ਕੈਨੇਡਾ: ਨਿਊ ਵੈਸਟਮਿੰਸਟਰ ਸਿਟੀ ਕੌਂਸਲ ਵੱਲੋਂ ਸਿੱਖ ਭਾਈਚਾਰੇ ਨੂੰ ਵਡੇਰਾ ਸਨਮਾਨ
ਕੈਨੇਡਾ : 11 ਜਨਵਰੀ ਨੂੰ ਭਾਈ ਮੇਵਾ ਸਿੰਘ ਦਿਵਸ ਵਜੋਂ ਮਨਾਉਣ ਦਾ ਐਲਾਨ
ਹਰਦਮ ਮਾਨ
ਸਰੀ, 15 ਜਨਵਰੀ 2020- ਕੈਨੇਡੀਅਨ ਸਿੱਖ ਭਾਈਚਾਰੇ ਲਈ 11 ਜਨਵਰੀ ਦੇ ਦਿਨ ਦੀ ਮਹੱਤਤਾ ਉਸ ਸਮੇਂ ਹੋਰ ਵੀ ਗੌਰਵਮਈ ਹੋ ਗਈ ਜਦੋਂ ਨਿਊ ਵੈਸਟਮਿੰਸਟਰ ਦੀ ਸਿਟੀ ਕੌਂਸਲ ਨੇ ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ 105ਵੀਂ ਬਰਸੀ ਮੌਕੇ 11 ਜਨਵਰੀ ਨੂੰ ਭਾਈ ਮੇਵਾ ਸਿੰਘ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਕੌਂਸਲ ਦੇ ਮੇਅਰ ਜੋਨਾਥਨ ਕੋਟੇ ਨੇ ਸੋਮਵਾਰ ਨੂੰ ਸਿਟੀ ਕੌਂਸਲ ਦੀ ਮੀਟਿੰਗ ਵਿਚ ਇਸ ਸਬੰਧੀ ਐਲਾਨਨਾਮਾ ਪੜ੍ਹਿਆ ਅਤੇ ਬਾਅਦ ਵਿੱਚ ਇਹ ਐਲਾਨਨਾਮਾ ਗੁਰਦੁਆਰਾ ਸੁਖ ਸਾਗਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪਿਆ।
ਗੁਰਦੁਆਰਾ ਸੁਖ ਸਾਗਰ ਸਾਹਿਬ ਦੇ ਪ੍ਰਧਾਨ ਹਰਭਜਨ ਸਿੰਘ ਅਟਵਾਲ ਨੇ ਇਸ ਸਨਮਾਨ ਲਈ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਅਤੇ ਕੌਂਸਲ ਦੇ ਮੇਅਰ ਜੋਨਾਥਨ ਕੋਟੇ ਨੂੰ ਤਲਵਾਰ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰੀ-ਗਰੀਨ ਟਿੰਬਰ ਹਲਕੇ ਦੀ ਵਿਧਾਇਕਾ ਰਚਨਾ ਸਿੰਘ, ਰੈਡੀਕਲ ਦੇਸੀ ਮੈਗਜ਼ੀਨ ਦੇ ਸੰਪਾਦਕ ਗੁਰਪ੍ਰੀਤ ਸਿੰਘ, ਮੇਵਾ ਸਿੰਘ ਲੋਪੋਕੇ ਨੂੰ ਨਾਇਕ ਵਜੋਂ ਮਾਨਤਾ ਦੁਆਉਣ ਲਈ ਪਟੀਸ਼ਨ ਸ਼ੁਰੂ ਕਰਨ ਵਾਲੇ ਈਸਟ ਇੰਡੀਆ ਡਿਫੈਂਸ ਕਮੇਟੀ ਦੇ ਮੈਂਬਰ ਅਤੇ ਥੀਏਟਰ ਰਾਹੀਂ ਮੇਵਾ ਸਿੰਘ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੇ ਨਾਟਕਕਾਰ ਪਨੀਤ ਸਿੰਘ ਵੀ ਮੌਜੂਦ ਸਨ।
ਵਰਨਣਯੋਗ ਹੈ ਕਿ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੇ ਨਸਲਵਾਦ ਵਿਰੱਧ ਲੜਦਿਆਂ ਅਤੇ ਸਿੱਖ ਭਾਈਚਾਰੇ ਤੇ ਦੱਖਣੀ ਏਸ਼ੀਅਨ ਪ੍ਰਵਾਸੀਆਂ ਦੀ ਆਨ ਸ਼ਾਨ ਦੀ ਬਹਾਲੀ ਲਈ ਆਪਣੀ ਜਾਨ ਕੁਰਬਾਨ ਕੀਤੀ। ਉਸ ਨੇ 1914 ਵਿਚ ਵੈਨਕੂਵਰ ਵਿਚ ਵਿਵਾਦਪੂਰਨ ਇਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਚਾਰਲਸ ਹਾਪਕਿਨਸਨ ਦਾ ਕਤਲ ਕਰ ਦਿੱਤਾ ਸੀ। ਹਾਪਕਿਨਸਨ ਇਕ ਅਜਿਹਾ ਅਫਸਰ ਸੀ ਜਿਸ ਨੇ ਆਪਣੇ ਜਾਸੂਸਾਂ ਦੇ ਇੱਕ ਨੈੱਟਵਰਕ ਰਾਹੀਂ ਸਿੱਖ ਕੌਮ ਨੂੰ ਨਿਗਰਾਨੀ ਹੇਠ ਰੱਖਿਆ ਹੋਇਆ ਸੀ ਕਿਉਂਕਿ ਸਿੱਖ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਦੇ ਕਬਜ਼ੇ ਚੋਂ ਛੁਡਾਉਣ ਲਈ ਸੰਘਰਸ਼ ਕਰ ਰਹੇ ਸਨ। 1914 ਵਿਚ ਵੈਨਕੂਵਰ ਦੀ ਬੰਦਰਗਾਹ ਤੋਂ ਕਾਮਾਗਾਟਾਮਾਰੂ ਸਮੁੰਦਰੀ ਜਹਾਜ਼ ਨੂੰ ਬਾਹਰ ਕੱਢਣ ਲਈ ਵੀ ਹਾਪਕਿਨਸਨ ਨੇ ਅਹਿਮ ਭੂਮਿਕਾ ਨਿਭਾਈ ਸੀ। ਭਾਈ ਮੇਵਾ ਸਿੰਘ ਲੋਪੋਕੇ ਨੂੰ ਇਸ ਕਤਲ ਦੇ ਦੋਸ਼ ਤਹਿਤ 1915 ਵਿਚ ਫਾਂਸੀ ਦਿੱਤੀ ਗਈ ਸੀ।