← Go Back
ਸ੍ਰੀ ਕੈਵਿਨ ਸ਼ੌਰਟ
ਆਕਲੈਂਡ 23 ਮਈ 2018 (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਰੱਖਿਆ ਮੰਤਰੀ ਸ੍ਰੀ ਰੌਨ ਮਾਰਕ ਨੇ ਅੱਜ ਦੇਸ਼ ਦੇ ਅਗਲੇ 'ਡਿਫੈਂਸ ਫੋਰਸ' ਮੁਖੀ ਵਜੋਂ ਮੌਜੂਦਾ ਏਅਰ ਵਾਈਸ ਮਾਰਸ਼ਲ ਸ੍ਰੀ ਕੈਵਿਨ ਸ਼ੌਰਟ ਦੇ ਨਾਂਅ ਨੂੰ ਮੰਨਜੂਰੀ ਦੇ ਦਿੱਤੀ ਹੈ। ਪਹਿਲੀ ਜੁਲਾਈ 2018 ਤੋਂ ਉਹ ਇਹ ਅਹੁਦਾ ਸੰਭਾਲ ਲੈਣਗੇ। ਇਹ ਚੋਣ ਪ੍ਰਕ੍ਰਿਆ ਕਾਫੀ ਲੰਬੀ ਹੁੰਦੀ ਹੈ ਅਤ ਕੈਬਨਿਟ ਦੀ ਸਿਫਾਰਸ਼ ਮੁਤਾਬਿਕ ਹੀ ਫੈਸਲਾ ਲਿਆ ਜਾਂਦਾ ਹੈ। ਨਵਾਂ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਹੋਰ ਪ੍ਰੋਮੋਸ਼ਨ 'ਏਅਰ ਮਾਰਸ਼ਲ' ਵਜੋਂ ਦਿੱਤੀ ਜਾਵੇਗੀ। ਸ਼੍ਰੀ ਸ਼ਾਰਟ ਦਾ ਡਿਫੈਂਸ ਫੋਰਸ ਨਾਲ ਲੰਬਾ ਇਤਿਹਾਸ ਹੈ। ਉਹ 1976 ਦੇ ਵਿਚ ਭਰਤੀ ਹੋਏ ਸਨ। ਉਹ ਅਫਗਾਨਿਸਤਾਨ ਦੇ ਵਿਚ ਵੀ ਕਮਾਂਡ ਕਰ ਚੁੱਕੇ ਹਨ ਅਤੇ ਹੋਰ ਬਹੁਤ ਸਾਰੇ ਉਚ ਅਹੁਦਿਆਂ ਦੇ ਉਤੇ ਤਾਇਨਾਤ ਰਹੇ ਹਨ। ਇਸ ਵੇਲੇ ਦੇਸ਼ ਦੇ ਮੌਜੂਦਾ ਡਿਫੈਂਸ ਮੁਖੀ ਲੈਫਟੀਨੈਂਟ ਜਨਰਲ ਟਿਮ ਕੀਟਿੰਗ ਹਨ। ਉਹ ਇਸੇ ਸਾਲ ਦੇ ਸ਼ੁਰੂ ਦੇ ਵਿਚ ਇੰਡੀਆ ਵੀ ਗਏ ਸਨ ਅਤੇ ਉਥੇ ਉਨ੍ਹਾਂ ਦੇਸ਼ ਦੀ ਰੱਖਿਆ ਮੰਤਰੀ ਸ੍ਰੀਮਤੀ ਸੀਥਾਰਮਨ ਦੇ ਨਾਲ-ਨਾਲ ਮਿਲਟਰੀ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਸੀ। ਆਪਣੀ ਭਾਰਤ ਯਾਤਰਾ ਦੌਰਾਨ ਉਹ ਏਅਰ ਫੋਰਸ ਬੇਸ ਅਤੇ ਨੇਵਲ ਬੇਸ ਉਤੇ ਵੀ ਗਏ ਸਨ। ਨਿਊਜ਼ੀਲੈਂਡ ਦੀਆਂ ਫੌਜਾਂ ਨੇ ਭਾਰਤ ਵੱਲੋਂ ਕੀਤੇ ਗਏ ਇੰਟਰਨੈਸ਼ਨਲ ਫਲੀਟ ਰਿਵਿਊ ਫਰਵਰੀ 2016 ਦੇ ਵਿਚ ਭਾਗ ਲਿਆ ਸੀ ਅਤੇ ਇੰਡੀਆ ਤੋਂ ਇਕ ਵਿਸ਼ੇਸ਼ ਸਮੁੰਦਰੀ ਬੇੜਾ 'ਸੁਮਿਤਰਾ' ਵੀ ਨਵੰਬਰ 2016 ਦੇ ਵਿਚ ਆਕਲੈਂਡ ਬੰਦਰਗਾਹ ਉਤੇ ਆਇਆ ਸੀ। ਨਿਊਜ਼ੀਲੈਂਡ ਫੌਜ ਵਿਚ ਭਾਰਤੀ ਜਵਾਨ ਤੇ ਮਹਿਲਾਵਾਂ: ਇਸ ਵੇਲੇ ਨਿਊਜ਼ੀਲੈਂਡ ਫੌਜ ਦੇ ਵਿਚ ਕਈ ਭਾਰਤੀ ਨੌਜਵਾਨ ਮੁੰਡੇ-ਕੁੜੀਆਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮਾਣ ਵਾਲੀ ਗੱਲ ਹੈ ਕਿ ਤਿੰਨ ਦਸਤਾਰਧਾਰੀ ਸਿੱਖ ਨੌਜਵਾਨ ਵੀ ਇਥੇ ਆਪਣੀਆਂ ਸੇਵਾਂ ਦੇ ਰਹੇ ਹਨ।
Total Responses : 189