ਹਰਦਮ ਮਾਨ
ਸਰੀ, 20 ਫਰਵਰੀ 2020 - ਪੰਜਾਬੀ ਫਿਲਮਾਂ ਦੇ ਪ੍ਰਸਿੱਧ ਲੇਖਕ, ਪ੍ਰੋਡਿਊਸਰ ਅਤੇ ਡਾਇਰੈਕਟਰ ਰਵਿੰਦਰ ਰਵੀ ਆਪਣੀ ਕੈਨੇਡਾ ਦੀ ਫੇਰੀ ਸਮੇਂ ਸਰੀ ਵਿਖੇ ਆਏ ਤਾਂ ਉਹ ਕੁਝ ਸਮੇਂ ਲਈ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਆਰਟ ਗੈਲਰੀ ਵਿਚ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋਸਤ ਸ਼ਰਨਜੀਤ, ਬਲਰਾਜ ਬਾਸੀ, ਮੋਹਨ ਗਿੱਲ ਵੀ ਸਨ।
ਜਰਨੈਲ ਸਿੰਘ ਦੇ ਚਿਤਰਾਂ ਨੂੰ ਉਨ੍ਹਾਂ ਬੜੀ ਨੀਝ ਨਾਲ ਤੱਕਿਆ ਅਤੇ ਮਾਣਿਆਂ। ਇਨ੍ਹਾਂ ਕਲਾਕ੍ਰਿਤਾਂ ਬਾਰੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕਮਾਲ ਦੇ ਚਿਤਰਾਂ ਨੂੰ ਦੇਖ ਕੇ ਰੂਹ ਦੀ ਤ੍ਰਿਪਤੀ ਹੋ ਗਈ ਹੈ। ਇਨ੍ਹਾਂ ਵਿਚ ਪੰਜਾਬ ਦੀ ਧਰਤੀ ਦੀ ਮਹਿਕ ਹੈ, ਪੰਜਾਬੀ ਸੱਭਿਆਚਾਰ ਦੀ ਬਾਖੂਬੀ ਪੇਸ਼ਕਾਰੀ ਹੈ ਅਤੇ ਪੰਜਾਬੀ ਵਿਰਾਸਤ ਦੀ ਦਾਰਸ਼ਨਿਕਤਾ ਹੈ। ਇਨ੍ਹਾਂ ਚਿਤਰਾਂ ਰਾਹੀਂ ਸਿੱਖ ਧਰਮ ਦੀ ਮਹਾਨਤਾ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਜਰਨੈਲ ਸਿੰਘ ਆਰਟਿਸਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸੱਚਮੁੱਚ ਪੰਜਾਬੀ ਵਿਰਸੇ ਨੂੰ ਪੰਜਾਬ ਤੋਂ ਬਾਹਰ ਦਰਸਾਉਣ ਅਤੇ ਫੈਲਾਉਣ ਦਾ ਮਹਾਨ ਕਾਰਜ ਕਰ ਰਹੇ ਹਨ।
ਰਵਿੰਦਰ ਰਵੀ ਨੇ ਜਰਨੈਲ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਛਿਣਾਂ ਬਾਰੇ ਜਾਣਨਾ ਚਾਹਿਆ ਜਿਨ੍ਹਾਂ ਦੌਰਾਨ ਕਿਸੇ ਚਿਤਰ ਦੀ ਰੂਪਰੇਖਾ ਚਿਤਰਕਾਰ ਦੇ ਜ਼ਿਹਨ ਵਿਚ ਉਪਜਦੀ ਹੈ ਤਾਂ ਜਰਨੈਲ ਸਿੰਘ ਨੇ ਕਿਹਾ ਪਹਿਲਾਂ ਤਾਂ ਕਲਪਨਾ ਵਿਚ ਹੀ ਚਿਤਰ ਉਸਰਦਾ ਅਤੇ ਫਿਰ ਚਿਤਰ ਉਲੀਕਣ ਬਾਅਦ ਉਸ ਵਿਚ ਹੋਰ ਵਾਧਾ ਹੁੰਦਾ ਰਹਿੰਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com