← Go Back
ਆਕਲੈਂਡ 20 ਜੂਨ (ਹਰਜਿੰਦਰ ਸਿੰਘ ਬਸਿਆਲਾ)-ਕੈਂਟਰਬਰੀ ਵਿਖੇ ਇਕ ਉਚ ਦਰਜਾ ਪ੍ਰਾਪਤ ਪੁਲਿਸ ਅਫਸਰ ਨੇ ਆਪਣੀ ਛੁੱਟੀ ਵਾਲੇ ਦਿਨ ਹੀ ਇਕ ਅਜਿਹੇ ਖਤਰਨਾਕ ਅਗਵਾਕਾਰ ਨੂੰ ਫੜਾਉਣ ਦੇ ਵਿਚ ਵੱਡੀ ਮਦਦ ਕੀਤੀ ਸੀ ਜਦੋਂ ਉਸਨੇ ਕਿਸੀ ਨੂੰ ਕਾਰ ਸਮੇਤ ਅਗਵਾ ਕਰ ਲਿਆ ਸੀ ਅਤੇ ਮੁੜ ਕੇ ਪੈਟਰੋਲ ਭਰਾਉਣ ਵੇਲੇ ਚੱਕਰ ਵਿਚ ਫਸ ਗਿਆ ਸੀ। 31 ਸਾਲਾ ਇਸ ਅਪਰਾਧੀ ਦਾ ਨਾਂਅ ਮਾਈਕਲ ਮਾਮੀਆ ਹੈ, ਇਸ ਨੂੰ ਅੱਜ ਮਾਣਯੋਗ ਅਦਾਲਤ ਨੇ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪਿਛਲੇ ਸਾਲ 23 ਸਤੰਬਰ ਨੂੰ ਇਸਨੇ ਇਕ ਕਾਰ ਵਿਚ ਸੁੱਤੇ ਵਿਅਕਤੀ ਨੂੰ ਕਾਰ ਸਮੇਤ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਗੈਂਗ ਮੈਂਬਰ ਦੱਸਿਆ ਅਤੇ ਵਾਲਥਮ ਵਿਖੇ ਇਕ ਘਰ ਅੰਦਰ ਗਿਆ। ਇਸ ਤੋਂ ਪਹਿਲਾਂ ਉਹ ਕਹਿ ਗਿਆ ਕਿ ਜੇਕਰ ਉਹ ਕਾਰ ਵਿਚ ਹੀ ਰਹੇਗਾ ਤਾਂ ਉਹ ਸੁਰੱਖਿਅਤ ਰਹੇਗਾ। ਵਾਪਿਸ ਆਉਣ ਉਤੇ ਉਹ ਗੈਸ ਭਰਾਉਣ ਇਕ ਪੈਟਰੋਲ ਸਟੇਸ਼ਨ 'ਤੇ ਗਿਆ ਅਤੇ 40 ਡਾਲਰ ਵੀ ਉਸ ਅਗਵਾ ਕੀਤੇ ਵਿਅਕਤੀ ਦੇ ਹੀ ਵਰਤੇ। ਇਸ ਦਰਮਿਆਨ ਉਹ ਡਰਿੰਕ ਲੈਣ ਦੇ ਬਹਾਨੇ ਸਟੇਸ਼ਨ ਉਤੇ ਗਿਆ ਅਤੇ ਸਟਾਫ ਨੂੰ ਕਹਿ ਦਿੱਤਾ ਕਿ ਉਸਨੂੰ ਅਗਵਾ ਕਰ ਲਿਆ ਗਿਆ ਹੈ ਸੋ ਅਲਾਰਮ ਬਟਨ ਦੱਬ ਦਿਓ। ਇਸਨੂੰ ਭਣਕ ਲੱਗ ਗਈ ਅਤੇ ਉਹ ਉਥੋਂ ਤਿੱਤਰ ਹੋ ਗਿਆ ਅਤੇ ਪੁਲਿਸ ਮਗਰ ਲੱਗ ਗਈ। ਬਿਲਕੁਲ ਇਸੇ ਸਮੇਂ ਇਕ ਕੈਂਟਰਬਰੀ ਜ਼ਿਲ੍ਹਾ ਕਮਾਂਡਰ ਸੁਪਰਡੈਂ ਜੌਹਨ ਪ੍ਰਾਈਸ ਆਪਣੇ ਕੁੱਤੇ ਦੇ ਨਾਲ ਬੀਚ ਉਤੇ ਜਾ ਰਿਹਾ ਸੀ ਅਤੇ ਉਸਨੇ ਪੁਲਿਸ ਰੇਡੀਓ ਉਤੇ ਸਾਰਾ ਕੁਝ ਸੁਣ ਲਿਆ । ਐਨੇ ਨੂੰ ਕੀ ਵੇਖਦਾ ਕਿ ਓਹੀ ਅਗਵਾਕਾਰ ਉਸ ਵਾਲੇ ਪਾਸੇ ਹੀ ਆ ਰਿਹਾ ਸੀ, ਉਸ ਅਗਵਾਕਾਰ ਨੇ ਦੋ ਲਾਲ ਬੱਤੀਆਂ ਪਾਰ ਕੀਤੀਆਂ ਅਤੇ ਇਕ ਖੱਡੇ ਵਿਚ ਫਸ ਗਿਆ। ਇਸ ਦੌਰਾਨ ਇਸ ਪੁਲਿਸ ਅਫਸਰ ਅਤੇ ਇਕ ਹੋਰ ਸੀਨੀਅਰ ਸਰਜਾਂਟ ਨੇ ਉਸ ਅਗਵਾਕਾਰ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਸਨੇ ਗ੍ਰਿਫਤਾਰੀ ਬਾਅਦ ਕਈ ਕੋਰਸ ਕਰ ਲਏ ਹਨ ਅਤੇ ਕਿਹਾ ਹੈ ਕਿ ਜ਼ੇਲ੍ਹ ਤੋਂ ਬਾਹਰ ਆ ਕੇ ਉਹ ਫਿਸ਼ਿੰਗ ਬੋਟ ਬਨਾਉਣ ਦਾ ਕੰਮ ਕਰੇਗਾ। ਇਸ ਅਗਵਾਤਾਰ ਨੂੰ ਫੜਾਉਣ ਵਾਲੇ ਪੁਲਿਸ ਅਫਸਰ ਦੀ ਇਹ ਪਹਿਲੀ ਸਫਲਤਾ ਨਹੀਂ ਸੀ, ਇਸ ਤੋਂ ਪਹਿਲਾਂ ਵੀ ਉਹ ਕਈ ਅਜਿਹੇ ਮਾਮਲਿਆਂ ਵਿਚ ਸਹਾਇਤਾ ਕਰ ਚੁੱਕਾ ਹੈ। ਸੱਚਮੁੱਚ ਹਰ ਦੇਸ਼ ਨੂੰ ਅਜਿਹੇ ਪੁਲਿਸ ਅਫਸਰਾਂ ਦੀ ਲੋੜ ਹੈ।
Total Responses : 929