ਹਰਦਮ ਮਾਨ
ਸਰੀ, 8 ਜੁਲਾਈ 2020 - ਬੀ.ਸੀ. ਵਿਚ ਇਕ ਵਾਰ ਫਿਰ ਸਟੇਟ ਆਫ ਐਮਰਜੈਂਸੀ ਦੀ ਮਿਆਦ 21 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਇਹ ਐਲਾਨ ਕਰਦਿਆਂ ਬੀਸੀ ਦੇ ਪ੍ਰੀਮੀਅਰ ਜੋਹਨ ਹੌਰਗਨ ਨੇ ਕਿਹਾ ਕਿ ਬੇਸ਼ੱਕ ਅਸੀਂ ਕੁਝ ਪਾਬੰਦੀਆਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਕੋਵੀਡ -19 ਨੂੰ ਹਰਾਉਣ ਲਈ ਅਜੇ ਸਾਨੂੰ ਆਪਣੇ ਉਪਰਾਲੇ ਜਾਰੀ ਰੱਖਣ ਦੀ ਜ਼ਰੂਰਤ ਹੈ।
ਇਸੇ ਦੌਰਾਨ ਬੀਸੀ ਦੇ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਸੂਬੇ ਵਿਚ ਕੋਵਿਡ -19 ਦੇ 12 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਪਰ ਕੋਈ ਨਵੀਂ ਮੌਤ ਦਰਜ ਨਹੀਂ ਕੀਤੀ ਗਈ। ਡਾ. ਬੋਨੀ ਹੈਨਰੀ ਅਤੇ ਐਡਰਿਅਨ ਡਿਕਸ ਨੇ ਇੱਕ ਲਿਖਤੀ ਬਿਆਨ ਵਿੱਚ ਤਾਜ਼ਾ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਸੂਬੇ ਵਿੱਚ ਇਸ ਬਿਮਾਰੀ ਦੇ ਹੁਣ ਤਕਰੀਬਨ 162 ਕੇਸ ਐਕਟਿਵ ਹਨ, 16 ਪੀੜਤ ਲੋਕ ਹਸਪਤਾਲਾਂ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 4 ਆਈਸੀਯੂ ਵਿਚ ਹਨ। ਅੱਜ ਤੱਕ ਕੋਰੋਨਾਵਾਇਰਸ ਤੋਂ 2,990 ਲੋਕ ਪੀੜਤ ਹੋਏ ਹਨ ਜਿਨ੍ਹਾਂ ਵਿੱਚੋਂ 183 ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਵਿਡ -19 ਗੰਭੀਰ ਤੋਂ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਅਤੇ ਜਦ ਤਕ ਇਸ ਦਾ ਕੋਈ ਅਸਰਦਾਰ ਇਲਾਜ ਜਾਂ ਕੋਈ ਟੀਕਾ ਉਪਲਬਧ ਨਹੀਂ ਹੁੰਦਾ, ਸਾਨੂੰ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਚਾਹੇ ਅਸੀਂ ਘਰ ਵਿੱਚ ਹਾਂ, ਕੰਮ ਤੇ ਜਾਂ ਛੁੱਟੀ ਤੇ ਹਾਂ, ਸਾਨੂੰ ਇਹ ਇਸ ਮਹਾਂਮਾਰੀ ਨੂੰ ਮਾਤ ਦੇਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਭਾਈਚਾਰੇ, ਆਪਣੇ ਬਜ਼ੁਰਗਾਂ ਅਤੇ ਆਪਣੇ ਅਜ਼ੀਜ਼ਾਂ ਦੀ ਰੱਖਿਆ ਕਰ ਸਕੀਏ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com