350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਰਵਾਨਾ
ਅੱਜ ਦੇ ਮੌਜੂਦਾ ਸਮੇਂ ਵਿੱਚ ਪੰਥਕ ਏਕਤਾ ਅਤੇ ਮਜ਼ਬੂਤ ਸਿੱਖ ਸ਼ਕਤੀ ਦੀ ਸਖ਼ਤ ਲੋੜ ਹੈ: ਬਾਬਾ ਬਲਬੀਰ ਸਿੰਘ 96 ਕਰੋੜੀ
ਸ੍ਰੀ ਅਨੰਦਪੁਰ ਸਾਹਿਬ:- 14 ਨਵੰਬਰ ( ) ਸ਼੍ਰੋਮਣੀ ਪੰਥ ਅਕਾਲੀ ਬੱੁਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋ:ਗੁ:ਪ੍ਰ ਕਮੇਟੀ, ਸੰਤ ਮਹਾਪੁਰਸ਼ਾਂ ਦੇ ਮੁਖੀ ਸਾਹਿਬਾਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੀਕ ਪੂਰੇ ਖਾਲਸਾਈ ਜਲੋਅ ਨਾਲ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਇਆ। ਇਹ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਅੰਬਾਲਾ ਕੈਂਟ, ਸ਼ਾਹਬਾਦ, ਪਿਪਲੀ, ਕੁਰੂਕਸ਼ੇਤਰ, ਤਰਾਵੜੀ ਮੋੜ, ਕਰਨਾਲ, ਘਰੋਂਡਾ, ਪਾਣੀਪਤ ਟੋਲ ਪਲਾਜਾ, ਸਮਾਲਖਾ, ਸੋਨੀਪਤ, ਕੁੰਡਲੀ, ਸਿੰਘੂ ਬਾਰਡਰ, ਬਾਈਪਾਸ, ਲਿਬਾਸਪੁਰ, ਗੁ. ਮਜਨੂੰ ਟਿੱਲਾ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ (ਦਿੱਲੀ) ਵਿਖੇ ਪੁਜੇਗਾ। ਉਨ੍ਹਾਂ ਕਿਹਾ ਇਸ ਸਬੰਧੀ ਸਾਡੀ ਵਿਉਂਤਬੰਦੀ ਹੋ ਰਹੀ ਹੈ। ਇਹ ਨਗਰ ਕੀਰਤਨ ਸਿੱਖੀ ਜ਼ਜਬੇ ਦਾ ਪ੍ਰਗਟਾਅ ਕਰਦਾ ਵਿਸ਼ੇਸ਼ ਤੌਰ ਤੇ ਇਤਿਹਾਸਕ ਦਿੱਖ ਪ੍ਰਗਟ ਕਰੇਗਾ ਇਸ ਵਿੱਚ ਹਾਥੀ, ਘੋੜੇ, ਊਠ, ਪਾਲਕੀ ਸਾਹਿਬ ਵਾਲੇ ਸੁੰਦਰਵਾਹਨ, ਬੱਗੀਆਂ, ਗੱਡੇ, ਰੇਹੜੇ ਵਿਸ਼ੇਸ਼ ਖਿੱਚ ਦਾ ਕੇਂਦਰ ਬਿੰਦੂ ਬਣੇ।
ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਅੱਜ ਦੇ ਮੌਜੂਦਾ ਸਮੇਂ ਵਿੱਚ ਪੰਥਕ ਏਕਤਾ ਅਤੇ ਮਜ਼ਬੂਤ ਸਿੱਖ ਸ਼ਕਤੀ ਦੀ ਸਖ਼ਤ ਲੋੜ ਹੈ। ਸਭ ਧਿਰਾਂ ਨੂੰ ਦਵੈਤ ਦਵੰਦ ਤਿਆਗ ਕੇ ਇਕੱਤਰ ਹੋ ਕੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿਨ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਪਹਿਲਾਂ ਪੰਥਕ ਏਕਤਾ ਨਾਲ ਮਨਾਈਆਂ ਸ਼ਤਾਬਦੀਆਂ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਸ਼ਤਾਬਦੀਆਂ ਦੇ ਸਮਾਗਮਾਂ ਵਿਚੋਂ ਕੁੱਝ ਯਾਦਗਾਰ ਬਨਣਾ ਤੇ ਨਿਕਲਣਾ ਚਾਹੀਦਾ ਹੈ ਜੋ ਸਦੀਵੀ ਸੰਗਤਾਂ ਦੇ ਜ਼ੇਹਨ ਵਿੱਚ ਵਿਸ਼ੇਸ਼ ਯਾਦ ਵਜੋਂ ਵਸਦਾ ਰਹੇ।
ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਤੋਂ ਇਲਾਵਾ ਜਥੇਦਾਰ ਬਾਬਾ ਜੋਗਾ ਸਿੰਘ ਸ਼ਹੀਦ ਮਿਸ਼ਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਾਬਾ ਬਿਧੀ ਚੰਦ ਸੁਰਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਤਰਨਾ ਦਲ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਸ. ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਕਮੇਟੀ, ਸ. ਇੰਦਰਪਾਲ ਸਿੰਘ ਫੌਜੀ, ਬਾਬਾ ਗੁਰਮੁਖ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਗੁਰਸ਼ੇਰ ਸਿੰਘ ਆਦਿ ਹਾਜ਼ਰ ਸਨ।