ਨਵੀਂ ਦਿੱਲੀ, 14 ਦਸੰਬਰ 2018 - ਪਾਕਿਸਤਾਨੀ ਹਾਈ ਕਮਿਸ਼ਨ ਵਿਚੋਂ 23 ਭਾਰਤੀ ਪਾਸਪੋਰਟ ਗੁੰਮ ਹੋ ਜਾਣ ਦੇ ਦੋਸ਼ ਲੱਗੇ ਹਨ . ।
ਪਾਸਪੋਰਟ ਸਿੱਖ ਸ਼ਰਧਾਲੂਆਂ ਦੇ ਦੱਸੇ ਜਾ ਰਹੇ ਹਨ ਜੋ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਪਾਕਿਸਤਾਨ ਦੇ ਗੁਰਦੁਆਰਿਆਂ 'ਚ ਜਾਣਾ ਚਾਹੁੰਦੇ ਸਨ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਕਈ ਵਿਅਕਤੀਆਂ ਵੱਲੋਂ ਆਪਣੇ ਗੁੰਮ ਹੋਏ ਪਾਸਪੋਰਟਾਂ ਦੀ ਰਿਪੋਰਟ ਵੀ ਦਰਜ ਕਰਾਈ ਗਈ ਹੈ। ਜਿਸ ਤੋਂ ਬਾਅਦ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿਚ ਲਿਆਂਦਾ ਗਿਆ। ਹੁਣ ਮੰਤਰਾਲੇ ਨੇ ਸਾਰੇ ਲਾਪਤਾ ਹੋਏ ਪਾਸਪੋਰਟਾਂ ਨੂੰ ਰੱਦ ਕਰਨ ਲਈ ਕਦਮ ਚੁੱਕੇ ਹਨ ਅਤੇ ਪਾਕਿਸਤਾਨ ਕੋਲ ਨਾਲ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਿਆ ਹੈ।
ਪਾਕਿਸਤਾਨ ਨੇ 3,800 ਭਾਰਤੀ ਸਿੱਖ ਸ਼ਰਧਾਲੂਆਂ ਨੂੰ 21 ਤੋਂ 30 ਨਵੰਬਰ ਤਕ ਗੁਰੂ ਨਾਨਕ ਦੇਵ ਜੀ ਦੇ 549 ਵੇਂ ਜਨਮ ਦਿਹਾੜੇ ਮੌਕੇ ਵੀਜ਼ੇ ਜਾਰੀ ਕੀਤੇ ਸਨ। ਇਨ੍ਹਾਂ 'ਚੋਂ 23 ਸਿੱਖਾਂ ਨੇ ਆਪਣੇ ਪਾਸਪੋਰਟ ਗਵਾਏ ਹਨ ਜਿਨ੍ਹਾਂ ਨੇ ਵੀਜ਼ੇ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੇ ਇਸ ਜਥੇ ਨਾਲ ਯਾਤਰਾ ਕਰਨੀ ਸੀ। ਪਾਕਿਸਤਾਨ ਨੇ ਲਾਪਤਾ ਪਾਸਪੋਰਟਾਂ ਲਈ ਕਿਸੇ ਵੀ ਅਧਿਕਾਰੀ ਨੂੰ ਜ਼ਿੰਮੇਵਾਰ ਮੰਨਣ ਤੋਂ ਇਨਕਾਰ ਕੀਤਾ ਹੈ। ਸਾਰੇ 23 ਪਾਸਪੋਰਟ ਇੱਕ ਦਿੱਲੀ ਅਧਾਰਤ ਏਜੰਟ ਵੱਲੋਂ ਇਕੱਠੇ ਕੀਤੇ ਗਏ ਸਨ ਜਿਸ ਨੇ ਦਾਅਵਾ ਕੀਤਾ ਸੀ ਕਿ ਉਸਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਦਸਤਾਵੇਜ਼ ਜਮ੍ਹਾਂ ਕਰਵਾਏ ਹਨ। ਬਾਅਦ ਵਿਚ ਉਸ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਪਾਸਪੋਰਟ ਇਕੱਠੇ ਕਰਨ ਲਈ ਹਾਈ ਕਮਿਸ਼ਨ ਕੋਲ ਵਾਪਸ ਆਏ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਦਸਤਾਵੇਜ਼ ਨਹੀਂ ਸਨ।
ਇਹ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਉਹ ਇਨ੍ਹਾਂ ਪਾਸਪੋਰਟਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਜਰੂਰੀ ਕਦਮ ਚੁੱਕ ਰਹੇ ਹਨ। ਜਦੋਂ ਕਿ ਭਾਰਤ ਸਰਕਾਰ ਸਿੱਖਾਂ ਸ਼ਰਧਾਲੂਆਂ ਦੀ ਭਾਵਨਾ ਨੂੰ ਸਮਝਦਿਆਂ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਨਿਰਣਾ ਕਰ ਚੁੱਕੀ ਹੈ ਤੇ ਉਹਨਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਵੀ ਕਰ ਰਹੀ ਹੈ। ਭਾਰਤ ਖਾਸ ਤੌਰ 'ਤੇ ਪਾਕਿਸਤਾਨ ਦੇ ਸਿੱਖ ਧਾਰਮਿਕ ਸਥਾਨਾਂ 'ਤੇ ਖਾਲਿਸਤਾਨ ਦੇ ਪੋਸਟਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਤ ਹੈ।