ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਭਾਰਤੀ ਭਾਸ਼ਾ ਸੰਸਥਾਨ ਵੱਲੋਂ ਸਮਝੌਤਾ
ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2021:ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਭਾਰਤੀ ਭਾਸ਼ਾ ਸੰਸਥਾਨ ਮੈਸੂਰ ਨਾਲ ਆਪਸੀ ਸਹਿਮਤੀ ਦਾ ਇੱਕ ਸਮਝੌਤਾ ਕੀਤਾ ਹੈ ਜਿਸ ਨੂੰ ਦੋਵਾਂ ਸੰਸਥਾਵਾਂ ਵਿਚਕਾਰ ਭਾਸ਼ਾਵਾਂ ਦੇ ਅਧਿਐਨ ਤੇ ਅਧਿਆਪਨ ਲਈ ਇੱਕ ਮਹੱਤਵਪੂਰਨ ਸਾਂਝ ਦੀ ਸ਼ੁਰੂਆਤ ਦੱਸਿਆ ਗਿਆ ਹੈ। ਆਨਲਾਈਨ ਮਾਧਿਅਮ ਰਾਹੀਂ ਕੀਤੇ ਇਸ ਪ੍ਰੋਗਰਾਮ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾੜੀ ਅਤੇ ਭਾਰਤੀ ਭਾਸ਼ਾ ਸੰਸਥਾਨ ਦੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਮੋਹਨ ਦੀ ਮੌਜੂਦਗੀ ਵਿੱਚ ਯੂਨੀਵਰਸਿਟੀ ਕੰਵਲਪਾਲ ਸਿੰਘ ਮੁੰਦਰਾ ਅਤੇ ਸੰਸਥਾਨ ਦੇ ਅਸਿਸਟੈਂਟ ਡਾਇਰੈਕਟਰ ਡਾ. ਨਰਾਇਣ ਚੌਧਰੀ ਨੇ ਸਮਝੌਤਾ ਪੱਤਰ ਤੇ ਦਸਤਖਤ ਕੀਤੇ।
ਇਸ ਮੌਕੇ ਰਾਸ਼ਟਰੀ ਅਨੁਵਾਦ ਮਿਸ਼ਨ ਬਾਰੇ ਡਾ. ਤਾਰਿਕ ਖਾਨ ਨੇ, ਭਾਰਤੀ ਭਾਸ਼ਾਵਾਂ ਦੇ ਭਾਸ਼ਾਈ ਡੈਟਾ ਕਨਸੌਰਟੀਅਮ ਬਾਰੇ ਡਾ. ਨਰਾਇਣ ਚੌਧਰੀ ਅਤੇ ਭਾਰਤ ਦੀ ਰਾਸ਼ਟਰੀ ਪ੍ਰੀਖਿਆ ਸੇਵਾ ਬਾਰੇ ਡਾ. ਪੰਕਜ ਦਿਵੇਦੀ ਨੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸਮਝੌਤਾ ਦੋਵਾਂ ਸੰਸਥਾਵਾਂ ਦੇ ਸਹਿਯੋਗ ਨਾਲ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ ਸੰਚਾਰ ਦਾ ਸਾਧਨ ਨਹੀਂ, ਸਗੋਂ ਕਿਸੇ ਖਿੱਤੇ ਦੇ ਗਿਆਨ, ਲੋਕਧਾਰਾ, ਸਭਿਆਚਾਰ ਅਤੇ ਇਤਿਹਾਸ ਦਾ ਖਜ਼ਾਨਾ ਹੁੰਦੀ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਹਿੰਦੀ ਵਿਭਾਗ,ਅੰਗਰੇਜ਼ੀ ਵਿਭਾਗ,ਕੰਪਿਊਟਰ ਸਾਇੰਸ , ਤਕਨਾਲੋਜੀ ਵਿਭਾਗ ਅਤੇ ਕੰਪਿਊਟੇਸ਼ਨ ਸਾਇੰਸ ਵਿਭਾਗ ਆਦਿ ਇਸ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ।
ਇਸ ਦੌਰਾਨ ਭਾਰਤੀ ਭਾਸ਼ਾ ਸੰਸਥਾਨ ਦੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਮੋਹਨ ਨੇ ਕਿਹਾ ਕਿ ਭਾਰਤੀ ਭਾਸ਼ਾ ਸੰਸਥਾਨ ਭਾਸ਼ਾਈ ਨੀਤੀਆਂ ਬਾਰੇ ਕੰਮ ਕਰਨ ਵਾਲੀ ਨੋਡਲ ਏਜੰਸੀ ਹੈ ਜੋ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਲਗਾਤਾਰ ਕੰਮ ਕਰਦੀ ਬਹੁਭਾਸ਼ਾਈ ਵਿਰਾਸਤ ਨੂੰ ਸਾਂਭਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਰਾਹੀਂ ਪੰਜਾਬੀ ਅਤੇ ਇਸ ਖੇਤਰ ਦੀਆਂ ਹੋਰ ਖੇਤਰੀ ਭਾਸ਼ਾਵਾਂ ਤੇ ਉਪ ਭਾਸ਼ਾਵਾਂ ਬਾਰੇ ਅਧਿਐਨ ਅਤੇ ਅਨੁਵਾਦ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਸੰਭਵ ਹੋਵੇਗਾ। ਪ੍ਰੋ. ਜ਼ਮੀਰਪਾਲ ਕੌਰ ਨੇ ਇਸ ਮੌਕੇ ਦੱਸਿਆ ਕਿ ਤਿੰਨ ਸਾਲ ਦੀ ਸ਼ੁਰੂਆਤੀ ਸਮਾਂ-ਸੀਮਾ ਵਾਲੇ ਇਸ ਸਮਝੌਤੇ ਰਾਹੀਂ ਦੋਹਾਂ ਸੰਸਥਾਵਾਂ ਦੇ ਅਧਿਆਪਕ ਤੇ ਖੋਜਾਰਥੀ ਸਾਂਝੇ ਖੋਜ ਕਾਰਜ ਉਲੀਕ , ਸਾਂਝੀਆਂ ਅਕਾਦਮਿਕ ਗਤੀਵਿਧੀਆਂ ਦਾ ਹਿੱਸਾ ਬਣ ਅਤੇ ਇਕ-ਦੂਸਰੇ ਅਦਾਰੇ ਦੀਆਂ ਸੁਵਿਧਾਵਾਂ ਦਾ ਲਾਹਾ ਲੈ ਸਕਣਗੇ।