ਹਰਦਮ ਮਾਨ
ਸਰੀ, 24 ਸਤੰਬਰ 2020- ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਇਕ ਹੰਗਾਮੀ ਮੀਟਿੰਗ ਕੀਤੀ ਗਈ। ਜਰਨੈਲ ਆਰਟ ਗੈਲਰੀ ਵਿਚ ਸੱਦੀ ਗਈ ਇਸ ਮੀਟਿੰਗ ਵਿਚ ਨਵੇਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਤੇ ਹੱਕ ਵਿਚ ਮਤੇ ਪਾਏ ਗਏ।
ਮੀਟਿੰਗ ਵਿਚ ਹਾਜਰ ਸਾਰੇ ਮੰਚ ਦੇ ਮੈਂਬਰਾਂਨੇ ਕਿਸਾਨ ਵਿਰੋਧੀ ਬਿੱਲਾਂ ਦੀ ਨਿੰਦਿਆ ਕੀਤੀ ਅਤੇ ਸਾਰੀਆਂ ਕਿਸਾਨ ਜੱਥੇਬੰਦੀਆਂ ਦੀ ਹਮਾਇਤ ਕੀਤੀ। ਇਸ ਮੌਕੇ ਬੋਲਦਿਆਂ ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਕਿਸਾਨੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਬਿੱਲ ਸਮੁੱਚੇ ਪੰਜਾਬ ਨੂੰ ਆਰਥਿਕ ਮੰਦਵਾੜੇ ਵੱਲ ਲੈ ਜਾਵੇਗਾ। ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਲੋਕਰਾਜ ਦੇ ਤਿਂਨ ਥੰਮ, ਵਿਧਾਨਪਾਲਕਾ, ਕਾਰਜਪਾਲਿਕਾ ਅਤੇ ਨਿਆਂਪਾਲਕਾ ਨੂੰ ਭਾਰਤ ਵਿਚ ਜਿਸ ਤਰਾਂ ਢਾਅ ਲੱਗ ਰਹੀ ਹੈ ਉਸ ਦੇਸ਼ ਵਾਸਤੇ ਖਤਰੇ ਦੀ ਘੰਟੀ ਹੈ। ਮੋਹਨ ਗਿੱਲ ਅਨੁਸਾਰ ਇਹ ਵਰਤਾਰਾ ਦੇਸ਼ ਦੀ ਏਕਤਾ ਤੇ ਅੰਖਡਤਾ ਲਈ ਖਤਰਾ ਹੈ। ਅੰਗਰੇਜ ਸਿੰਘ ਬਰਾੜ ਮੁਤਾਬਕ ਇਹ ਬਿੱਲ ਪਹਿਲਾਂ ਹੀ ਨਿਰਾਸ਼ ਕਿਸਾਨੀ ਨੂੰ ਹੋਰ ਨਿਰਾਸ਼ਤਾ ਵਿਚ ਲੈ ਜਾਵੇਗਾ।
ਮੀਟਿੰਗ ਵਿਚ ਹਾਜਰ ਹਰਦਮ ਸਿੰਘ ਮਾਨ, ਜਸਵਿੰਦਰ, ਪਰਮਜੀਤ ਸੇਖੋਂ, ਕਵਿੰਦਰ ਚਾਂਦ, ਨਛੱਤਰ ਗਿੱਲ, ਚਮਕੌਰ ਸਿੰਘ ਸੇਖੋਂ ਤੇ ਨਵਦੀਪ ਗਿੱਲ ਨੇ ਵੀ ਵਿਚਾਰ ਪ੍ਰਗਟ ਕੀਤੇ ਤੇ ਇਹਨਾਂ ਬਿੱਲਾਂ ਦੀ ਨਿਖੇਧੀ ਕੀਤੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com