ਲਾਹੌਰ, 15 ਦਸੰਬਰ 2018 - ਪਾਕਿਸਤਾਨ ਵਿੱਚ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ ਦੀ ਹੱਤਿਆ ਦੇ ਦੋਸ਼ 'ਚ ਦੋ ਮੁੱਖ ਮੁਲਜ਼ਮ ਅੱਜ ਲਾਹੌਰ ਅਦਾਲਤ ਵੱਲੋਂ ਬਰੀ ਕਰ ਦਿੱਤੇ ਗਏ। ਲਾਹੌਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੋਹਾਂ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ ਹੈ। ਦੋਹਾਂ ਖਿਲਾਫ ਕਿਸੇ ਵੀ ਗਵਾਹ ਨੇ ਆਪਣੇ ਬਿਆਨ ਦਰਜ ਨਹੀਂ ਕਰਾਏ ਤੇ ਉਹਨਾਂ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਸੀ।
ਮੂਲ ਰੂਪ ਵਿੱਚ ਤਰਨਤਾਰਨ ਦੇ ਰਹਿਣ ਵਾਲੇ 49 ਸਾਲਾ ਸਰਬਜੀਤ ਸਿੰਘ ਨੂੰ ਸਾਲ 2013 ਵਿੱਚ ਕੋਟ ਲਖਪਤ ਜੇਲ੍ਹ ਵਿੱਚ ਦੋ ਕੈਦੀਆਂ ਨੇ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਸੀ। ਸਰਬਜੀਤ ਬੰਬ ਧਮਾਕੇ ਤੇ ਜਾਸੂਸੀ ਦੇ ਇਲਜ਼ਾਮਾਂ ਤਹਿਤ 1990 ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਸੀ।
ਸਰਬਜੀਤ ਦੀ ਜ਼ਿੰਦਗੀ ਅਧਾਰਤ ਬਾਲੀਵੁੱਡ 'ਚ ਫਿਲਮ ਵੀ ਬਣ ਚੁੱਕੀ ਹੈ, ਜਿਦ 'ਚ ਉਸਦੀ ਭੈਣ ਬਲਬੀਰ ਕੌਰ ਵੱਲੋਂ ਆਪਣੇ ਭਰਾ ਨੂੰ ਭਾਰਤ ਲਿਆਉਣ ਲਈ ਕੀਤੀ ਜੱਦੋ ਜਹਿਦ ਨੂੰ ਦਰਸਾਇਆ ਗਿਆ ਹੈ। ਪਰ ਸਰਬਜੀਤ ਦੀ ਲਾਸ਼ ਹੀ ਭਾਰਤ ਵਾਪਸ ਆ ਸਕੀ ਸੀ। ਸਰਬਜੀਤ ਦੀ ਮੌਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਤਲਖ਼ ਹੋ ਗਏ ਸਨ ਤੇ ਜੰਮੂ ਦੀ ਜੇਲ੍ਹ ਵਿੱਚ ਪਾਕਿਸਤਾਨੀ ਕੈਦੀ ਸਨਾਉੱਲਾਹ ਦੀ ਹੱਤਿਆ ਵੀ ਹੋ ਗਈ ਸੀ।