ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਾਸ਼ਟਰਪਤੀ ਰਿਹਾਅ ਕਰਨ - ਜਥੇਦਾਰ ਹਵਾਰਾ ਕਮੇਟੀ
ਜਲੰਧਰ 22 ਸਤੰਬਰ ( ) ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਨਿਗਰਾਨੀ ਹੇਠ ਕਾਰਜਸ਼ੀਲ 21 ਮੈਂਬਰੀ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ , ਐਡਵੋਕੇਟ ਅਮਰ ਸਿੰਘ ਚਾਹਲ, ਸ. ਗੁਰਚਰਨ ਸਿੰਘ ਧਰਮ ਪਿਤਾ ਜਗਤਾਰ ਸਿੰਘ ਹਵਾਰਾ ਨੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਜਾਰੀ ਕਰਦਿਆਂ ਕਿਹਾ ਕਿ 20 ਤੋਂ 30 ਸਾਲ ਤੱਕ ਸਜ਼ਾ ਕੱਟ ਚੁੱਕੇ ਸਿੰਘ ਜੋ ਪੰਜਾਬ ਸਮੇਤ ਦੂਜੇ ਰਾਜਾਂ ਵਿੱਚ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਰਿਹਾ ਕੀਤਾ ਜਾਵੇ ਤਾਂ ਜੋ ਗੁਰੂ ਨਾਨਕ ਸਾਹਿਬ ਦਾ ਸ਼ਾਂਤੀ , ਸਦਭਾਵਨਾ ਅਤੇ ਬਰਾਬਰਤਾ ਦਾ ਸੁਨੇਹਾ ਵੱਡੇ ਪੱਧਰ ਤੇ ਸਮਾਜ ਵਿੱਚ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੰਘਾਂ ਦਾ ਰਿਕਾਰਡ ਜੇਲ੍ਹਾਂ ਵਿੱਚ ਅਤੇ ਬਾਹਰ ਪੈਰੋਲ ਤੇ ਆਉਣ ਤੋਂ ਬਾਅਦ ਵੀ ਬਹੁਤ ਵਧੀਆ ਹੈ। 12 ਸਿੰਘ ਅਜਿਹੇ ਹਨ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹਨ। ਜੇਕਰ ਮਾਨਯੋਗ ਅਦਾਲਤ ਭਾਰਤ ਦੇ ਹਰ ਨਾਗਰਿਕ ਨੂੰ ਕਾਨੂੰਨ ਮੰਨਣ ਲਈ ਕਹਿੰਦੀ ਹੈ ਤੇ ਸਰਕਾਰ ਉਸ ਮੁਤਾਬਿਕ ਇਨ੍ਹਾਂ ਸਿੰਘਾਂ ਦੀ ਰਿਹਾਈ ਵੀ ਕਰੇ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਆਰਟੀਕਲ 72 ਮੁਤਾਬਿਕ ਰਾਸ਼ਟਰਪਤੀ ਸਾਹਿਬ ਕੋਲ ਅਧਿਕਾਰ ਹੈ ਕਿ ਉਹ ਇਨ੍ਹਾਂ ਨੂੰ ਛੱਡ ਸਕਦੇ ਹਨ। ਸਮੁੱਚਾ ਸਿੱਖ ਜਗਤ ਇਹ ਆਸ ਲਗਾਈ ਬੈਠਾ ਹੈ ਕਿ ਇਨ੍ਹਾਂ ਨੂੰ ਗੁਰਪੁਰਬ ਦੇ ਮੌਕੇ ਤੇ ਛੱਡਿਆ ਜਾਵੇਗਾ ਤਾਂ ਜੋ ਇਹ ਬੰਦੀ ਸਿੰਘ ਗੁਰਪੁਰਬ ਆਪਣੇ ਪਰਿਵਾਰਾਂ ਵਿੱਚ ਮਨਾ ਸਕਣ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਬੰਦੀ ਸਿੰਘ ਗੁਰਪੁਰਬ ਤੇ ਆਪਣੀ ਪਰਿਵਾਰਾਂ ਵਿੱਚ ਮਨਾਉਣ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ ਹਨ। ਉਨ੍ਹਾਂ ਤਰਕ ਨਾਲ ਕਿਹਾ ਕਿ ਜੇਕਰ 4 ਪੁਲਿਸ ਮੁਲਾਜ਼ਮ ਜਿਨW ਨੂੰ ਸੀ.ਬੀ.ਆਈ. ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਨ੍ਹਾਂ ਨੂੰ ਗਵਰਨਰ ਸਾਹਿਬ ਸੰਵਿਧਾਨ ਦੇ ਆਰਟੀਕਲ 161 ਦੇ ਅਧੀਨ ਛੱਡ ਸਕਦੇ ਹਨ ਤਾਂ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਜੋ ਕਿ ਰਾਜਨੀਤਿਕ ਹਾਲਤਾਂ ਕਾਰਨ ਬੰਦੀ ਬਣੇ ਸਨ। ਜਿਨ੍ਹਾਂ ਦੀ ਨਿੱਜੀ ਤੌਰ ਤੇ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 7 ਸਿੰਘ ਤਾਂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੀ ਚੰਗੇ ਚਾਲ ਚੱਲਣ ਨਾਲ ਕਈ ਵਾਰ 42 ਦਿਨ , 21 ਦਿਨ ਤੇ 7 ਦਿਨ ਦੀ ਪੈਰੋਲ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਪ੍ਰੀਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦੀਆਂ ਨੂੰ ਉਨ੍ਹਾਂ ਦੀ ਸਜ਼ਾ ਮਾਫ਼ ਕਰਕੇ ਦੁਬਾਰਾ ਨੌਕਰੀ ਤੇ ਲਗਾਇਆ ਜਾ ਸਕਦਾ ਹੈ ਤਾਂ ਇਨ੍ਹਾਂ ਸਿੰਘਾਂ ਦੀ ਰਿਹਾਈ ਵੀ ਗੁਰਪੁਰਬ ਦੇ ਮੌਕੇ ਤੇ ਜ਼ਰੂਰ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਮਾਸਟਰ ਬਲਦੇਵ ਸਿੰਘ , ਮਹਾਂਬੀਰ ਸਿੰਘ ਸੁਲਤਾਨਵਿੰਡ , ਗੁਰਜੰਟ ਸਿੰਘ , ਪਰਵਿੰਦਰ ਸਿੰਘ , ਜੁਝਾਰ ਸਿੰਘ ਹਾਜ਼ਰ ਸਨ।