ਪੰਜਾਬੀ ਵੈੱਬ ਸੀਰੀਜ਼ 'ਯਾਰ ਚਲੇ ਬਾਹਰ ਦੇ ਟਾਈਟਲ ਟਰੈਕ ਨੂੰ ਕੀਤਾ ਪੇਸ਼
ਜੀ ਐਸ ਪੰਨੂ
ਪਟਿਆਲਾ, 22 ਜੂਨ, 2022 - ਪੰਜਾਬੀ ਭਾਸ਼ਾ ਦੀ ਕਾਮੇਡੀ-ਡਰਾਮਾ ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਦੀ ਵੱਡੀ ਸਫਲਤਾ ਤੋਂ ਬਾਅਦ ਪੰਜਾਬ ਦੇ ਸਭ ਤੋਂ ਪ੍ਰਸਿੱਧ ਯੂਟਿਊਬ ਚੈਨਲਾਂ ਵਿੱਚੋਂ ਇੱਕ, ਟ੍ਰੋਲ ਪੰਜਾਬੀ ਆਪਣੀ ਨਵੀਂ ਕਾਮੇਡੀ ਵੈੱਬ ਸੀਰੀਜ਼ 'ਯਾਰ ਚਲੇ ਬਾਹਰ' ਨਾਲ ਦਰਸ਼ਕਾਂ ਨੂੰ ਇੱਕ ਵਾਰ ਫਿਰ ਖੂਬ ਹਸਾਉਣ ਲਈ ਤਿਆਰ ਹੈ।
ਇਸ ਆਉਣ ਵਾਲੀ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ਨੇ ਬੁੱਧਵਾਰ ਨੂੰ ਪਟਿਆਲਾ ਦੇ ਇੱਕ ਹੋਟਲ ਵਿੱਚ ਆਯੋਜਿਤ ਇੱਕ ਪ੍ਰੈਸ ਮੁਲਾਕਾਤ ਦੌਰਾਨ ਇਸਦੇ ਟਾਈਟਲ ਟਰੈਕ 'ਯਾਰ ਚਲੇ ਬਾਹਰ' ਨੂੰ ਲਾਂਚ ਕੀਤਾ। ਇਹ ਗੀਤ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਗੁਰ ਸਿੱਧੂ ਦੁਆਰਾ ਗਾਇਆ ਗਿਆ ਹੈ, ਜਿਸਦਾ ਹਾਲ ਹੀ ਦਾ ਟ੍ਰੈਕ 'ਬੰਬ ਆਗਿਆ' ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ, 'ਯਾਰ ਚਲੇ ਬਾਹਰ' ਦੇ ਲੇਖਕ ਅਤੇ ਨਿਰਦੇਸ਼ਕ, ਰੈਬੀ ਟਿਵਾਣਾ ਨੇ ਦੱਸਿਆ, "ਯਾਰ ਚਲੇ ਬਾਹਰ' ਦੋਸਤਾਂ ਦੇ ਇੱਕ ਸਮੂਹ ਦੀ ਕਹਾਣੀ ਹੈ ਜੋ ਆਈਲੈਟਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਹਰੇਕ ਪਾਤਰ ਇੱਕ ਵੱਖਰੇ ਪਿਛੋਕੜ ਤੋਂ ਆਉਂਦਾ ਹੈ ਅਤੇ ਇੱਕ ਵਿਲੱਖਣ ਕਿਰਦਾਰ ਹੈ। ਇਹ ਕਹਾਣੀ ਉਹਨਾਂ ਦੇ ਰੋਜ਼ਮਰਾ ਦੇ ਸੰਘਰਸ਼ਾਂ ਦੇ ਆਲੇ ਦੁਆਲੇ ਘੁੰਮਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਉਹਨਾਂ ਦੀਆਂ ਜ਼ਿੰਦਗੀਆਂ ਕਿਸ ਤਰਾਂ ਅਨੋਖੇ ਢੰਗ ਨਾਲ ਅੱਗੇ ਵੱਧਦੀਆਂ ਹਨ। ਸੀਰੀਜ਼ ਦੇ ਪਾਤਰ ਇਨਡਰਾਈਵਰ ਦੁਆਰਾ ਆਪਣੀਆਂ ਰਾਇਡਾਂ ਬੁੱਕ ਕਰਕੇ ਇੰਟਰਸਿਟੀ ਦੀ ਯਾਤਰਾ ਕਰਦੇ ਹਨ।"
ਇਸ ਵੈੱਬ ਸੀਰੀਜ਼ ਦਾ ਮਜ਼ੇਦਾਰ ਟ੍ਰੇਲਰ ਅਤੇ ਟਾਈਟਲ 'ਯਾਰ ਚਲੇ ਬਾਹਰ' ਆਉਣ ਵਾਲੀ ਸੀਰੀਜ਼ ਬਾਰੇ ਸਭ ਕੁਝ ਸਪੱਸ਼ਟ ਕਰਦਾ ਹੈ।
ਪਵਿਤ ਨੰਦਾ, ਇਨਡ੍ਰਾਈਵਰ ਸਾਊਥ ਏਸ਼ੀਆ ਪੀ.ਆਰ. ਮੈਨੇਜਰ ਨੇ ਕਿਹਾ, “ਅਸੀਂ 'ਯਾਰ ਚਲੇ ਬਾਹਰ' ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ। ਇਸ ਵੈੱਬ ਸੀਰੀਜ਼ ਦੇ ਜ਼ਰੀਏ, ਅਸੀਂ ਇਨਡਰਾਈਵਰ ਦੇ ਵਿਲੱਖਣ ਮਾਡਲ ਨੂੰ ਪੇਸ਼ ਕੀਤਾ ਹੈ, ਜੋ ਯਾਤਰੀਆਂ ਨੂੰ ਉਹਨਾਂ ਦੀਆਂ ਰਾਈਡ ਬੇਨਤੀਆਂ 'ਤੇ ਕੀਮਤ ਦੀ ਪੇਸ਼ਕਸ਼ ਕਰਨ ਅਤੇ ਨੇੜਲੇ ਡਰਾਈਵਰਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਕਿਰਾਏ ਤੋਂ ਇਲਾਵਾ, ਯਾਤਰੀ ਆਪਣੀ ਰੇਟਿੰਗ, ਪਹੁੰਚਣ ਦੇ ਅੰਦਾਜ਼ਨ ਸਮੇਂ ਅਤੇ ਵਾਹਨ ਦੇ ਮਾਡਲ ਦੇ ਆਧਾਰ 'ਤੇ ਆਪਣੇ ਡਰਾਈਵਰ ਦੀ ਚੋਣ ਕਰਨ ਦੇ ਯੋਗ ਵੀ ਹੁੰਦੇ ਹਨ। "
ਟ੍ਰੋਲ ਪੰਜਾਬੀ ਇਨਡ੍ਰਾਈਵਰ ਨਾਲ ਹਿੱਸੇਦਾਰੀ ਵਿੱਚ ਇਸ ਮਹੀਨੇ 25 ਜੂਨ ਨੂੰ ਵਿਸ਼ੇਸ਼ ਤੌਰ 'ਤੇ ਟ੍ਰੋਲ ਪੰਜਾਬੀ ਦੇ ਯੂਟਿਊਬ ਚੈਨਲ 'ਤੇ ਇਸ ਵੈੱਬ ਸੀਰੀਜ਼ ਨੂੰ ਰਿਲੀਜ਼ ਕਰ ਰਿਹਾ ਹੈ।