾ ਹੈ, ਸੋ ਰੋਜ਼ਾਨਾ 7 ਹਜ਼ਾਰ ਰੁਪਏ ਤੋਂ ਵੱਧ ਦਾ ਖ਼ਰਚਾ ਵਸੂਲ ਨਾ ਕਰਨ ਡਾਕਟਰ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਨਜਾਇਜ਼ ਲੁੱਟ ਕਰਨ ਵਾਲੇ ਡਾਕਟਰਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਦਿੱਤੀ ਜਾਵੇ ਤਾਂ ਜੋ ਸਰਕਾਰ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਰਾਜਾ ਵੜਿੰਗ ਨੇ ਕਿਹਾ ਕਿ ਜ਼ਿਲ੍ਹੇ ’ਚ ਆਕਸੀਜਨ ਦੀ ਕੋਈ ਕਮੀ ਨਹੀਂ ਹੇ ਤੇ ਡਾਕਟਰ ਆਪਣੇ ਹਸਪਤਾਲਾਂ ’ਚ ਬੈਡਾਂ ਦੀ ਗਿਣਤੀ ਅਨੁਸਾਰ ਵਿਭਾਗ ਤੋਂ ਆਕਸੀਜਨ ਲੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਦੇ ਰਹਿਣ।