ਵਾਸ਼ਿੰਗਟਨ, 17 ਅਗਸਤ 2018 - ਅਮਰੀਕਾ ਦੇ ਵਿਵਾਦਤ ਰਾਸ਼ਟਰਪਤੀ ਡੌਨਾਲਡ ਟਰੰਪ ਇੱਕ ਵਾਰ ਫਿਰ ਤੋਂ ਆਪਣੀ ਬੋਲ ਬਾਣੀ ਕਾਰਨ ਵਿਵਾਦਾਂ 'ਚ ਆ ਗਏ ਨੇ। ਇਸ ਵਾਰ ਉਨ੍ਹਾਂ ਦਾ ਵਾਹ ਸਮਾਜ ਦੇ ਚੌਥੇ ਥੰਮ੍ਹ 'ਮੀਡੀਆ' ਨਾਲ ਪੈ ਗਿਆ। ਵੀਰਵਾਰ ਨੂੰ ਅਮਰੀਕਾ ਦੀਆਂ ਸੈਂਕੜਿਆਂ ਹੀ ਅਖਬਾਰਾਂ ਦੇ ਸੰਪਾਦਕੀ 'ਚ ਟਰੰਪ ਦੀ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਦੇ ਲੇਖ ਛਪੇ ਦਿਖਾਈ ਦਿੱਤੇ।
ਟਰੰਪ ਨੇ ਹਾਲ ਹੀ ਵਿਚ ਅਮਰੀਕੀ ਪੱਤਰਕਾਰਾਂ ਤੇ ਅਖਬਾਰਾਂ ਦੀ ਨਿੰਦਿਆਂ ਕੀਤੀ ਸੀ ਤੇ ਉਸਦੇ ਖੁਦ ਦੇ ਵਿਚਾਰਾਂ ਨੂੰ ਗਲਤ ਦੱਸਣ ਵਾਲੇ ਪੱਤਰਕਾਰਾਂ ਤੇ ਮੀਡੀਆ ਨੂੰ 'ਫੇਕ ਨਿਊਜ਼' ਕਿਹਾ ਸੀ। ਫਰਵਰੀ ੨੦੧੭ ਵਿਚ ਟਰੰਪ ਨੇ ਇਹੋ ਜਿਹਾ ਹੀ ਇਕ ਟਵੀਟ ਕੀਤਾ ਸੀ।
ਤੇ ਹੁਣ 2018 'ਚ ਵੀਰਵਾਰ ਸਵੇਰ ਟਰੰਪ ਵੱਲੋਂ ਅਜਿਹਾ ਹੀ ਇੱਕ ਟਵੀਟ ਕੀਤਾ ਜਾਂਦਾ ਹੈ।
ਇੰਨ੍ਹਾਂ ਦੋਹਾਂ ਟਵਿਟਾਂ ਵਿਚ ਟਰੰਪ ਅਮਰੀਕੀ ਮੀਡੀਆ ਨੂੰ ਉਨ੍ਹਾਂ ਦੀ ਪਾਰਟੀ ਦੇ ਵਿਰੁੱਧ ਦੱਸ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਇਹ ਅਮਰੀਕੀ ਲੋਕਾਂ ਦੇ ਦੁਸ਼ਮਣ ਹਨ।
ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਵੀਰਵਾਰ ਨੂੰ ਇੱਕ ਨਾੱਨ ਬਾਈਂਡਿੰਗ ਰੈਜ਼ੋਲਿਊਸ਼ਨ ਅਪਣਾਇਆ ਜਿਸ ਨੇ ਮੀਡੀਆ ਦੁਆਰਾ "ਮਹੱਤਵਪੂਰਣ ਅਤੇ ਲਾਜ਼ਮੀ ਭੂਮਿਕਾ" ਦੀ ਪੁਸ਼ਟੀ ਕੀਤੀ ਅਤੇ ਐਲਾਨ ਕੀਤਾ ਕਿ "ਮੀਡੀਆ ਲੋਕਾਂ ਦਾ ਦੁਸ਼ਮਣ ਨਹੀਂ ਹੈ।"