ਸ਼ਾਹਮੁਖੀ ਲਿਪੀ ਦੇ ਕੋਰਸ ਸ਼ੁਰੂ ਕਰਕੇ ਪੰਜਾਬ ਯੂਨੀਵਰਸਿਟੀ ਕਰਵਾਏਗੀ ਲਹਿੰਦੇ ਪੰਜਾਬ ਨਾਲ ਮੇਲ-ਮਿਲਾਪ
ਚੰਡੀਗੜ੍ਹ , 21 ਮਈ , 2018 :
ਸੰਨ 47 'ਚ ਲਹਿੰਦੇ ਪੰਜਾਬ ਵਿਚ ਰਹਿ ਚੁੱਕੀ ਬੋਲੀ ਸ਼ਾਹਮੁਖੀ ਨੂੰ ਮੁੜ ਤੋਂ ਸੁਰਜੀਤ ਕਰਨ ਦੀਆਂ ਤਿਆਰੀਆਂ ਪੰਜਾਬ ਯੂਨੀਵਰਸਿਟੀ, ਚੰਡੀਗੜ ਕਰ ਰਹੀ ਹੈ। ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਯੂਨੀਵਰਸਿਟੀ ਸ਼ਾਹਮੁਖੀ ਦੇ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਇਸਨੂੰ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ 6-ਮਹੀਨੇ ਦੇ ਸਰਟੀਫਿਕੇਟ ਕੋਰਸ ਵਜੋਂ ਪੇਸ਼ ਕੀਤਾ ਜਾਏਗਾ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਿਕ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਇਹ ਕੋਰਸ ਮੁਫ਼ਤ 'ਚ ਪੜ੍ਹਾਇਆ ਜਾਵੇਗਾ। ਪਰ ਅਗਲੇ ਬੈਂਚਾਂ ਲਈ 2000 ਰੁਪਏ ਫੀਸ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਮੰਗਲਵਾਰ ਨੂੰ ਉਪ-ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਅੱਗੇ ਸਿਲੇਬਸ ਦਾ ਖਰੜਾ ਪੇਸ਼ ਕੀਤਾ ਜਾਵੇਗਾ, ਜੋ ਖੁਦ ਨਿੱਜੀ ਤੌਰ 'ਤੇ ਇਸ ਪ੍ਰਾਜੈਕਟ ਵਿਚ ਦਿਲਚਸਪੀ ਲੈ ਰਹੇ ਹਨ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਪ੍ਰੋਫੈਸਰ ਯੋਗ ਰਾਜ ਅੰਗਰਿਸ਼ ਨੇ ਕਿਹਾ ਕਿ ''ਸਾਹਿਤ ਦੇ ਵਿਦਿਆਰਥੀ ਹੋਣ ਨਾਤੇ ਅਸੀਂ ਭਾਸ਼ਾ ਰਾਹੀਂ ਸੱਭਿਆਚਾਰਕ ਨਜ਼ਦੀਕੀਆਂ ਵੇਖ ਰਹੇ ਹਾਂ।''
ਪਾਕਿਸਤਾਨ ਵਿਚ ਲਗਭਗ 7 ਕਰੋੜ ਪੰਜਾਬੀ ਬੋਲਣ ਵਾਲੇ ਲੋਕਾਂ ਦੁਆਰਾ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਭਾਰਤ ਵਿਚ ਗੁਰਮੁਖੀ ਲਿਪੀ ਦੀ ਵਰਤੋਂ 3.5 ਕਰੋੜ ਪੰਜਾਬੀਆਂ ਦੁਆਰਾ ਕੀਤੀ ਜਾਂਦੀ ਹੈ। ਵਿਸ਼ੇਸ਼ ਤੌਰ 'ਤੇ, ਲਾਹੌਰ ਯੂਨੀਵਰਸਿਟੀ ਵਿਖੇ ਭਾਰਤੀ ਅਧਿਐਨਾਂ ਦੇ ਹਿੱਸੇ ਵਜੋਂ ਪਹਿਲਾਂ ਤੋਂ ਹੀ ਗੁਰਮੁਖੀ ਅਤੇ ਦੇਵਨਾਗਰੀ ਸਕ੍ਰਿਪਟਾਂ ਵਿੱਚ ਡਿਪਲੋਮਾ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।
--