← Go Back
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 11 ਦਸੰਬਰ 2018 -ਇਥੇ ਵਸਦੇ ਪੰਜਾਬੀ ਭਾਈਚਾਰੇ ਦਾ ਸਿਰ ਉਦੋਂ ਹੋਰ ਉਚਾ ਹੋ ਗਿਆ ਜਦੋਂ ਇਕ 18 ਸਾਲਾ ਪੰਜਾਬੀ ਕੁੜੀ ਅਨਮੋਲਜੀਤ ਕੌਰ ਘੁੰਮਣ ਦੀ ਹਲਕਾ ਪਾਪਾਕੁਰਾ ਤੋਂ 'ਯੂਥ. ਐਮ.ਪੀ.' ਵੱਜੋਂ ਚੋਣ ਕਰ ਲਈ ਗਈ। ਪਾਪਾਕੁਰਾ ਹਲਕੇ ਤੋਂ ਸੰਸਦ ਮੈਂਬਰ ਮੈਡਮ ਜੂਠਿਤ ਕੌਲਿਨ ਵੱਲੋਂ ਇਹ ਚੋਣ ਕੀਤੀ ਗਈ ਹੈ। ਇਸ ਜ਼ਿੰਮੇਵਾਰੀ ਦੀ ਮਿਆਲ ਅਗਲੇ ਸਾਲ 1 ਮਾਰਚ ਤੋਂ ਲੈ ਕੇ 31 ਅਗਸਤ ਤੱਕ ਹੋਵੇਗੀ। ਇਸ ਦੌਰਾਨ ਇਹ ਕੁੜੀ ਪਾਪਾਕੁਰਾ ਦੀ ਮੌਜੂਦਾ ਸੰਸਦ ਮੈਂਬਰ ਦੀ ਪ੍ਰਤੀਨਿਧੀ ਬਣ ਕੇ ਪਾਰਲੀਮੈਂਟ ਦੇ ਵਿਚ ਜੁਲਾਈ ਮਹੀਨੇ ਹੋਣ ਵਾਲੇ 'ਯੂਥ ਸ਼ੈਸ਼ਨ' ਦੇ ਵਿਚ ਜਾਵੇਗੀ। ਜਿਵੇਂ ਕਹਿੰਦੇ ਨੇ ਹੋਣਹਾਰ ਬੱਚੇ ਛੁਪੇ ਨਹੀਂ ਰਹਿੰਦੇ ਇਹ ਕੁੜੀ ਜਦੋਂ 17 ਸਾਲ ਦੀ ਸੀ ਤਾਂ ਯੂਨਾਇਟਡ ਨੇਸ਼ਨਜ਼ ਲਈ ਹਾਈ ਸਕੂਲ ਦੀ ਅੰਬੈਸਡਰ ਬਣੀ ਸੀ। ਯੂਥ. ਐਮ. ਪੀ. ਦੇ ਕਾਰਜ ਕਾਲ ਦੌਰਾਨ ਇਹ ਕੁੜੀ ਯੂਥ ਕੌਂਸਿਲ ਅਤੇ ਯੂਨਾਇਟਡ ਨੇਸ਼ਨ ਯੂਥ ਮਾਮਲਿਆਂ ਉਤੇ ਆਪਣੇ ਵਿਚਾਰ ਪੇਸ਼ ਕਰੇਗੀ। ਪਿਤਾ ਸ. ਗੁਰਜਿੰਦਰ ਸਿੰਘ ਘੁੰਮਣ (ਇਮੀਗ੍ਰੇਸ਼ਨ ਸਲਾਹਕਾਰ) ਅਤੇ ਮਾਤਾ ਕੁਲਜੀਤ ਕੌਰ (ਅਧਿਆਪਕਾ) ਘੁੰਮਣ ਦੀ ਇਹ ਛੋਟੀ ਬੇਟੀ ਜਦੋਂ ਡੇਢ ਕੁ ਸਾਲ ਸੀ ਤਾਂ ਮੋਗਾ ਸ਼ਹਿਰ ਤੋਂ ਇਥੇ ਪਹੁੰਚੀ ਸੀ। ਇਸ ਦੇ ਨਾਲ ਹੀ ਉਹ ਅਗਲੇ ਸਾਲ ਲਾਅ ਐਂਡ ਕਾਮਰਸ ਦੀ ਡਿਗਰੀ ਵੀ ਸ਼ੁਰੂ ਕਰ ਦੇਵੇਗੀ। ਜੁਲਾਈ ਮਹੀਨੇ ਇਹ ਕੁੜੀ ਦੇਸ਼ ਭਰ ਚੋਂ ਚੁਣ ਕੇ ਗਏ 119 ਹੋਰ ਯੂਥ ਐਮ.ਪੀਜ਼ ਦੇ ਨਾਲ ਮਿਲ ਕੇ ਪਾਰਲੀਮੈਂਟ ਦੇ ਵਿਚ ਬੈਠੇਗੀ। ਸ਼ਾਵਾ ਇਹ ਕੁੜੀ ਦੇਸ਼ ਦੀ ਪਾਰਲੀਮੈਂਟ ਦੇ ਵਿਚ ਪਹਿਲੇ ਕਦਮ ਤੋਂ ਬਾਅਦ ਲਗਾਤਾਰ ਪਹੁੰਚ ਬਨਾਉਣ ਦੇ ਵਿਚ ਸਫਲ ਹੋਵੇ। ਕਮਿਊਨਿਟੀ ਵੱਲੋਂ ਸਮੁੱਚੇ ਪਰਿਵਾਰ ਨੂੰ ਵਧਾਈ।
Total Responses : 265