ਸਿਆਟਲ 'ਚ ਹੋਈ ਪੰਜਾਬ ਦੇ ਭਖਵੇਂ ਮਸਲਿਆਂ ਤੇ ਚਰਚਾ , ਪੰਜਾਬ 'ਚ ਸਿੱਖਿਆ ਅਤੇ ਸਿਹਤ ਖੇਤਰ ਵਿਚ ਯੋਗਦਾਨ ਪਾਉਣ ਤੇ ਹੋਈ ਸਹਿਮਤੀ
ਕਰਤਾਰ ਭਲਵਾਨ ਅਤੇ ਬਲਜੀਤ ਬੱਲੀ ਹੋਏ ਸ਼ਾਮਲ
ਕੈਂਟ (ਸਿਆਟਲ ) : ਬੀਤੇ ਦਿਨੀਂ ਇਸ ਸ਼ਹਿਰ ਦੇ ਕੁਝ ਚੋਣਵੇਂ ਕਾਰੋਬਾਰੀ ਅਤੇ ਪ੍ਰੋਫੈਸ਼ਨਲ ਪਰਦੇਸੀ ਪੰਜਾਬੀਆਂ ਦੀ ਹੋਈ ਮੀਟਿੰਗ ਵਿਚ ਪੰਜਾਬ ਅਤੇ ਪੰਜਾਬੀਆਂ ਨਾਲ ਜੁੜੇ ਮਸਲਿਆਂ ਅਤੇ ਵੱਖ ਵੱਖ ਪੱਖਾਂ ਬਾਰੇ ਵਿਚਾਰ ਚਰਚਾ ਕੀਤੀ ਗਈ. ਲਗਭਗ ਦੋ ਘੰਟੇ ਚੱਲੇ ਇਸ ਸੈਸ਼ਨ ਵਿਚ ਦੁਨੀਆ ਭਰ ਦੇ ਨਾਮੀ ਭਲਵਾਨ ਅਤੇ ਪਦਮਸ੍ਰੀ ਜੇਤੂ ਕਰਤਾਰ ਭਲਵਾਨ ਅਤੇ ਨਾਮਵਰ ਪੱਤਰਕਾਰ ਅਤੇ ਬਾਬੂਸ਼ਾਹੀ ਡਾਟ ਕਾਮ ਦੇ ਬਾਨੀ ਸੰਪਾਦਕ ਬਲਜੀਤ ਬੱਲੀ ਉਚੇਚੇ ਮਹਿਮਾਨ ਵਜੋਂ ਸ਼ਾਮਲ ਹੋਏ . ਸੈਮ ਵਿਰਕ ਦੇ ਮਾਹਰਾਜਾ ਰੈਸਟੋਰੈਂਟ ਵਿਚ ਹੋਈ ਇਸ ਵਿਚਾਰ-ਚਰਚਾ ਵਿਚ ਜਿੱਥੇ ਸਭ ਨੇ ਪੰਜਾਬ ਦੀ ਰਾਜਨੀਤੀ ਅਤੇ ਅਰਥਚਾਰੇ ਬਾਰੇ ਆਪੋ ਆਪਣੇ ਵਿਚਾਰ ਜ਼ਾਹਿਰ ਕੀਤੇ, ਪੰਜਾਬ ਵਿਚੋਂ ਲਗਾਤਾਰ ਆ ਰਹੀਆਂ ਕਿਸਾਨ ਖੁਦਕੁਸ਼ੀਆਂ ਦੀਆਂ ਖ਼ਬਰਾਂ ਤੇ ਚਿੰਤਾ ਜ਼ਾਹਿਰ ਕੀਤੀ ਉੱਥੇ ਸਵਾਲ -ਜਵਾਬ ਦਾ ਲੰਮਾ ਦੌੜ ਵੀ ਚੱਲਿਆ .
ਪੰਜਾਬ ਨਾਲ ਨਾਲ ਸਬੰਧਿਤ ਬਹੁਤ ਸਾਰੇ ਸਵਾਲਾਂ ਬਾਰੇ ਬਲਜੀਤ ਬੱਲੀ ਨੇ ਜਾਣਕਾਰੀ ਵੀ ਦਿੱਤੀ ਅਤੇ ਆਪਣੇ ਵਿਚਾਰ ਵੀ ਜ਼ਾਹਿਰ ਕੀਤੇ .ਇਸ ਮੌਕੇ ਪੰਜਾਬ ਨੂੰ ਬਿਹਤਰ ਬਣਾਉਣ ਲਈ ਐਨ ਆਰ ਆਈਜ਼ ਦੇ ਯੋਗਦਾਨ ਦੇ ਢੰਗ-ਤਰੀਕਿਆਂ ਤੇ ਵੀ ਚਰਚਾ ਕੀਤੀ ਗਈ .
ਇਸ ਗੱਲ ਤੇ ਸਹਿਮਤੀ ਬਣੀ ਕਿ ਸਿਆਸੀ ਗਿਣਤੀਆਂ -ਮਿਣਤੀਆਂ ਤੋਂ ਉੱਪਰ ਉੱਠ ਕੇ ਪਰਦੇਸੀ ਪੰਜਾਬੀਆਂ ਨੂੰ ਆਪੋ -ਆਪਣੇ ਇਲਾਕੇ ਅਤੇ ਪਿੰਡਾਂ ਵਿਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਸੰਭਵ ਢੰਗ ਤਰੀਕਿਆਂ ਰਾਹੀਂ ਯੋਗਦਾਨ ਪਾਉਣਾ ਚਾਹੀਦਾ ਹੈ . ਇਸ ਦੇ ਨਾਲ ਹੀ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਵਿਰਸੇ ਨੂੰ ਵੀ ਤਾਜ਼ਾ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਇਸ ਤੋਂ ਜਾਣੂ ਕਰਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ .ਪਿੰਟੂ ਬਾਠ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਪੰਜਾਬ ਦੇ ਕੁਝ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਮਦਦ ਵੀ ਕਰ ਰਹੇ ਨੇ .
ਇਸ ਮੌਕੇ ਸਿਆਟਲ ਵਾਸੀਆਂ ਦੀ ਤਰਫ਼ੋਂ ਕਰਤਾਰ ਭਲਵਾਨ ਅਤੇ ਬਲਜੀਤ ਬੱਲੀ ਦਾ ਸਨਮਾਨ ਵੀ ਕੀਤਾ ਗਿਆ .
ਬਲਜੀਤ ਬੱਲੀ ਅਤੇ ਕਰਤਾਰ ਸਿੰਘ ਸਿਆਟਲ 'ਚ ਆਪਣੇ ਦੋਸਤ ਮਨਮੋਹਨ ਸਿੰਘ ਧਾਲੀਵਾਲ ਦੇ ਲੜਕੇ ਮਨਦੀਪ ਸਿੰਘ ਧਾਲੀਵਾਲ ਦੇ ਵਿਆਹ ਸਮਾਗਮ ਲਈ ਪੁੱਜੇ ਸਨ ਜਿਨ੍ਹਾਂ ਨੇ ਨਵ-ਵਿਆਹੀ ਜੋੜੀ ਮਨਦੀਪ ਤੇ ਅਮਨਦੀਪ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਵਧਾਈ ਦਿੱਤੀ।
ਇਸ ਚਰਚਾ ਵਿਚ ਹੋਰਨਾਂ ਤੋਂ ਇਲਾਵਾ ਸੈਮ ਵਿਰਕ, ਮਨਜੀਤ ਸਿੰਘ, ਗੁਰਮੀਤ ਸਿੰਘ ਨਿੱਝਰ, ਗੁਰਦੀਪ ਸਿੰਘ ਸਿੱਧੂ, ਪਿੰਟੂ ਬਾਠ, ਰਛਪਾਲ ਸਿੰਘ ਸੰਧੂ ( ਰਿਸ਼ੀ ਸੰਧੂ ) , ਪਰਮਿੰਦਰ ਸਿੰਘ ਭੱਟੀ, ਕੁਲਵੰਤ ਸ਼ਾਹ , ਉਂਕਾਰ ਭੰਡਾਲ,ਗੁਰਚਰਨ ਢਿੱਲੋਂ ਤੇ ਧਰਮ ਸਿੰਘ ਮੇਰੀਪੁਰ ਵੀ ਸ਼ਾਮਲ ਹੋਏ .