ਹਰਿੰਦਰ ਸਿੰਘ ਪ੍ਰੋਡਿਊਸਰ DXX
ਦੇਖੋ ਕੀ ਬਣਿਆ ਵੀਡੀਓ ਪ੍ਰੋਡਿਊਸਰ ਦੀ ਮਾਰ-ਕੁਟਾਈ ਕਰਨ ਵਾਲੇ ਕਿੱਸੇ ਦਾ ?
ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ 'ਤੇ ਪਰਚਾ ਦਰਜ, ਪ੍ਰੋਡਿਊਸਰ ਨੇ ਨਿਹੰਗਾਂ 'ਤੇ ਫਿਰੌਤੀ ਮੰਗਣ ਦੇ ਲਗਾਏ ਦੋਸ਼, ਨਿਹੰਗ ਨੇ ਆਖੀ ਇਹ ਗੱਲ
ਕਮਲਜੀਤ ਸਿੰਘ ਸੰਧੂ
ਬਰਨਾਲਾ, 06 ਸਤੰਬਰ, 2021:
ਪ੍ਰੋਡਿਊਸਰ ਡੀਐਕਸ ਐਕਸ ਦੀ ਬੀਤੀ ਦਿਨੀਂ ਨਿਹੰਗਾਂ ਵਲੋਂ ਕੁੱਟਮਾਰ ਕਰ ਦਿੱਤੀ ਗਈ ਸੀ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਇਹ ਮਾਮਲਾ ਅੱਜ ਹੋਰ ਗਰਮਾ ਗਿਆ। ਇਸ ਮਾਮਲੇ ਨੂੰ ਲੈ ਕੇ ਪ੍ਰੋਡਿਊਸਰ ਵਲੋਂ ਜਿੱਥੇ ਨਿਹੰਗਾਂ ਤੇ ਪੈਸੇ ਮੰਗਣ ਦੇ ਦੋਸ਼ ਲਗਾਏ ਗਏ ਹਨ। ਥਾਣਾ ਧਨੌਲਾ ਦੀ ਪੁਲਿਸ ਵਲੋਂ ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗਾਂ ਤੇ ਪਰਚਾ ਦਰਜ ਕਰ ਲਿਆ ਹੈ। ਅੱਜ ਥਾਣਾ ਧਨੌਲਾ ਵਿਖੇ ਪ੍ਰੋਡਿਊਸਰ ਦੇ ਪਿੰਡ ਵਾਸੀ ਉਸਦੇ ਹੱਕ ਵਿੱਚ ਇਕੱਠੇ ਹੋਏ, ਉਥੇ ਨਿਹੰਗਾਂ ਦੇ ਹਮਾਇਤੀ ਵੀ ਥਾਣੇ ਵਿਚ ਵੱਡੀ ਗਿਣਤੀ ਵਿੱਚ ਪਹੁੰਚ ਗਏ।
ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਪ੍ਰੋਡਿਊਸਰ ਉਰਫ ਹਰਿੰਦਰ ਸਿੰਘ ਨੇ ਕਿਹਾ ਕਿ ਉਸਦੀ ਕੁੱਟਮਾਰ ਕਰਨ ਵਾਲੇ ਨਿਹੰਗਾਂ ਵਲੋਂ ਉਸਤੋਂ ਕੁੱਝ ਸਮਾਂ ਪਹਿਲਾਂ ਪੈਸੇ ਮੰਗੇ ਸਨ ਅਤੇ 90 ਹਜ਼ਾਰ ਰੁਪਏ ਵੀ ਉਸਨੂੰ ਦਿੱਤੇ ਸਨ। ਹੁਣ ਮੁੜ ਪ੍ਰੋਡਿਊਸਰ ਉਸਤੋਂ ਪੈਸੇ ਦੀ ਮੰਗ ਕਰ ਰਹੇ ਸਨ ਅਤੇ ਉਸਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ। ਜਿਸ ਕਰਕੇ ਉਸਦੇ ਪਿੰਡ ਪਹੁੰਚ ਕੇ ਨਿਹੰਗਾਂ ਵਲੋਂ ਕੁੱਟਮਾਰ ਕੀਤੀ ਗਈ ਹੈ। ਨਿਹੰਗ ਉਸਤੋਂ ਮੋਬਾਈਲ ਅਤੇ ਪਰਸ ਖੋਹ ਕੇ ਲੈ ਗਏ।
ਨਿਹੰਗ ਅੰਮ੍ਰਿਤਪਾਲ ਸਿੰਘ -ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਾ
ਉਧਰ ਉਸਦੇ ਹੱਕ ਵਿੱਚ ਉਸ ਦਾ ਪਿੰਡ ਵੀ ਆ ਗਿਆ ਹੈ। ਪਿੰਡ ਦੀ ਸਰਪੰਚਣੀ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੋਡਿਊਸਰ ਦੇ ਪਿੰਡ ਪਹੁੰਚ ਨਿਹੰਗ ਵੱਲੋਂ ਕੁੱਟਮਾਰ ਕੀਤੀ ਗਈ ਹੈ, ਜੋ ਸਰਾਸਰ ਗਲਤ ਹੈ। ਆਪਣੇ ਆਪ ਨੂੰ ਗੁਰੂ ਦੀਆਂ ਫੌਜਾਂ ਅਖਵਾਉਣ ਵਾਲੇ ਨਿਹੰਗਾਂ ਵਲੋਂ ਉਸਦੀ ਕੁੱਟਮਾਰ ਕਰਨੀ ਸਰਾਸਰ ਗਲਤ ਹੈ ਜਿਸ ਕਰਕੇ ਅੱਜ ਸਾਰਾ ਪਿੰਡ ਉਸ ਦੇ ਹੱਕ ਵਿੱਚ ਖੜ੍ਹਾ ਹੈ। ਉਹਨਾਂ ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। )
ਇਸ ਮਾਮਲੇ ਸੰਬੰਧੀ ਡੀਐੱਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪ੍ਰੋਡਿਊਸਰ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਹੋਇਆ ਸੀ। ਪੁਲਸ ਵੱਲੋਂ ਕੁਝ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪ੍ਰੋਡਿਊਸਰ ਲੱਚਰਤਾ ਤੇ ਨਸ਼ਿਆਂ ਨੂੰ ਪ੍ਰਮੋਟ ਕਰਦਾ ਸੀ ਜਿਸ ਕਰਕੇ ਉਹਨਾਂ ਨੂੰ ਉਸਦੀ ਕੁੱਟਮਾਰ ਦਾ ਕਦਮ ਚੁੱਕਣਾ ਪਿਆ।
ਉਹਨਾਂ ਕਿਹਾ ਕਿ ਭਾਵੇਂ ਪਰਚਾ ਉਹਨਾਂ ਤੇ ਦਰਜ ਹੋ ਗਿਆ, ਪਰ ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਉਹਨਾਂ ਪ੍ਰੋਡਿਊਸਰ ਵਲੋਂ ਪੈਸੇ ਮੰਗਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰੋਡਿਊਸਰ ਇਸ ਦੇ ਸਬੂਤ ਪੇਸ਼ ਕਰੇ। ਇਹ ਦੋਸ਼ ਝੂਠੇ ਹਨ। ਇਹ ਲਗਾਏ ਝੂਠੇ ਦੋਸ਼ਾਂ ਦੀ ਸ਼ਿਕਾਇਤ ਉਹਨਾਂ ਨੇ ਬਰਨਾਲਾ ਦੇ ਐਸਐਸਪੀ ਨੂੰ ਦੇ ਦਿੱਤੀ ਹੈ। ਉਹਨਾਂ ਪਿੰਡ ਦੇ ਲੋਕਾਂ ਵਲੋਂ ਪ੍ਰੋਡਿਊਸਰ ਦੀ ਹਮਾਇਤ ਕਰਨ 'ਤੇ ਕਿਹਾ ਕਿ ਪ੍ਰੋਡਿਊਸਰ ਦੀਆਂ ਵੀਡੀਓਜ਼ ਪਿੰਡ ਦੀਆਂ ਸਾਰੀਆਂ ਧੀਆਂ ਭੈਣਾਂ ਦੇ ਸਾਹਮਣੇ ਦਿਖਾਵੇ। ਜੇਕਰ ਬੇਝਿਕ ਪਿੰਡ ਦੀਆਂ ਔਰਤਾਂ ਇਹ ਵੀਡੀਓਜ਼ ਦੇਖ ਗਈਆਂ ਤਾਂ ਉਹ ਪ੍ਰੋਡਿਊਸਰ ਤੋਂ ਖੁਦ ਮੁਆਫੀ ਮੰਗਣਗੇ । ਉਹਨਾਂ ਕਿਹਾ ਕਿ ਪ੍ਰੋਡਿਊਸਰ ਨਾਲ ਉਹਨਾਂ ਦੀ ਕੋਈ ਨਿੱਜੀ ਦੁਸਮਣੀ ਨਹੀਂ ਹੈ। ਪ੍ਰੋਡਿਊਸਰ ਲੱਚਰਤਾ ਵਾਲੇ ਕੰਮ ਬੰਦ ਕਰ ਦੇਵੇ, ਉਹ ਕੁਝ ਨਹੀਂ ਆਖਣਗੇ।
ਉਧਰ ਇਸ ਮੌਕੇ ਠਾਣੇ ਵਿਚ ਮੌਜੂਦ ਨਿਹੰਗ ਅੰਮ੍ਰਿਤਪਾਲ ਸਿੰਘ ਦੇ ਸਮੱਰਥਕਾਂ ਨੇ ਕਿਹਾ ਕਿ ਪ੍ਰੋਡਿਊਸਰ ਵਲੋਂ ਫੈਲਾਈ ਜਾ ਰਹੀ ਲੱਚਰਤਾ ਨੂੰ ਰੋਕਣ ਲਈ ਅੰਮ੍ਰਿਤਪਾਲ ਨੇ ਇਹ ਕਦਮ ਚੁੱਕਿਆ ਹੈ ਜਿਸਦਾ ਉਹ ਸਾਥ ਦਿੰਦੇ ਹਨ ਅਤੇ ਹਰ ਸੰਭਵ ਮੱਦਦ ਵੀ ਉਸਦੀ ਕਰਨਗੇ।
--