Babushahi Special ਖੂੂਬ ਲੜੀ ਸਰਦਾਰਨੀ : ਅਕਾਲੀ ਦਲ ਦੀ ਤੱਕੜੀ ਵਿੱਚ ਸਿਆਸੀ ਵੱਟੇ ਪਾਉਣ ਲਈ ਰਾਹ ਪੱਧਰਾ
ਅਸ਼ੋਕ ਵਰਮਾ
ਬਠਿੰਡਾ, 14 ਨਵੰਬਰ 2025: ਪੰਜਾਬ ਦੀ ਸੱਤਾ ’ਤੇ ਲੰਮਾ ਸਮਾਂ ਕਾਬਜ਼ ਰਹਿਣ ਵਾਲੇ ਸ਼ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੇ ਤਰਨ ਤਾਰਨ ਵਿਧਾਨ ਹਲਕੇ ਦੀ ਜਿਮਨੀ ਚੋਣ ਦੌਰਾਨ ਦੂਸਰੇ ਸਥਾਨ ਤੇ ਰਹਿਣ ਕਾਰਨ ਸੂਬੇ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦੇ ਆਗੂਆਂ ਖੁੱਸੀ ਹੋਈ ਸਿਆਸੀ ਜਮੀਨ ਵਾਪਿਸ ਮਿਲਣ ਦੀ ਆਸ ਬੱਝੀ ਹੈ। ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 30 ਹਜ਼ਾਰ 558 ਵੋਟਾਂ ਪਈਆਂ ਹਨ। ਸਿਆਸੀ ਅਤੇ ਧਾਰਮਿਕ ਮੁਹਾਜ਼ ਤੇ ਝਟਕਿਆਂ ਦਾ ਸਾਹਮਣਾ ਕਰਦੀ ਆ ਰਹੇ ਅਕਾਲੀ ਹਲਕਿਆਂ ’ਚ ਹੌਂਸਲੇ ਵਾਲਾ ਮਹੌਲ ਹੈ । ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ 2022 ਚੋਣਾਂ ’ਚ ਹੋਈ ਇਤਿਹਾਸਕ ਤੇ ਨਮੋਸ਼ੀਜਨਕ ਹਾਰ ਤੋਂ ਬਾਅਦ ਨਿਘਾਰ ਦਾ ਅਮਲ ਜਾਰੀ ਰਹਿਣ ਕਾਰਨ ਪਾਰਟੀ ਉਪਰ ਘਟੀ ਸੁਖਬੀਰ ਬਾਦਲ ਦੀ ਪਕੜ ਹੁਣ ਮਜਬੂਤ ਹੋਵੇਗੀ ਅਤੇ ਵਿਰੋਧੀਆਂ ਦੇ ਸਿਆਸੀ ਹੱਲਿਆਂ ਤੇ ਰੋਕ ਲੱਗੇਗੀ।
ਸ਼ੁਰੂ ’ਚ ਕਿਹਾ ਜਾ ਰਿਹਾ ਸੀ ਕਿ ਮੁੱਖ ਮੁਕਾਬਲਾ ਹਾਕਮ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੈ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਸਖਤ ਮਿਹਨਤ ਕਾਰਨ ਅਕਾਲੀ ਉਮੀਦਵਾਰ ਸਿੱਧੀ ਟੱਕਰ ’ਚ ਆ ਗਿਆ ਜਦੋਂਕਿ ਕਾਂਗਰਸੀ ਉਮੀਦਵਾਰ ਤਾਂ ਚੌਥੇ ਸਥਾਨ ਤੇ ਸਿਮਟ ਗਿਆ ਹੈ। ਗਿਣਤੀ ਦੇ ਪਹਿਲੇ ਤਿੰਨ ਗੇੜਾਂ ਦੌਰਾਨ ਤਾਂ ਅਕਾਲੀ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਅੱਗੇ ਰਿਹਾ ਸੀ। ਸਿਆਸੀ ਤੌਰ ਤੇ ਇਸ ਚੋਣ ਦੀ ਪੁਣਛਾਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਪੰਥਕ ਵਿਚਾਰਧਾਰਾ ਵਾਲਾ ਹਲਕਾ ਮੰਨੇ ਜਾਂਦੇ ਤਾਰਨ ਤਾਰਨ ਦੀ ਚੋਣ ਦੌਰਾਨ ਅਕਾਲੀ ਉਮੀਦਵਾਰ ਦੇ ਦੂਸਰੇ ਸਥਾਨ ਤੇ ਆਉਣ ਨੇ ਇੱਕ ਤਰਾਂ ਨਾਲ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਮੋਹਰ ਲਾਈ ਹੈ। ਇਸ ਪੱਤਰਕਾਰ ਨੇ ਜਿੰਨ੍ਹਾਂ ਅਕਾਲੀ ਆਗੂਆਂ ਨਾਲ ਗੱਲ ਕੀਤੀ ਤਾਂ ਸਭਨਾਂ ਨੇ ਚੋਣ ਨਤੀਜਿਆਂ ਤੇ ਤਸੱਲੀ ਪ੍ਰਗਟਾਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਚੋਣ ਨਤੀਜੇ ਦੇ ਦੂਰ ਰਸ ਸਿੱਟੇ ਨਿਕਲਣਗੇ ਅਤੇ ਪਾਰਟੀ ਹੋਰ ਮਜਬੂਤ ਹੋਵੇਗੀ। ਦੇਖਿਆ ਜਾਵੇ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਗੁਆਚੀ ਸਾਖ਼ ਬਹਾਲ ਕਰਨ ਲਈ ਇਸ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਇਹੋ ਹੀ ਨਹੀਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਚੋਣ ਪ੍ਰਚਾਰ ਲਈ ਦਿਨ ਰਾਤ ਡਟੀ ਰਹੀ। ਦਰਅਸਲ ਸ਼ਰੋਮਣੀ ਅਕਾਲੀ ਦਲ ਵਿੱਚ ਅੰਦਰੂਨੀ ਬਗਾਵਤਾਂ ਸ਼ੁਰੂ ਹੋਣ ਦਾ ਅਮਲ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਬਗਾਵਤ ਕਰ ਦਿੱਤੀ ਸੀ ਪਰ ਜੱਥੇਦਾਰ ਬ੍ਰਹਮਪੁਰਾ ਨੇ ਮੁੜ ਤੋਂ ਅਕਾਲੀ ਦਲ ’ਚ ਸ਼ਮੂਲੀਅਤ ਕਰ ਲਈ ਸੀ।
ਸਾਲ 2022 ਦੀਆਂ ਚੋਣਾਂ ਤੋਂ ਬਾਅਦ ਇਹ ਸੰਕਟ ਹੋਰ ਵੀ ਵਧ ਗਿਆ ਤੇ ਵਰਕਰਾਂ ’ਚ ਨਿਰਾਸ਼ਾ ਹੀ ਨਹੀਂ ਸੀ ਸਗੋਂ ਲੀਡਰਸ਼ਿਪ ਖਿਲਾਫ਼ ਰੋਹ ਵੀ ਸੀ। ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਤਾਂ ਆਪਣੇ ਹੀ ਸਾਥੀਆਂ ਦੇ ਨਿਸ਼ਾਨੇ ਤੇ ਚੱਲ ਰਹੇ ਸਨ। ਪਾਰਟੀ ਅੰਦਰ ਚੱਲ ਰਹੇ ਸੰਕਟ ਦੇ ਹੱਲ ਲਈ ਪਾਰਟੀ ਵੱਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾਕੇ ਜ਼ਮੀਨੀ ਪੱਧਰ ਤੱਕ ਵਰਕਰਾਂ ਨਾਲ ਗੱਲਬਾਤ ਰਾਹੀਂ ਰਿਪੋਰਟ ਤਿਆਰ ਕੀਤੀ ਗਈ ਤਾਂ ਕਿ ਅਕਾਲੀ ਦਲ ਅੰਦਰ ਸੁਧਾਰ ਕੀਤਾ ਜਾ ਸਕੇ। ਪਾਰਟੀ ਅੰਦਰ ਸੁਧਾਰ ਤਾਂ ਕੀ ਹੋਣਾ ਸੀ ਬਲਕਿ ਕਈ ਤਰਾਂ ਦੀਆਂ ਘਟਨਾਵਾਂ ਵਾਪਰਨ ਉਪਰੰਤ ਇੱਕ ਵੱਖਰੀ ਪਾਰਟੀ ਹੋਦ ’ਚ ਆ ਗਈ ਜੋਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਇਹ ਸਿੱਧੇ ਤੌਰ ਤੇ ਸੁਖਬੀਰ ਬਾਦਲ ਦੀ ਵਿਰੋਧਤਾ ਕਰਦਾ ਆ ਰਹੀ ਹੈ।
ਪਾਰਟੀ ਅੰਦਰ ਚੱਲ ਰਹੇ ਸੰਕਟ ਦਰਮਿਆਨ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਪ੍ਰੀਖਿਆ ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਦੌਰਾਨ ਹੋਈ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਤਾਣ ਲਾਉਣ ਦੇ ਬਾਵਜੂਦ ਮਹਿਜ਼ 17.85 ਫੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਜਲੰਧਰ ਵਿੱਚ ਡੇਰੇ ਲਾ ਕੇ ਰੱਖੇ ਸਨ ਅਤੇ ਸਾਲ 2022 ਵਿੱਚ ਹੋਈ ਹਾਰ ਤੋਂ ਬਾਅਦ ਅਕਾਲੀ ਦਲ ਇਸ ਸੰਸਦੀ ਚੋਣ ਜ਼ਰੀਏ ਪੈਰਾਂ-ਸਿਰ ਖੜ੍ਹੇ ਹੋਣ ਦੀ ਤਾਕ ਵਿੱਚ ਸੀ ਪਰ ਚੋਣ ਨਤੀਜਿਆਂ ਨੇ ਅਕਾਲੀ ਆਗੂਆਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਨਾਲ ਪਾਣੀ ਫੇਰ ਕੇ ਰੱਖ ਦਿੱਤਾ ਸੀ। ਇਸੇ ਤਰਾਂ ਹੀ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਚੋਣ ਦੌਰਾਨ ਵੀ ਸ਼ਰੋਮਣੀ ਅਕਾਲੀ ਦਲ ਨੂ ਸਿਆਸੀ ਤੌਰ ਤੇ ਵੱਡੀ ਮਾਰ ਪਈ ਅਤੇ ਪਾਰਟੀ ਪੂਰੀ ਤਰ੍ਹਾਂ ਫਾਡੀ ਰਹੀ ਸੀ।
ਸਾਲ 2024 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਬਠਿੰਡਾ ਹਲਕੇ ਹਰਸਿਮਰਤ ਕੌਰ ਬਾਦਲ ਨੂੰ ਛੱਡਕੇ ਬਾਕੀ 12 ਹਲਕਿਆਂ ’ਚ ਅਕਾਲੀ ਉਮੀਦਵਾਰ ਹਾਰ ਗਏ ਸਨ। ਸਥਿਤੀ ਦੀ ਗੰਭੀਰਤਾ ਦਾ ਇਸ ਤੋਂ ਪਤਾ ਲੱਗਦਾ ਹੈ ਕਿ 11 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ। ਇਸ ਦੌਰਾਨ ਪਾਰਟੀ ਵਿਚਲਾ ਅੰਦਰੂਨੀ ਸੰਕਟ ਐਨਾ ਗੰਭੀਰ ਹੋ ਗਿਆ ਕਿ ਨਵੰਬਰ 2024 ਦੌਰਾਨ ਅਕਾਲੀ ਦਲ ਨੇ ਚਾਰ ਜਿਮਨੀ ਚੋਣਾਂ ਵਿੱਚ ਭਾਗ ਹੀ ਨਹੀਂ ਲਿਆ ਸੀ। ਸਾਲ 2025 ਵਿੱਚ ਲੁਧਿਆਣਾ ਪੱਛਮੀ ਹਲਕੇ ਵਿੱਚ ਵੀ ਅਕਾਲੀ ਦਲ ਦੀ ਝੋਲੀ ਖਾਲੀ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਮੋਹਿਤ ਗੁਪਤਾ ਦਾ ਕਹਿਣਾ ਸੀ ਕਿ ਤਰਨਤਾਰਨ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਕਹਿੰਦੇ ਸਨ ਕਿ ਅਕਾਲੀ ਦਲ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ 2027 ਦੀਆਂ ਚੋਣਾਂ ਦੌਰਾਨ ਮਜਬੂਤ ਹੋ ਕੇ ਨਿਤਰੇਗੀ।