ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵੀ ਸੀ ਨੇ ਕੀਤੀ ਪ੍ਰਬੰਧਕੀ ਰੱਦੋ-ਬਦਲ
ਜੀ ਐਸ ਪੰਨੂ
ਪਟਿਆਲਾ,11 ਮਈ 2021 - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੀਆਂ ਗਈਆਂ ਨਵੀਆਂ ਅਹਿਮ ਨਿਯੁਕਤੀਆਂ ਤਹਿਤ ਡਾ. ਬਲਵੀਰ ਸਿੰਘ ਸੰਧੂ ਨੇ ਡੀਨ ਅਕਾਦਮਿਕ ਮਾਮਲੇ ਵਜੋਂ ਅਤੇ ਡਾ. ਅਨੁਪਮਾ ਨੇ ਡੀਨ ਵਿਦਿਆਰਥੀ ਭਲਾਈ ਵਜੋਂ ਆਪਣਾ ਅਹੁਦਾ ਸੰਭਾਲ਼ ਲਿਆ ਹੈ। ਡੀਨ ਖੋਜ ਵਜੋਂ ਨਿਯੁਕਤ ਕੀਤੇ ਗਏ ਫ਼ਾਰਮੇਸੀ ਵਿਭਾਗ ਦੇ ਪ੍ਰੋਫ਼ੈਸਰ ਡਾ. ਅਸ਼ੋਕ ਕਮਾਰ ਤਿਵਾੜੀ 10 ਜੁਲਾਈ ਨੂੰ ਅਤੇ ਡੀਨ ਕਾਲਜ ਵਿਕਾਸ ਕੌਂਸਲ ਵਜੋਂ ਤਾਇਨਾਤ ਕੀਤੇ ਗਏ ਕੰਪਿਊਟਰ ਸਾਇੰਸ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਗੁਰਪ੍ਰੀਤ ਸਿੰਘ ਲਹਿਲ 01 ਜੁਲਾਈ 2021 ਨੂੰ ਆਪਣਾ ਅਹੁਦਾ ਸੰਭਾਲਣਗੇ । ਵਰਨਣਯੋਗ ਹੈ ਕਿ ਯੂਨੀਵਰਸਿਟੀ ਕੈਲੰਡਰ ਅਨੁਸਾਰ ਡੀਨ ਅਕਾਦਮਿਕ ਮਾਮਲੇ ਅਤੇ ਡੀਨ ਖੋਜ ਦੀ ਨਿਯੁਕਤੀ ਯੂਨੀਵਰਸਿਟੀ ਦੇ 15 ਸੀਨੀਅਰ ਪ੍ਰੋਫ਼ੈਸਰਾਂ ਵਿਚੋਂ ਕੀਤੀ ਜਾਂਦੀ ਹੈ।
ਡੀਨ ਅਕਾਦਮਿਕ ਮਾਮਲੇ ਡਾ. ਸੰਧੂ ਭੌਤਿਕ ਵਿਗਿਆਨ ਵਿਭਾਗ ਵਿਖੇ ਪ੍ਰੋਫ਼ੈਸਰ ਅਤੇ ਮੁਖੀ ਵਜੋਂ ਕਾਰਜਸ਼ੀਲ ਹਨ। ਮੌਜੂਦਾ ਸਮੇਂ ਉਹ ਫਿ਼ਜ਼ੀਕਲ ਸਾਇੰਸ ਫ਼ੈਕਲਟੀ ਦੇ ਡੀਨ ਵੀ ਹਨ। ਪੰਜਾਬੀ ਯੂਨੀਵਰਸਿਟੀ ਸੈਨੇਟਰ ਦੇ ਫ਼ੈਲੋ ਅਤੇ ਸਿੰਡੀਕੇਟ ਮੈਂਬਰ ਡਾ. ਸੰਧੂ ਨੂੰ ਯੂ.ਜੀ.ਸੀ. ਸੈਪ ਕੈਸ-2 ਦੇ ਕੋਆਰਡੀਨੇਟਰ ਅਤੇ ਇੰਡੀਅਨ ਸੋਸਾਇਟੀ ਫ਼ਾਰ ਰੇਡੀਏਸ਼ਨ ਫਿ਼ਜਿ਼ਕਸ ਦੇ ਪ੍ਰਧਾਨ ਹੋਣ ਦਾ ਵੀ ਮਾਣ ਹਾਸਲ ਹੈ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਚਾਂਸਲਰ ਮੈਡਲ ਆਫ਼ ਐਕਸੀਲੈਂਸ 1986 ਵਿਚ ਪ੍ਰਦਾਨ ਕੀਤਾ ਗਿਆ ਹੈ। ਅਕਾਦਮਿਕਤਾ ਵਿਚ ਉਨ੍ਹਾਂ ਦੀ ਵਿਸ਼ੇਸ਼ ਮੁਹਾਰਤ ਦਾ ਖੇਤਰ ਨਿਊਕਲੀਅਸ ਰੇਡੀਏਸ਼ਨ ਫਿ਼ਜਿ਼ਕਸ ਹੈ। ਉਹ ਵਿਗਿਆਨ ਦੇ ਖੇਤਰ ਵਿਚ ਰਾਸ਼ਟਰ ਪੱਧਰ ਦੀਆਂ ਵਖ-ਵਖ ਵੱਕਾਰੀ ਸੰਸਥਾਵਾਂ ਜਿਵੇਂ ਆਈ.ਐੱਸ.ਆਰ.ਪੀ. , ਆਈ.ਐੱਸ.ਏ.ਐਮ.ਪੀ., ਪੰਜਾਬ ਅਕੈਡਮੀ ਅਫ਼ ਸਾਇੰਸਜ਼ ਆਦਿ ਦੇ ਮੈਂਬਰ ਹਨ। ਵਿਗਿਆਨ ਦੇ ਖੇਤਰ ਵਿਚ ਅੰਤਰਰਾਸ਼ਟਰੀ ਰਸਾਲਿਆਂ ਵਿਚ ਉਨ੍ਹਾਂ ਦੇ ਤਕਰੀਬਨ 75 ਖੋਜ ਪੱਤਰ ਅਤੇ ਰਾਸ਼ਟਰੀ ਰਸਾਲਿਆਂ ਵਿਚ 26 ਦੇ ਕਰੀਬ ਖੋਜ ਪੱਤਰ ਪ੍ਰਕਾਸਿ਼ਤ ਹੋ ਚੁੱਕੇ ਹਨ।
ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ ਅਰਥ ਸ਼ਾਸਤਰ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਹਨ। ਉਹ ਅਧਿਆਪਨ ਦੇ ਖੇਤਰ ਵਿਚ 25 ਸਾਲ ਦਾ ਤਜ਼ਰਬਾ ਰਖਦੇ ਹਨ। ਇਨਫ਼ੌਰਮਲ ਲੇਬਰ ਮਾਰਕੀਟ, ਆਰਥਿਕ ਅਸਮਾਨਤਾਵਾਂ ਅਤੇ ਲਿੰਗ ਅਧਾਰਿਤ ਮੁੱਦੇ ਉਨ੍ਹਾਂ ਦੀ ਵਿਸ਼ੇਸ਼ ਮੁਹਾਰਤ ਦਾ ਖੇਤਰ ਹਨ। ਲੇਬਰ ਇਕਨੌਮਿਕਸ ਦੇ ਖੇਤਰ ਵਿਚ ਸਰਵੋਤਮ ਖੋਜ ਪੱਤਰ ਦਾ ਐਵਾਰਡ ਹਾਸਿਲ ਕਰਨ ਵਾਲੇ ਡਾ. ਅਨੁਪਮਾ ਵਲੋਂ ਵਖ-ਵਖ ਵੱਕਾਰੀ ਰਸਾਲਿਆਂ ਵਿਚ ਅਰਥ ਸ਼ਾਸਤਰ ਦੇ ਵਿਸ਼ੇ ਵਿਚ ਉਨ੍ਹਾਂ ਦੇ 80 ਤੋਂ ਵਧੇਰੇ ਖੋਜ ਪੱਤਰ ਪ੍ਰਕਾਸਿ਼ਤ ਕਰਵਾਏ ਜਾ ਚੁੱਕੇ ਹਨ।
ਜਿ਼ਕਰਯੋਗ ਹੈ ਕਿ ਡਾ. ਅਸ਼ੋਕ ਕੁਮਾਰ ਤਿਵਾੜੀ ਦਾ ਮੈਡੀਸਿਨ ਦੇ ਖੇਤਰ ਵਿਚ ਵਡਮੁੱਲਾ ਕਾਰਜ ਹੈ। ਉਹ ਇੰਡੀਅਨ ਫਰਮਿਊਸਟੀਕਲ ਐਸੋਸੀਏਸ਼ਨ ਅਤੇ ਏ.ਪੀ.ਟੀ.ਆਈ. ਜਿਹੀਆਂ ਵੱਕਾਰੀ ਸੰਸਥਾਵਾਂ ਦੇ ਜੀਵਨ ਮੈਂਬਰ ਹਨ ਅਤੇ ਐਸੋਸ਼ੀਏਸ਼ਨ ਅਫ਼ ਬਾਇਓਟੈਕਨੌਲਜੀ ਐਂਡ ਫ਼ਾਰਮੇਸੀ (ਇੰਡੀਆ) ਦੇ ਫ਼ੈਲੋ ਹਨ। ਮੈਡੀਕਲ ਦੇ ਖੇਤਰ ਵਿਚ ਉਨ੍ਹਾਂ ਦੀਆਂ ਤਿੰਨ ਅਹਿਮ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਵੱਖ ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿਚ 110 ਦੇ ਕਰੀਬ ਖੋਜ ਪੱਤਰ ਛਪ ਚੁੱਕੇ ਹਨ।
ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਤਕਨੀਕੀ ਪੱਖ ਨੂੰ ਮਜ਼ਬੂਤ ਕਰਨ ਲਈ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਬਹੁਤ ਕਾਰਜ ਕੀਤਾ ਹੈ। ਉਹ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਖੋਜ ਕੇਂਦਰ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਹਨ।