Babushahi Special: ਗਾਲ੍ਹਾਂ ਕੱਢਣ ਦੇ ਮਾਮਲੇ ’ਚ ਪੰਜਾਬ ਦਾ ਦੂਸਰਾ ਸਥਾਨ ਜਦੋਂਕਿ ਦਿੱਲੀ ਪਹਿਲੇ ਨੰਬਰ ’ਤੇ
ਅਸ਼ੋਕ ਵਰਮਾ
ਬਠਿੰਡਾ,20 ਜੁਲਾਈ2025 : ਵਿਸ਼ਵ ਭਰ ’ਚ ਬੋਲਣ ਦੇ ਮਾਮਲੇ ’ਚ ਸ਼ਾਲੀਨਤਾ ਵਰਤਣਾ ਅਤੇ ਮਿੱਠਾ ਬੋਲਣ ਵਾਲੇ ਨੂੰ ਸੱਭਿਅਕ ਮੰਨਿਆ ਜਾਂਦਾ ਹੈ ਪਰ ਇੱਕ ਹਕੀਕਤ ਇਹ ਵੀ ਹੈ ਕਿ ਬਦਲੇ ਹਾਲਾਤਾਂ ਕਾਰਨ ਬੋਲਬਾਣੀ ’ਚ ਵਿਗਾੜ ਮਨੁੱਖੀ ਸੁਭਾਅ ਦਾ ਇੱਕ ਅਨਿੱਖੜਵਾਂ ਅੰਗ ਬਣਦਾ ਜਾ ਰਿਹਾ ਹੈ ਜਿਸ ਵਿੱਚ ਗਾਲ੍ਹਾਂ ਕੱਢਣਾ ਵੀ ਸ਼ਾਮਲ ਹੈ। ਇੱਕ ਸਰਵੇਖਣ ਦੀ ਰਿਪੋਰਟ ਦੌਰਾਨ ਖੁਲਾਸਾ ਹੋਇਆ ਹੈ ਕਿ ਦਿੱਲੀ ਦੇ ਲੋਕ ਸਭ ਤੋਂ ਵੱਧ ਗਾਲ੍ਹਾਂ ਕੱਢਦੇ ਹਨ ਜਦੋਂਕਿ ਪੰਜਾਬ ਦਾ ਇਸ ਮਾਮਲੇ ’ਚ ਦੂਸਰਾ ਸਥਾਨ ਹੈ। ਸੈਲਫੀ ਵਿਦ ਡਾਟਰ ਫਾਊਂਡੇਸ਼ਨ ਦੇ ਸੰਸਥਾਪਕ ਤੇ ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਪ੍ਰੋਫੈਸਰ ਆਫ਼ ਪ੍ਰੈਕਟਿਸ ਡਾ. ਸੁਨੀਲ ਜਗਲਾਨ ਨੇ ਗਾਲ੍ਹਾਂ ਬੰਦ ਕਰਵਾਉਣ ਮੁਹਿੰਮ ਚਲਾਈ ਹੈ ਜਿਸ ਤਹਿਤ ਇਹ ਸਰਵੇਖਣ ਕੀਤਾ ਸੀ । ਤਕਰੀਬਨ 11 ਸਾਲ ਤੱਕ ਜਾਰੀ ਰਹੇ ਇਸ ਸਰਵੇਖਣ ਵਿੱਚ ਵੱਖ ਵੱਖ ਵਰਗਾਂ ਨਾਲ ਸਬੰਧ ਰੱਖਣ ਵਾਲੇ ਲਗਭਗ 70 ਹਜ਼ਾਰ ਲੋਕ ਸ਼ਾਮਲ ਕਰਕੇ ਸਵਾਲ ਕੀਤੇ ਗਏ ਸਨ।
ਇੰਨ੍ਹਾਂ ਲੋਕਾਂ ਵਿੱਚ ਨੌਜਵਾਨ, ਮਾਪੇ, ਅਧਿਆਪਕ, ਡਾਕਟਰ, ਆਟੋ ਡਰਾਈਵਰ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਪੁਲਿਸ ਕਰਮਚਾਰੀ, ਵਕੀਲ, ਕਾਰੋਬਾਰੀ, ਸਫਾਈ ਕਰਮਚਾਰੀ, ਪ੍ਰੋਫੈਸਰ ਅਤੇ ਪੰਚਾਇਤਾਂ ਦੇ ਪ੍ਰਤੀਨਿਧ ਸ਼ਾਮਲ ਸਨ। ਸਰਵੇਖਣ ਦੌਰਾਨ ਸਾਹਮਣੇ ਆਏ ਤੱਥਾਂ ਅਨੁਸਾਰ, ਦਿੱਲੀ ਦੇ 80 ਪ੍ਰਤੀਸ਼ਤ ਲੋਕਾਂ ਵੱਲੋਂ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ । ਰਿਪੋਰਟ ਮੁਤਾਬਕ ਦਿੱਲੀ ਦੇਸ਼ ਦੇ ਇੱਕ ਅਜਿਹੇ ਸੂਬੇ ਵਜੋਂ ਸਾਹਮਣੇ ਆਈ ਹੈ ਜਿੱਥੇ ਗਾਲ੍ਹਾਂ ਕੱਢਣ ਦੀ ਪ੍ਰਵਿਰਤੀ ਸਭ ਤੋਂ ਵੱਧ ਪਾਈ ਗਈ ਹੈ। ਸਰਵੇਖਣ ਤੋਂ ਪਤਾ ਲੱਗਾ ਹੈ ਕਿ ਗਾਲ੍ਹਾਂ ਕੱਢਣਾ ਦਿੱਲੀ ਦੇ ਲੋਕਾਂ ਦੀ ਇੱਕ ਤਰਾਂ ਨਾਲ ਆਦਤ ਜਿਹੀ ਬਣ ਗਈ ਹੈ ਅਤੇ ਉਹ ਹਰ ਛੋਟੀ ਮੋਟੀ ਗੱਲ ਤੇ ਗਾਲ੍ਹਾਂ ਕੱਢਦੇ ਰਹਿੰਦੇ ਹਨ। ਸਿਰਫ ਪੁਰਸ਼ ਹੀ ਨਹੀਂ ਬਲਕਿ ਔਰਤਾਂ ਅਤੇ ਕੁੜੀਆਂ ਖੁਦ ਵੀ ਮਾਂ,ਧੀ ਅਤੇ ਭੈਣਾਂ ਲਈ ਗਾਲ੍ਹਾਂ ਵਰਗੇ ਇਤਰਾਜ਼ਯੋਗ ਸ਼ਬਦ ਵਰਤਦੀਆਂ ਹਨ। ਰਿਪੋਰਟ ਮੁਤਾਬਕ ਇਸ ਮਾਮਲੇ ’ਚ ਪੰਜਾਬ ਦਾ ਦੂਜਾ ਨੰਬਰ ਹੈ ਜਿੱਥੇ 78 ਪ੍ਰਤੀਸ਼ਤ ਲੋਕ ਗਾਲ੍ਹਾਂ ਕੱਢਦੇ ਹਨ।
ਸਰਵੇਖਣ ਰਿਪੋਰਟ ’ਚ ਗਾਲ੍ਹਾਂ ਕੱਢਣ ਦੇ ਅੰਕੜਿਆਂ ਵਿੱਚ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀ ਸਥਿਤੀ ਇੱਕੋ ਜਿਹੀ ਹੈ ਜਿੱਥੇ ਇਹ ਅੰਕੜਾ 74 ਪ੍ਰਤੀਸ਼ਤ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਰਾਜਸਥਾਨ ਦੇ 68 ਫੀਸਦੀ ਲੋਕਾਂ ਵੱਲੋਂ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਜਦੋਂਕਿ ਹਰਿਆਣਾ ਵਿੱਚ 62 ਫੀਸਦੀ, ਮਹਾਂਰਾਸ਼ਟਰ ਦੇ 58 ਪ੍ਰਤੀਸ਼ਤ, ਗੁਜਰਾਤ ਦੇ 55 ਫੀਸਦੀ ਲੋਕ, ਉਤਰਾਖੰਡ ਦੇ 45 ਫੀਸਦੀ ਅਤੇ ਕਸ਼ਮੀਰ ਦੇ 15 ਫੀਸਦੀ ਲੋਕਾਂ ’ਚ ਗਾਲੀ ਗਲੋਚ ਯਾਨੀਕਿ ਬੇਹੱਦ ਗੰਦੀ ਭਾਸ਼ਾ ਵਰਤੋਂ ਕਰਨ ਦੀ ਆਦਤ ਹੈ। ਰਿਪੋਰਟ ਦੌਰਾਨ ਉੱਤਰੀ ਪੂਰਬੀ ਸੂਬਿਆਂ ਸਮੇਤ ਹੋਰ ਵੀ ਕਈ ਰਾਜਾਂ ’ਚ ਇਹ ਸਿਲਸਿਲਾ 20 ਤੋਂ 30 ਫੀਸਦੀ ਲੋਕਾਂ ਵਿੱਚ ਪਾਇਆ ਗਿਆ ਹੈ। ਸਰਵੇਖਣ ਰਿਪੋਰਟ ਦੌਰਾਨ ਇਹ ਤੱਥ ਵੀ ਉੱਭਰੇ ਹਨ ਕਿ 30 ਪ੍ਰਤੀਸ਼ਤ ਔਰਤਾਂ ਅਤੇ ਕੁੜੀਆਂ ਗਾਲ੍ਹਾਂ ਕੱਢਦੀਆਂ ਹਨ। ਰਿਪੋਰਟ ਅਨੁਸਾਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੜਕੀਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਗਾਲ੍ਹਾਂ ਕੱਢਣਾ ਆਮ ਗੱਲ ਬਣੀ ਹੋਈ ਹੈ।
ਸਾਲ 2014 ਵਿੱਚ ਸ਼ੁਰੂ ਕੀਤੀ ਮੁਹਿੰਮ
ਡਾ. ਸੁਨੀਲ ਜਗਲਾਨ ਦਾ ਕਹਿਣਾ ਸੀ ਕਿ ਗਾਲੀ-ਗਲੋਚ ਕਰਨਾ ਕੋਈ ਸੰਸਕਾਰ ਨਹੀਂ, ਸਗੋਂ ਇੱਕ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬੱਚਾ ਵੱਡਾ ਹੋ ਰਿਹਾ ਹੁੰਦਾ ਹੈ ਅਤੇ ਉਹ ਫ਼ੋਨ ’ਤੇ ਜਾਂ ਆਪਣੇ ਆਲੇ-ਦੁਆਲੇ ਗਾਲੀ-ਗਲੋਚ ਸੁਣਦਾ ਹੈ, ਤਾਂ ਇਹ ਸ਼ਬਦਾਵਲੀ ਉਸ ਦੇ ਦਿਮਾਗ ਵਿੱਚ ਬੈਠ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੌਲੀ ਹੌਲੀ ਇਹ ਗੱਲਾਂ ਉਸ ਦੀ ਆਦਤ ’ਚ ਸ਼ੁਮਾਰ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਾਲ 2014 ਵਿੱਚ ਗਾਲੀ ਬੰਦ ਘਰ ਨਾਮ ਹੇਠ ਇਹ ਵਰਤਾਰਾ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਤਹਿਤ, ਦੇਸ਼ ਭਰ ਵਿੱਚ 60 ਹਜ਼ਾਰ ਤੋਂ ਵੱਧ ਥਾਵਾਂ ’ਤੇ ਗਾਲ੍ਹ ਬੰਦ ਘਰ ਚਾਰਟ ਲਾਏ ਗਏ ਹਨ। ਡਾਕਟਰ ਜੁਗਲਾਨ ਨੇ ਦਾਅਵਾ ਕੀਤਾ ਕਿ ਅੱਜ ਉਨ੍ਹਾਂ ਦੀ ਮੁਹਿੰਮ ਵਿਸ਼ਵ ਪੱਧਰ ’ਤੇ ਮਸ਼ਹੂਰ ਹੋ ਗਈ ਹੈ।
ਕੀ ਗਾਲ੍ਹਾਂ ਕੱਢਣੀਆਂ ਸਿਹਤ ਲਈ ਚੰਗੀਆਂ?
ਜੇ ਕੋਈ ਤੁਹਾਨੂੰ ਕਹੇ ਕਿ ਗਾਲ੍ਹਾਂ ਕੱਢਣੀਆਂ ਸਿਹਤ ਲਈ ‘ਚੰਗੀ ਗੱਲ’ ਹੈ ਤਾਂ ਸ਼ਾਇਦ ਅਜੀਬ ਲੱਗੇਗਾ। ਨਿਊਜਰਸੀ ਦੀ ਕੀਨ ਯੂਨੀਵਰਸਿਟੀ ਵਿੱਚ ਕੀਤੀ ਇੱਕ ਖੋਜ ਅਨੁਸਾਰ ਗਾਲ੍ਹਾਂ ਕੱਢਣ ਕਰਕੇ ਸਮੱਸਿਆਵਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਯੂਨੀਵਰਸਿਟੀ ਨੇ ਕੱੁਝ ਵਿਦਿਆਰਥੀਆਂ ‘ਤੇ ਖੋਜ ਕੀਤੀ ਸੀ ਜੋ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਸਨ। ਖੋਜਕਰਤਾਵਾਂ ਨੇ ਅਜਿਹੇ ਵਿਦਿਆਰਥੀਆਂ ਦੇ ਹੱਥ ਬੇਹੱਦ ਠੰਡੇ ਪਾਣੀ ਵਿੱਚ ਪਾਏ ਸਨ। ਇੰਨ੍ਹਾਂ ਚੋਂ ਗਾਲ੍ਹਾਂ ਕੱਢਣ ਵਾਲੇ ਵਿਦਿਆਰਥੀ ਆਪਣੇ ਹੱਥ ਲੰਬਾ ਸਮਾਂ ਪਾਣੀ ਵਿੱਚ ਰੱਖਣ ’ਚ ਸਫਲ ਰਹੇ ਜਦੋਂਕਿ ਸ਼ਾਂਤ ਵਿਦਿਆਰਥੀਆਂ ਨੇ ਜਲਦੀ ਹੀ ਆਪਣੇ ਹੱਥ ਪਾਣੀ ਚੋਂ ਬਾਹਰ ਕੱਢ ਲਏ। ਜਾਣਕਾਰੀ ਅਨੁਸਾਰ ਕਈ ਦੇਸ਼ਾਂ ਵਿੱਚ ਲੋਕਾਂ ਨੂੰ ਜਿੰਮ ਜਾਂ ਯੋਗਾ ਕਲਾਸਾਂ ਦੌਰਾਨ ਆਪਣਾ ਗੁੱਸਾ ਕੱਢਣ ਲਈ ਕਿਹਾ ਜਾਂਦਾ ਹੈ ਜਿੱਥੇ ਕਸਰਤ ਦੇ ਨਾਲ-ਨਾਲ ਲੋਕ ਗਾਲ੍ਹਾਂ ਵੀ ਕੱਢਦੇ ਹਨ।
ਮਨਮੋਹ ਲੈਂਦੀ ਸੱਭਿਅਕ ਭਾਸ਼ਾ-ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਸੱਭਿਅਕ ਭਾਸ਼ਾ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ ਜਦੋਂਕਿ ਗਾਲ੍ਹਾਂ ਕੱਢਣ ਵਾਲੇ ਨੂੰ ਅਸੱਭਿਅਕ ਤੇ ਲੜਾਕਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿੱਠਾ ਬੋਲਚਾਲ ਰੱਖਣ ਨਾਲ ਸਬੰਧ ਮਜ਼ਬੂਤ ਹੁੰਦੇ ਹਨ ਅਤੇ ਇੰਨ੍ਹਾਂ ਦੀ ਬਦੌਲਤ ਝਗੜਿਆਂ ਨੂੰ ਅਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਂ ਗਾਲ੍ਹਾਂ ਕੱਢਣ ਕਾਰਨ ਕਤਲ ਤੱਕ ਹੋ ਜਾਂਦੇ ਹਨ ਜਿਸ ਕਰਕੇ ਅਜਿਹੀ ਆਦਤ ਤੋਂ ਬਚਣਾ ਚਾਹੀਦਾ ਹੈ।