ਔਕਲੈਂਡ ਵਿਖੇ ਮਨਾਏ ਗਏ 'ਦਸਤਾਰ ਦਿਵਸ' ਮੌਕੇ ਗੋਰੇ-ਗੋਰੀਆਂ ਬੰਨ੍ਹੀਆਂ ਪੱਗਾਂ ਨਾਲ ਅਤੇ ਇਸ ਮੌਕੇ ਜੁੜੇ ਸਿੱਖ ਨੌਜਵਾਨ ਅਤੇ ਹੋਰ।
ਔਕਲੈਂਡ 21 ਅਪ੍ਰੈਲ 2018 (ਹਰਜਿੰਦਰ ਸਿੰਘ ਬਸਿਆਲਾ): ਸਿੱਖਾਂ ਦੀ ਦਸਤਾਰ ਜਿੱਥੇ ਵੱਖਰੀ ਕੌਮ ਦਾ ਪ੍ਰਤੱਖ ਸਬੂਤ ਹੈ ਉਥੇ ਇਕ ਚੰਗੇ ਕਿਰਦਾਰ ਦਾ ਵੀ ਪ੍ਰਤੀਬਿੰਬ ਪ੍ਰਦਰਸ਼ਤ ਕਰਦੀ ਹੈ। ਬਹੁਕੌਮੀ ਮੁਲਕ ਨਿਊਜ਼ੀਲੈਂਡ ਦੇ ਵਿਚ ਆਪਣੀ ਸਿੱਖ ਪਹਿਚਾਣ ਦਾ ਪ੍ਰਸਾਰ ਕਰਨਾ ਨੌਜਵਾਨਾਂ ਲਈ ਸਭ ਤੋਂ ਜਿਆਦਾ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਸਕੂਲਾਂ ਯੂਨੀਵਰਸਿਟੀਆਂ ਦੇ ਵਿਚ ਕਈ ਤਰ੍ਹਾਂ ਦੇ ਨਕਾਰਾਤਮਕ ਟਿੱਪਣੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਸਿੱਖ ਯੂਥ ਨਿਊਜ਼ੀਲੈਂਡ ਅਤੇ ਖਾਲਸਾ ਫਾਊਂਡੇਸ਼ਨ ਵੱਲੋਂ 'ਦਸਤਾਰ ਦਿਵਸ' ਆਕਲੈਂਡ ਦੇ ਵਿਚ ਮਨਾਇਆ ਗਿਆ। ਅੱਜ ਪੱਗਾਂ ਬੰਨ੍ਹੀਆਂ ਗਈਆਂ ਜਿਨ੍ਹਾਂ ਨੇ ਸਿੱਖਾਂ ਦੀ ਪਹਿਚਾਣ ਦੀਆਂ ਪੰਡਾਂ ਖੋਲ੍ਹੀਆਂ। ਸਵੇਰੇ ਸਮੇਂ ਤੋਂ ਪਹਿਲਾਂ ਹੀ ਇਥੇ 'ਓਟੀਆ ਸੁਕੇਅਰ' ਵਿਖੇ ਰੌਣਕ ਲੱਗਣੀ ਸ਼ੁਰੂ ਹੋ ਗਈ ਅਤੇ ਪਹਿਲੇ ਹੀ ਘੰਟੇ ਦੇ ਯਾਨਿ ਕਿ 12 ਵਜੇ ਤੱਕ 120 ਲੋਕ ਪੱਗਾਂ ਬੰਨ੍ਹਵਾ ਗਏ ਸਨ। ਸ਼ਾਮ ਤੱਕ ਚੱਲੇ ਇਸ ਦਸਤਾਰ ਦਿਵਸ ਦੌਰਾਨ ਕੁੱਲ 523 ਪੱਗਾਂ ਵੱਖ-ਵੱਖ ਕੌਮਾਂ ਦੇ ਲੋਕਾਂ ਸਿਰ ਸਜਾ ਕੇ ਉਨ੍ਹਾਂ ਨੂੰ ਨਿਸ਼ਾਨੀ ਵੱਜੋਂ ਭੇਟ ਕਰ ਦਿੱਤੀਆਂ ਗਈਆਂ। 600 ਦੇ ਕਰੀਬ ਲੋਕ ਇਸ ਮੌਕੇ ਇਕੱਤਰ ਹੋਏ ਅਤੇ ਬਹੁਤ ਸਾਰੇ ਲੋਕ ਤੁਰਦੇ-ਫਿਰਦੇ ਇਹ ਸਾਰਾ ਦ੍ਰਿਸ਼ ਵੇਖ ਕੇ ਮੋਬਾਇਲਾਂ ਦੇ ਵਿਚ ਕੈਦ ਕਰ ਰਹੇ ਸਨ। 'ਦਸਤਾਰ ਦਿਵਸ' ਪ੍ਰਬੰਧਕਾਂ ਵੱਲੋਂ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ 'ਦਸਤਾਰ ਦਿਵਸ' ਯਾਦਗਾਰੀ ਹੋ ਨਿਬੜਿਆ।