ਸਾਈਬਰ ਠੱਗਾਂ ਦੀ ਚਾਲ : ਜੇਕਰ ਤੁਹਾਡੀ ਸਿਮ ਅਚਾਨਕ ਹੋ ਜਾਂਦੀ ਹੈ ਬੰਦ ਤਾਂ ਹੋ ਜਾਓ ਸਾਵਧਾਨ
ਸਾਈਬਰ ਠੱਗਾਂ ਦਾ ਹੋ ਸਕਦੇ ਹੋ ਤੁਸੀਂ ਅਗਲਾ ਸ਼ਿਕਾਰ
ਰੋਹਿਤ ਗੁਪਤਾ
ਗੁਰਦਾਸਪੁਰ 2 ਦਸੰਬਰ 2025 : ਜੇਕਰ ਤੁਹਾਡੀ ਸਿਮ ਅਚਾਨਕ ਬੰਦ ਹੋ ਜਾਂਦੀ ਹੈ ਤਾਂ ਇਸ ਨੂੰ ਹਲਕੇ ਵਿੱਚ ਨਾ ਲਓ ਕਿਉਂਕਿ ਇਹ ਸਾਈਬਰ ਠੱਗਾਂ ਦੀ ਚਾਲ ਹੋ ਸਕਦੀ ਹੈ। ਸਾਈਬਰ ਠੱਗ ਇੰਨੇ ਸ਼ਾਤਿਰ ਹੋ ਚੁੱਕੇ ਹਨ ਕਿ ਇੱਕ ਦਿਨ ਵਿੱਚ ਹੀ ਤੁਹਾਡੀ ਸਿਮ ਨੂੰ ਪੋਰਟ ਕਰਵਾ ਸਕਦੇ ਹਨ। ਤੁਹਾਡਾ ਨੰਬਰ ਬੰਦ ਹੋ ਜਾਵੇਗਾ ਪਰ ਤੁਹਾਡੇ ਜਾਣਕਾਰਾਂ ਨੂੰ ਮੈਸੇਜ ਆਉਣੇ ਸ਼ੁਰੂ ਹੋ ਜਾਣਗੇ ਅਤੇ ਤੁਹਾਡੇ ਨਾਮ ਤੇ ਪੈਸੇ ਦੀ ਮੰਗ ਕੀਤੀ ਜਾਏਗੀ। ਐਸਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਹਾਲਾਂਕਿ ਮਾਮਲੇ ਵਿੱਚ ਹਜੇ ਤੱਕ ਕੋਈ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਕਿਉਂਕਿ ਲੋਕ ਜਾਗਰੂਕ ਸੀ ਅਤੇ ਸਾਈਬਰ ਠੱਗਾਂ ਦੇ ਝਾਂਸੇ ਵਿੱਚ ਆਉਣ ਤੋਂ ਬਚ ਗਏ ।
ਸਦਰ ਬਾਜ਼ਾਰ ਵਿੱਚ ਇੱਕ ਮਨਿਆਰੀ ਦੀ ਦੁਕਾਨ ਕਰਨ ਵਾਲੇ ਰਕੇਸ਼ ਕੁਮਾਰ ਦੇ ਪੁੱਤਰ ਚੰਦਨ ਕੁਮਾਰ ਦੀ ਸਿਮ ਬੀਤੇ ਸ਼ੁਕਰਵਾਰ ਨੂੰ ਅਚਾਨਕ ਬੰਦ ਹੋ ਜਾਂਦੀ ਹੈ ਤਾਂ ਅਗਲੇ ਦਿਨ ਸ਼ਨੀਵਾਰ ਨੂੰ ਉਹ ਜੀਓ ਕੰਪਨੀ ਦੇ ਦਫਤਰ ਜਾਂਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਸਿਮ ਪੋਰਟ ਕਰਵਾ ਲਈ ਗਈ ਹੈ ਜੋ ਵੋਡਾਫੋਨ ਆਈਡੀਆ ਕੰਪਨੀ ਵਿੱਚ ਪੋਰਟ ਹੋਈ ਹੈ। ਉਸ ਨੇ ਨਾ ਤਾਂ ਕਦੇ ਜੀਓ ਕੰਪਨੀ ਨੂੰ ਪੋਰਟ ਕਰਨ ਦੀ ਦਰਖਾਸਤ ਦਿੱਤੀ ਸੀ ਤੇ ਨਾ ਹੀ ਉਹ ਪੋਰਟ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਸ ਦਾ ਹੈਰਾਨ ਹੋਣਾ ਸੁਭਾਵਕ ਸੀ ਜਦੋਂ ਵੋਡਾਫੋਨ ਕੰਪਨੀ ਦੇ ਦਫਤਰ ਗਿਆ ਤਾਂ ਪਤਾ ਲੱਗਿਆ ਕਿ ਉਸ ਦੀ ਸਿਮ ਯੂਪੀ ਵਿੱਚ ਕਿਸੇ ਨਿਤੇਸ਼ ਕੁਮਾਰ ਦੇ ਵਿਅਕਤੀ ਵੱਲੋਂ ਪੋਰਟ ਕਰਵਾਈ ਗਈ ਹੈ। ਦੋਹਾਂ ਵਿੱਚੋਂ ਕੋਈ ਵੀ ਕੰਪਨੀ ਉਸ ਨੂੰ ਇਹ ਨਹੀਂ ਦੱਸ ਸਕੀ ਕਿ ਬਿਨਾਂ ਉਸਦੀ ਇਜਾਜ਼ਤ ਦੇ ,ਬਿਨਾਂ ਉਸ ਦੇ ਅੰਗੂਠਾ ਲਗਾਏ ਬਿਨਾਂ ਉਸ ਦੇ ਆਧਾਰ ਕਾਰਡ ਦੇ ਉਸ ਦ ਸਿਮ ਕਿਸੇ ਹੋਰ ਦੇ ਨਾਂ ਪੋਰਟ ਕਿੱਦਾਂ ਹੋ ਗਈ ।
ਚੰਦਨ ਕੁਮਾਰ ਅਨੁਸਾਰ ਉਸਨੇ ਉਸ ਵੇਲੇ ਤਾਂ ਹੋਰ ਨਵਾਂ ਨੰਬਰ ਇਸ਼ੂ ਕਰਵਾ ਲਿਆ ਪਰ ਉਸਦੇ ਪੁਰਾਣੇ ਨੰਬਰ ਤੋਂ ਉਹਨਾਂ ਦੇ ਗ੍ਰਾਹਕਾਂ ਨੂੰ ਉਸ ਦੇ ਨਾਂ ਤੇ ਪੈਸੇ ਮੰਗੇ ਜਾ ਰਹੇ ਹਨ ਅਤੇ ਉਸਦੇ ਬੈਂਕ ਖਾਤਿਆਂ ਨਾਲ ਵੀ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ।। ਹਾਲਾਂਕਿ ਪੈਸੇ ਮੰਗਣ ਵਾਲਿਆਂ ਦੇ ਝਾਂਸੇ ਵਿੱਚ ਉਹਨਾਂ ਦਾ ਕੋਈ ਗ੍ਰਾਹਕ ਨਹੀਂ ਆਇਆ ਅਤੇ ਨਾ ਹੀ ਉਸਦੇ ਬੈਂਕ ਖਾਤੇ ਵਿੱਚ ਕੋਈ ਪੈਸਾ ਸੀ ਜਿਸ ਕਾਰਨ ਠੱਗੀ ਹੋਣ ਤੋਂ ਬਚ ਗਏ। ਦੂਜੇ ਬੈਂਕ ਖਾਤੇ ਵਿੱਚੋਂ ਬੈਂਕ ਜਾ ਕੇ ਉਸਨੇ ਭੁਗਤਾਨ ਲਈ ਰੋਕ ਲਗਵਾ ਦਿੱਤੀ ਹੈ ਪਰ ਇਹ ਇੱਕ ਖਤਰਨਾਕ ਸੰਕੇਤ ਹੈ ਕਿ ਬਿਨਾਂ ਕਿਸੇ ਦੀ ਇਜਾਜਤ ਦੇ ਉਸ ਦੀ ਸਿਮ ਕੋਈ ਹੋਰ ਪੋਰਟ ਕਰਵਾ ਲੈਂਦਾ ਹੈ। ਉਸ ਨੇ ਦੱਸਿਆ ਕਿ ਜਦੋਂ ਸ਼ਿਕਾਇਤ ਲੈ ਕੇ ਉਹ ਸਾਈਬਰ ਕ੍ਰਾਈਮ ਦਫਤਰ ਜਾਂਦਾ ਹੈ ਤਾਂ ਉਹ ਕੰਪਲੇਂਟ ਲਿਖਣ ਤੋਂ ਇਨਕਾਰ ਕਰ ਦਿੰਦੇ ਹਨ ਕਿਉਂਕਿ ਕੋਈ ਠੱਗੀ ਜਾ ਮਾਲੀ ਨੁਕਸਾਨ ਫਿਲਹਾਲ ਨਹੀਂ ਹੋਇਆ ਹੈ ਪਰ ਇਸ ਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਕਿ ਉਸਦੀ ਸਿਮ ਕਿਵੇਂ ਪੋਰਟ ਹੋ ਗਈ । ਉਸਨੇ ਦੱਸਿਆ ਕਿ ਪੋਰਟ ਕਰਵਾਉਣ ਵਾਲਾ ਫੋਨ ਚੁੱਕਦਾ ਨਹੀਂ ਸਿਰਫ ਵਾਟਸ ਐਪ ਤੇ ਹੀ ਗੱਲ ਕਰਦਾ ਹੈ। ਪਰ ਉਸ ਨੇ ਆਪਣੇ ਜਾਣਕਾਰਾਂ ਅਤੇ ਗ੍ਰਾਹਕਾਂ ਨੂੰ ਕਹਿ ਦਿੱਤਾ ਹੈ ਕਿ ਜੇਕਰ ਉਸਦੇ ਪੁਰਾਣੇ ਨੰਬਰ ਤੋਂ ਕੋਈ ਫੋਨ ਜਾਂ ਮੈਸੇਜ ਆਏ ਤਾਂ ਸਾਵਧਾਨ ਰਹੋ ਅਤੇ ਕਿਸੇ ਤਰ੍ਹਾਂ ਦਾ ਭੁਗਤਾਨ ਨਾ ਕਰੋ